ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੀ ਸਰਜ਼ਮੀਨ ‘ਤੇ ਦੂਜੀ ਵਾਰ ਪੰਜਾਬੀ ਮਾਂ ਬੋਲੀ ਦੇ ਸ਼ਾਹਕਾਰ ਗਾਇਕ ਗੁਰਦਾਸ ਮਾਨ ਦੀ ਲਾਈਵ ਪੇਸ਼ਕਾਰੀ ਨੇ ਜੋ ਸੰਜੀਦਾ ਪਲਾਂ ਨੂੰ ਯਾਦਾਂ ਦੀ ਤਖ਼ਤੀ ‘ਤੇ ਉੱਕਰਿਆ ਹੈ, ਨੂੰ ਰਹਿੰਦੇ ਸਮੇਂ ਤੱਕ ਵੀ ਮਿਟਾ ਪਾਉਣਾ ਸ਼ਾਇਦ ਮੁਸ਼ਕਿਲ ਹੈ। ਪ੍ਰੋਗਰਾਮ ਦਾ ਮੰਚ ਸੰਭਾਲਦੇ ਸਾਜ਼ੀਆਂ ਨੇ ਜਦੋਂ ਸਾਜ਼ਾਂ ਨੂੰ ਨਤਮਸਕ ਹੋਣ ਪਿੱਛੋਂ ਸੰਗੀਤ ਦੀ ਤਾਨ ਛੇੜੀ ਤਾਂ ਸਰੋਤਿਆਂ ਦੇ ਰੌਂਗਟੇ ਸਹਿਜੇ ਹੀ ਪੜ੍ਹੇ ਜਾ ਸਕਦੇ ਸਨ। ਲਾਲ ਰੰਗ ਦੀ ਪੁਸ਼ਾਕ ਪਹਿਨੇ, ਹੱਥ ‘ਚ ਡਫਲੀ ਫੜ੍ਹਕੇ ਗੁਰਦਾਸ ਮਾਨ ਜਿਉਂ ਹੀ ਸਟੇਜ ‘ਤੇ ਚੜ੍ਹਿਆ ਤਾਂ ਸੀਟੀਆਂ ਅਤੇ ਤਾੜੀਆਂ ਦੇ ਇਲਾਹੀ ਨਾਦ ‘ਚ ਗੂੰਜਿਆ ਪੰਡਾਲ ਅਸ਼-ਅਸ਼ ਕਰ ਉੱਠਿਆ। ਸਭ ਤੋਂ ਪਹਿਲਾਂ ਗੁਰਦਾਸ ਮਾਨ ਨੇ ਯੂਨੀਵਰਸਿਟੀ ਅਧਿਕਾਰੀਆਂ ਨੂੰ ਯੁਵਕ ਮੇਲੇ ਦੀ ਵਧਾਈ ਪੇਸ਼ ਕੀਤੀ ਅਤੇ ਫਿਰ ਦਰਸ਼ਕਾਂ ਤੋਂ ਇਜ਼ਾਜ਼ਤ ਮੰਗ ਕੇ ਰੱਖਿਓ ਲਾਜ ਗੁਰੂਦੇਵ ਨਾਲ ਇਸ਼ਟ ਧਿਆਇਆ। ਸਰੋਤਿਆਂ ਦਾ ਪਿਆਰ ਕਬੂਲਦੇ ਗੁਰਦਾਸ ਨੇ ਇਸ਼ਕ ਦੇ ਗਿੜਧੇ ਨਾਲ ਹਜ਼ਾਰਾਂ ਲੋਕਾਂ ਨਾਲ ਭਰੇ ਪੰਡਾਲ ਨੂੰ ਝੂਮਣ ਲਾ ਦਿੱਤਾ। ਇਸ ਉਪਰੰਤ ਇੱਕ ਤੋਂ ਇੱਕ ਹਿੱਟ ਗੀਤ ਜਿਵੇਂ : ਛੱਲਾ, ਭੱਠੀਆਂ ਵਿੱਚ ਦਾਣੇ, ਹਸੀਨਾ ਤੇ ਸ਼ਬਾਬ, ਲੁੱਟੀ ਗਈ ਵੇ ਮੈਂ, ਆਪਣਾ ਪੰਜਾਬ, ਮਣਕੇ, ਪਿੰਡ ਦੀਆਂ ਗਲੀਆ, ਕੁੜੀਏ, ਭੁੱਲ ਗਏ ਨੇ ਯਾਰ ਪੁਰਾਣੇ, ਇਸ਼ਕੇ ਦੀ ਮਾਰੀ, ਮਾਮਲਾ ਗੜਬੜ ਆਦਿ ਗਾ ਕੇ ਸਰੋਤਿਆਂ ਨੂੰ ਮੰਤਰਮੁਗਧ ਕੀਤਾ। ਲਗਾਤਾਰ ਢਾਈ ਘੰਟੇ ਤੱਕ ਗਾ ਕੇ ਇਸ ਫਨਕਾਰ ਨੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ।ਪ੍ਰੋਗਰਾਮ ਦੇ ਅਖੀਰ ਗੁਰਦਾਸ ਮਾਨ ਨੇ ਆਪਣੇ ਬਹੁ ਪ੍ਰਚਲਤ ਗੀਤ ‘ਦਿਨੋ ਦਿਨ ਘਟੀ ਜਾਣ ਮੁੱਛਾਂ ਦਾਹੜੀਆਂ, ਫੇਰ ਕਹਿੰਦੇ ਬਾਬਾ ਲੱਗੀਆਂ ਬੀਮਾਰੀਆਂ’ ਨਾਲ ਦਰਸ਼ਕਾਂ ਦਾ ਧੰਨਵਾਦ ਕੀਤਾ। ਸ਼ਾਮ ਦੇ ਸੱਤ ਵਜੇ ਜਿਹੜੇ ਸੂਰਜ ਦੀ ਲਾਲੀ ਨਾਲ ਪ੍ਰੋਗਰਾਮ ਮਘਿਆ ਸੀ ਅਖੀਰ ਉਹ ਰਾਤ ਨੌਂ ਵਜੇ ਵਾਰਿਸ ਸ਼ਾਹ ਦਿਆਂ ਬੈਂਤਾਂ ਵਿੱਚ ਵਿਲੀਨ ਹੋ ਗਿਆ। ਸਮਾਪਤੀ ਮੌਕੇ ਗੁਰਦਾਸ ਮਾਨ ਨੂੰ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਨਵਾਜਿਆ ਗਿਆ। ਇਸ ਮੌਕੇ ਸ੍ਰ. ਗੁਰਪ੍ਰੀਤ ਸਿੰਘ ਮਲੂਕਾ ਚੇਅਰਮੈਨ ਜਿਲ੍ਹਾ ਪ੍ਰੀਸ਼ਦ, ਸ਼੍ਰੀਮਤੀ ਪਰਮਜੀਤ ਕੌਰ ਗੁਲਸ਼ਨ ਸਾਬਕਾ ਮੈਂਬਰ ਪਾਰਲੀਮੈਂਟ, ਸ਼੍ਰੀਮਤੀ ਪਰਮਪਾਲ ਕੌਰ ਸਿੱਧੂ ਏ ਡੀ ਸੀ ਬਠਿੰਡਾ, ਅਜੀਤ ਇੰਦਰ ਸਿੰਘ ਮੋਫਰ, ਦਿਆਲ ਸੋਢੀ, ਕੇ ਪੀ ਐੱਸ ਮਾਹੀ ਏ ਡੀ ਸੀ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਮੈਨੇਜਮੈਂਟ ਸਮੇਤ ਆਸ-ਪਾਸ ਦੀਆਂ ਮੋਹਤਬਰ ਸਖਸ਼ੀਅਤਾਂ ਮੌਜੂਦ ਸਨ।ਯੂਨੀਵਰਸਿਟੀ ਦੇ ਲੋਕ ਸੰਪਰਕ ਅਧਿਕਾਰੀ ਪ੍ਰੋ. ਸੁੱਖਦਵਿੰਦਰ ਸਿੰਘ ਕੌੜਾ ਨੇ ਬਾਖੂਬੀ ਮੰਚ ਸੰਚਾਲਨ ਕੀਤਾ।
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਗੁਰਦਾਸ ਮਾਨ ਨਾਈਟ ਦੌਰਾਨ ਲਾਮਿਸਾਲ ਗਾਇਕ ਦੀ ਬੇਮਿਸਾਲ ਪੇਸ਼ਕਾਰੀ
This entry was posted in ਪੰਜਾਬ.