ਮਨੁੱਖੀ ਜਿੰਦਗੀ ਨੂੰ ਗੁਰੂ ਗੋਬਿੰਦ ਸਿੰਘ ਦਾ ਇਹ ਮੁੱਖਵਾਕ ਸਪੱਸ਼ਟ ਕਰ ਦਿੰਦਾਂ ਹੈ, ‘ਮੈ ਹੂੰ ਪਰਮ ਪੁਰਖ ਕਾ ਦਾਸਾ ਦੇਖਣ ਆਇਉ ਜਗਤ ਤਮਾਸਾ।’ ਦੁਨੀਆਂ ਦਾ ਹਰ ਮਨੁੱਖ ਜਗਤ ਜੋ ਮੇਲੇ ਵਰਗਾ ਹੈ ਇਸ ਵਿੱਚ ਇਸ ਸੰਸਾਰ ਦੇ ਮੇਲੇ ਨੂੰ ਦੇਖਦਾ ਮਾਣਦਾ ਹੀ ਤੁਰ ਜਾਂਦਾ ਹੈ। ਜਿੰਦਗੀ ਨਿਤ ਨਵੇਂ ਦਿਨ ਇਸ ਮੇਲੇ ਵਿੱਚ ਹੋ ਰਹੇ ਤਮਾਸ਼ਿਆ ਨੂੰ ਦੇਖਦੀ ਹੈ। ਇਸ ਤਰਾਂ ਦੇ ਬਹੁਰੰਗੇ ਸੰਸਾਰ ਵਿੱਚ ਰਾਜਨੀਤਕ ਲੋਕ ਵੀ ਆਪਣੀ ਸਭ ਤੋਂ ਵੱਡੀ ਆਖੀ ਜਾਣ ਵਾਲੀ ਦੁਕਾਨ ਸਜਾ ਲੈਦੇ ਹਨ। ਇਸ ਦੁਕਾਨ ਦੇ ਹਰ ਹਿੱਸੇ ਵਿੱਚ ਲੋਕਾਂ ਨੂੰ ਲੁੱਟਣ ਗੁੰਮਰਾਹ ਕਰਨ ਦਾ ਹਰ ਆਗੂ ਪੂਰਾ ਯਤਨ ਕਰਦਾ ਹੈ। ਜੋ ਆਗੂ ਲੋਕਾਂ ਨੂੰ ਧੋਖਾ ਦੇਣ ਵਿੱਚ ਸਫਲ ਹੋ ਜਾਂਦਾ ਹੈ ਅਤੇ ਜਿੰਨਾਂ ਲੰਬਾ ਸਮਾਂ ਆਪਣਾ ਇਹ ਕਾਰਨਾਮਾ ਕਰਦਾ ਰਹਿੰਦਾ ਹੈ ਉਹ ਉਨਾਂ ਵੱਡਾ ਕਲਾਕਾਰ ਸਿੱਧ ਹੁੰਦਾ ਹੈ। ਅੱਜ ਤੋਂ ਹਜਾਰਾਂ ਸਾਲ ਪਹਿਲਾਂ ਦਾ ਇਤਿਹਾਸ ਚੁੱਕਕੇ ਦੇਖ ਲਵੋ ਸਦਾ ਤੋਂ ਹੀ ਰਾਜਸੱਤਾ ਜਾਲਮ ਰਹੀ ਹੈ ਅਤੇ ਆਮ ਲੋਕਾਂ ਦੇ ਸੋਸ਼ਣ ਤੇ ਹੀ ਇਸਦੀ ਜਿੰਦਗੀ ਤੁਰਦੀ ਹੈ। ਜਿਹੜੇ ਕਲਾਕਾਰਾਂ ਨੇ ਆਮ ਲੋਕਾਂ ਨੂੰ ਉਹਨਾਂ ਦੀ ਲੁੱਟ ਨਜ਼ਰ ਨਹੀਂ ਆਉਣ ਦਿੱਤੀ ਉਹ ਲੰਬਾ ਸਮਾਂ ਲੋਕਾਂ ਦੇ ਬਾਦਸ਼ਾਹ ਬਣੇ ਰਹੇ ਅਤੇ ਉਹਨਾਂ ਦਾ ਪਿਆਰ ਪਰਾਪਤ ਕਰਕੇ ਉਹਨਾਂ ਦੀ ਜਾਨ ਦੀ ਕੀਮਤ ਤੇ ਆਪਣੀ ਰਾਜਸੱਤਾ ਦੀ ਉਮਰ ਲੰਬੀ ਕਰਦੇ ਰਹੇ। ਅੱਜ ਤੱਕ ਵੀ ਉਹਨਾਂ ਦੀ ਸਫਲ ਕਲਾਕਾਰੀ ਕਾਰਨ ਉਹਨਾਂ ਦੀ ਅੱਜ ਵੀ ਪੂਜਾ ਤੱਕ ਕੀਤੀ ਜਾਂਦੀ ਹੈ। ਇਸ ਤਰਾਂ ਦੇ ਸਨਮਾਨ ਪਰਾਪਤ ਰਾਜਿਆਂ ਆਗੂਆਂ ਦੀ ਜਿੰਦਗੀ ਵਿੱਚ ਵੀ ਅਨੇਕਾਂ ਜੰਗਾਂ ਅਤੇ ਯੁੱਧ ਵਾਪਰੇ , ਖੂਨ ਦੀ ਨਦੀਆਂ ਵਗੀਆਂ ਅਣਗਿਣਤ ਲੋਕ ਮੌਤ ਦੀ ਨੀਂਦ ਜਾ ਸੁੱਤੇ ਜਿਵੇਂ ਸਮਰਾਟ ਅਸ਼ੋਕ, ਮਹਾਰਾਜਾ ਰਣਜੀਤ ਸਿੰਘ , ਪਾਡਵਾਂ ਦਾ ਧਰਮ ਯੁੱਧ ਕੁਰੂਕਸ਼ੇਤਰ ਵਿੱਚ, ਲੈਨਿਨ ਦੀ ਕਰਾਂਤੀ, ਗੁਰੂਆਂ ਪੀਰਾਂ ਦੇ ਸਮੇਂ ਵੀ । ਅਸਲ ਵਿੱਚ ਜਿਹੜੇ ਆਗੂਆਂ ਜਾਂ ਰਾਜਿਆਂ ਦੀ ਨੀਅਤ ਲੋਕ ਭਲਾਈ ਅਤੇ ਲੋਕ ਪੱਖੀ ਸਿਧਾਂਤ ਅਧਾਰਤ ਸੀ ਉਹਨਾਂ ਦੇ ਹਰ ਕੰਮ ਨੂੰ ਧਰਮ ਅਧਾਰਤ ਮੰਨ ਕੇ ਆਮ ਲੋਕਾਂ ਨੇ ਉਹਨਾਂ ਦੇ ਗੁਨਾਹ ਵੀ ਪਵਿੱਤਰ ਮੰਨ ਲਏ ਹਨ। ਦੂਸਰੇ ਪਾਸੇ ਨਿੱਜ ਸਵਾਰਥ ਅਤੇ ਸਵੈ ਹਾਉਮੈਂ ਨੂੰ ਮੁੱਖ ਰੱਖਕੇ ਖੂਨ ਦੀਆਂ ਹੋਲੀਆਂ ਖੇਡਣ ਵਾਲੇ ਆਮ ਲੋਕਾਂ ਵੱਲੋਂ ਤਿ੍ਰਸਕਾਰੇ ਗਏ ਹਨ ਜਿਹਨਾਂ ਵਿੱਚ, ਨੀਰੋ ਦੀ ਬੰਸਰੀ, ਔਰੰਗਜੇਬ ਦੀ ਧਰਮ ਜੰਗ, ਕੌਰਵਾਂ ਦੀ ਹਾਉਮੈਂ, ਗੋਰੇ ਅੰਗਰੇਜਾਂ ਦੀ ਸਵਾਰਥੀ ਸੋਚ ਤੇ ਵਰਤਮਾਨ ਕਾਲੇ ਅੰਗਰੇਜਾਂ ਦੀ ਲੁੱਟ ਕਰਨ ਵਾਲੇ ਵਰਗ ਵਰਗੇ ਦੇ ਅਨੇਕਾਂ ਆਗੂਆਂ ਨੂੰ ਇਤਿਹਾਸ ਵਿੱਚ ਨਫਰਤ ਦੀ ਮਾਰ ਝੱਲਣੀ ਪੈਂਦੀ ਹੈ।
ਇਸ ਲੜੀ ਵਿਚੋਂ ਹੀ ਪੰਜਾਬ ਦੇ ਰਾਜਨੀਤਕਾਂ ਅਤੇ ਹਰ ਖੇਤਰ ਦੇ ਆਗੂਆਂ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। 1947 ਤੋਂ ਬਾਅਦ ਅਨੇਕਾਂ ਸਾਲ ਅੰਗਰੇਜਾਂ ਨੂੰ ਭਾਰਤ ਅਤੇ ਪੰਜਾਬ ਦੇ ਵਿੱਚੋਂ ਕੱਢਣ ਦੇ ਨਾਂ ਥੱਲੇ ਕਾਂਗਰਸ ਦੇ ਆਗੂ ਪੰਜਾਬ ਤੇ ਰਾਜ ਕਰਦੇ ਰਹੇ ਜਦ ਲੋਕ ਪਾਸਾ ਵੱਟਣ ਲੱਗੇ ਤਦ ਗਰੀਬੀ ਹਟਾਉ ਦਾ ਡਰਾਮਾ ਕਰਕੇ ਉਮਰ ਲੰਬੀ ਕੀਤੀ ਗਈ। ਪੰਜਾਬ ਦੇ ਕੁੱਝ ਆਗੂ 1947 ਵਿੱਚ ਅੱਠ ਲੱਖ ਪੰਜਾਬੀ ਲੋਕ ਮਰਵਾ ਕੇ ਅਤੇ ਪੰਜਾਬ ਦੇ ਟੋਟੇ ਕਰਵਾ ਕੇ ਵੀ ਗੱਦੀ ਤੋਂ ਵਾਂਝੇ ਰਹੇ । ਇਸ ਤਰਾਂ ਦੀ ਹੀ ਗੋਲਮੋਲ ਜੰਗ ਵਿੱਚੋਂ ਪੰਜਾਬ ਦੀ ਬਾਦਸ਼ਾਹੀ ਪਰਾਪਤ ਕਰਨ ਲਈ ਵੱਖਰੀ ਸਟੇਟ ਬਨਾਉਣ ਦੇ ਨਾਂ ਥੱਲੇ ਪੰਜਾਬ ਨੂੰ ਟੋਟੇ ਟੋਟੇ ਕਰਵਾਉਣ ਵਾਲੇ ਅਕਾਲੀ ਪੰਜਾਬ ਦੇ ਬਾਦਸ਼ਾਹ ਬਣ ਬੈਠੇ। ਇਸ ਕਲਾਕਾਰੀ ਨੂੰ ਠੱਲ ਪਾਉਣ ਲਈ ਅਨੇਕਾਂ ਡਰਾਮੇ ਹੁੰਦਿਆਂ ਕਦੀ ਕਾਂਗਰਸੀ ਕਦੀ ਅਕਾਲੀ ਬਾਦਸ਼ਾਹ ਬਣਦੇ ਰਹੇ। ਕਾਂਗਰਸੀਆਂ ਨੇ ਆਪਣੀ ਉਮਰ ਵਧਾਉਣ ਲਈ ਖਾਲਿਸਤਾਨ ਬਨਾਉਣ ਦੀ ਖੇਡ ਖੇਡੀ ਜਿਸ ਵਿੱਚ ਅਕਾਲੀ ਦਲ ਦੇ ਆਗੂ ਇਸ ਨਾਅਰੇ ਵਿੱਚ ਫਸ ਗਏ ਅਤੇ ਇਸ ਦੇ ਅਲੰਬਰਦਾਰ ਬਣਕੇ ਆਪਣੇ ਮੱਥੇ ਤੇ ਕਾਲਖ ਦੇ ਟਿੱਕੇ ਲਵਾਉਂਦੇ ਰਹੇ ਅਤੇ ਇਸ ਖੇਡ ਵਿੱਚ ਦੋ ਲੱਖ ਦੇ ਕਰੀਬ ਪੰਜਾਬੀ ਸ਼ਹੀਦ ਹੋ ਗਏ ਪਰ ਕਲਾਕਾਰਾਂ ਦੀ ਕਲਾਕਾਰੀ ਦੇਖੋ ਏਨੇ ਕਤਲਾਂ ਦਾ ਜੁੰਮੇਵਾਰ ਕੌਣ ਹੈ ਅੱਜ ਤੱਕ ਨਿਰਣਾਂ ਨਹੀਂ ਹੋ ਸਕਿਆ। ਵਰਤਮਾਨ ਸਮੇਂ ਤੱਕ ਕਦੀ ਕਾਂਗਰਸ ਕਦੀ ਅਕਾਲੀ ਰਾਜ ਸੱਤਾ ਦਾ ਸੁੱਖ ਮਾਣਦੇ ਆ ਰਹੇ ਹਨ ਪਰ ਇਸ ਖੇਡ ਵਿੱਚ ਆਪਣੀ ਉਮਰ ਲੰਬੀ ਕਰਨ ਵਾਲੇ ਰਾਜਨੀਤਕਾਂ ਨੇ ਅਣਖੀ ਪੰਜਾਬੀਆਂ ਨੂੰ ਕਰਜੇ ਦੇ ਜਾਲ ਵਿੱਚ ਫਸਾ ਕੇ ਰੱਖ ਦਿੱਤਾ ਹੈ। ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਦੇ ਨਾਂ ਥੱਲੇ ਪੰਜਾਬ ਲੱਖਾਂ ਕਰੋੜਾਂ ਦਾ ਕਰਜਾਈ ਹੋ ਗਿਆਂ ਹੈ। ਅਜਾਦ ਰਹਿਣੀ ਦੇ ਮਾਲਕ ਲੋਕ ਇਸ ਖੇਡ ਨੇ ਬੇਅਣਖੇ ਅਤੇ ਨਸਈ ਤੱਕ ਬਨਾਉਣ ਦੀ ਮਾਰ ਝਲ ਰਹੇ ਹਨ। ਗੁਰੂਆਂ ਪੀਰਾਂ ਫਕੀਰਾਂ ਤੋਂ ਸੇਧ ਲੈਣ ਵਾਲੇ ਪੰਜਾਬੀ ਨਵੇਂ ਜਾਦੂਗਰਾਂ ਦੀ ਖੇਡ ਨੂੰ ਸਮਝਣ ਤੋਂ ਅਸਮਰਥ ਰਹਿੰਦਿਆਂ ਜਿੰਦਗੀ ਦਾ ਅਨੰਦ ਮਾਣਦੇ ਹੋਏ ਗੁਲਾਮੀ ਦੇ ਜੰਗਲ ਵਿੱਚ ਕੈਦ ਹੋ ਗਏ ਹਨ। 70000 ਕਰੋੜ ਦੀ ਪੈਦਾਵਾਰ ਕਰਨ ਵਾਲੇ ਦੋ ਕਰੋੜ ਪੰਜਾਬੀ 35000 ਕਰੋੜ ਸਰਕਾਰਾਂ ਦੇ ਖਜਾਨੇ ਵਿੱਚ ਕਿਵੇਂ ਦੇ ਦਿੰਦੇ ਹਨ ਕਿਸੇ ਨੂੰ ਸਮਝ ਹੀ ਨਹੀਂ ਆ ਰਿਹਾ। ਗੁਰੂ ਕਾਲ ਵਾਂਗ ਭੁੱਖੇ ਜਾਂ ਕਰਜੇ ਦੇ ਨਾਲ ਰੋਟੀਆਂ ਖਾ ਰਹੇ ਐਸ਼ ਕਰਦੇ ਦਿਖਾਈ ਦਿੰਦੇ ਪੰਜਾਬੀਆਂ ਦਾ ਭਵਿੱਖ ਵਿਦੇਸਾਂ ਵਿੱਚ ਜਾਕੇ ਗੁਲਾਮੀ ਕਰਨ ਤੇ ਹੀ ਬਚ ਸਕਦਾ ਹੈ ਜਾਂ ਫਿਰ ਖੁਦਕੁਸ਼ੀ ਵਰਗੀ ਲਾਹਨਤ ਦਾ ਜਹਿਰ ਪੀਂਦਾ ਦਿਖਾਈ ਦੇ ਰਿਹਾ ਹੈ।
ਇਸ ਤਰਾਂ ਦੇ ਹਾਲਤਾਂ ਵਿੱਚ ਭਾਰਤੀ ਸਿਸਟਮ ਦੇ ਉੱਚ ਪਰਬੰਧਕੀ ਸਿਸਟਮ ਦੀ ਪੈਦਾਵਾਰ ਆਈ ਏ ਐਸ ਜਿਹਨਾਂ ਪੰਜਾਬ ਤਾਂ ਛੱਡੋ ਭਾਰਤ ਬਰਬਾਦ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ ਵਿੱਚੋਂ ਨਿਕਲੇ ਕੁੱਝ ਲੋਕ ਇਸ ਖੇਡ ਵਿੱਚ ਆ ਸਾਮਲ ਹੋਏ ਹਨ। ਇਸ ਵਰਗ ਨੇ ਜਾਦੂਗਰ ਰਾਜਨੀਤਕਾਂ ਨੂੰ ਨੇੜਿਉਂ ਦੇਖਿਆ ਹੋਇਆ ਹੈ ਅਤੇ ਇਹਨਾਂ ਦੀਆਂ ਸਲਾਹਾਂ ਨਾਲ ਹੀ ਇਹ ਹੁਣ ਤੱਕ ਸਫਲ ਹੁੰਦੇ ਰਹੇ ਹਨ । ਇਹਨਾਂ ਵਿੱਚ ਕੁੱਝ ਦਿੱਲੀ ਦੇ ਕੁੱਝ ਹਰਿਆਣੇ ਦੇ ਅਤੇ ਕੁੱਝ ਉਹਨਾਂ ਦੇ ਨਾਲ ਯੂਪੀ ਦੇ ਗੁੰਡਾਂ ਅਤੇ ਦੱਲੇ ਟਾਈਪ ਅਤੇ ਕੁੱਝ ਹੋਰ ਪਰਦੇਸ਼ਾਂ ਦੇ ਬੰਧੂਆ ਮਜਦੂਰ ਆਪਣੇ ਦਲਬਲ ਨਾਲ ਨਵੇਂ ਡਰਾਮੇ ਦਿਖਾ ਰਹੇ ਹਨ। ਇਹ ਉਹ ਲੋਕ ਹਨ ਜਿੰਹਨਾਂ ਨੂੰ ਇਹਨਾਂ ਦੇ ਆਪਣੀਆਂ ਸਟੇਟਾਂ ਦੇ ਲੋਕਾਂ ਨੇ ਨਕਾਰਿਆ ਹੋਇਆਂ ਹੈ ਪਰ ਇਹ ਲੋਕ ਜਨਮ ਜਾਤ ਆਪਣੀ ਪੰਜਾਬ ਪਰਤੀ ਨਫਰਤ ਨੂੰ ਲੁਕੋਕੇ ਪੰਜਾਬ ਵਿੱਚੋਂ ਤੇਜਾ ਸਿੰਘ ਅਤੇ ਲਾਲ ਸਿੰਘ ਵਰਗੇ ਗਦਾਰ ਭਾਲਦੇ ਫਿਰ ਰਹੇ ਹਨ। ਇਸ ਤਰਾਂ ਦੇ ਲੋਕਾਂ ਦੇ 32 ਸਾਲਾ ਗੁਲਾਮ ਦੇ ਪੈਰਾਂ ਵਿੱਚ ਜਦ ਅਣਖੀ ਪੰਜਾਬ ਦੇ ਸੱਤਰ ਸਾਲੇ ਲੋਕ ਬੈਠੇ ਦੇਖਦੇ ਹਾਂ ਤਦ ਉਹਨਾਂ ਦੇ ਪੰਜਾਬੀ ਹੋਣ ਤੇ ਵੀ ਸੱਕ ਹੋਣ ਲੱਗਦਾ ਹੈ। ਸਵਾ ਲੱਖ ਨਾਲ ਟੱਕਰ ਲੈ ਲੈਣ ਵਾਲੇ ਪੰਜਾਬੀ ਇੱਕ ਬਿਗਾਨੇ 32 ਸਾਲਾ ਜੁਆਕ ਦੇ ਪੈਰਾਂ ਵਿੱਚ ਹੀ ਸਵਾ ਲੱਖ ਬੈਠ ਗਏ ਹਨ ਕੀ ਹੋ ਗਿਆ ਪੰਜਾਬ ਨੂੰ ਪਰ ਮੇਰੇ ਗੁਰੂ ਦੇ ਬੋਲ ਅੱਜ ਵੀ ਸੱਚ ਕਹਿ ਰਹੇ ਹਨ;
ਜਬ ਇਹ ਗਇਉਂ ਬਿਪਰਨ ਕੀ ਰੀਤ ਮੈਂ ਨਾਂ ਕਰੂੰ ਇਨ ਕੀ ਪਰਤੀਤ।
ਇਹਨਾਂ ਲੋਕਾਂ ਨੇ ਉਹਨਾਂ ਲਾਲਚੀ ਲੋਕਾਂ ਨੂੰ ਪੰਜਾਬ ਦੀਆਂ ਰਾਜਗੱਦੀਆਂ ਦੇ ਸੁਪਨੇ ਦਿਖਾਏ ਹਨ ਪਰ ਕਦੀ ਗੁਲਾਮ ਵੀ ਕਦੀ ਗੱਦੀ ਤੇ ਬਿਠਾਏ ਜਾਂਦੇ ਹਨ ਇਤਿਹਾਸ ਵਿੱਚ ਕਿਧਰੇ ਵੀ ਦਿਖਾਈ ਨਹੀਂ ਦਿੰਦਾਂ। ਇਹ ਗੁਲਾਮ ਜੋ ਆਪਣੇ ਤੌਰ ਤੇ ਪੰਜਾਬ ਦੀ ਅਗਵਾਈ ਕਰਨ ਤੋਂ ਅਸਮਰਥ ਹਨ ਬਿਗਾਨੀ ਸਹਿ ਤੇ ਆਪਣੀਆਂ ਮੁੱਛਾਂ ਮੁਨਾਈ ਫਿਰਦੇ ਹਨ। ਕਈਆਂ ਨੇ ਪੰਜਾਬੀ ਰਵਾਇਤ ਤੋਂ ਉਲਟ ਟੋਪੀਆਂ ਪਹਿਨ ਲਈਆਂ ਹਨ ਗੁਰੂ ਫੁਰਮਾਣ ਦੇ ਉਲਟ ਵੀ ਸਿਰ ਟੋਪੀ ਧਰਨ ਵਾਲੇ ਸੱਤ ਜਨਮਾਂ ਦੇ ਕੋਹੜੀ ਹੋਣ ਦਾ ਫੁਰਮਾਨ ਵੀ ਨਹੀਂ ਸਮਝ ਰਹੇ। ਕਈਆਂ ਨੂੰ ਹੁਣ ਪੱਗ ਛੋਟੀ ਅਤੇ ਚਿੱਟੀ ਪੱਟੀ ਵੱਡੀ ਕਰਨ ਦਾ ਸ਼ੌਂਕ ਵੀ ਚੜ ਚੁੱਕਿਆ ਹੈ। 2017 ਵਿੱਚ ਪੰਜਾਬ ਦਾ ਭਵਿੱਖ ਵਰਤਮਾਨ ਆਗੂਆਂ ਕੋਲ ਰਹੇਗਾ ਜਾਂ ਪੁਰਾਣੀ ਧਿਰ ਕੋਲ ਚਲਾ ਜਾਵੇਗਾ ਜਾਂ ਨਵੇਂ ਬਾਹਰੀ ਕਲਾਕਾਰ ਇਹ ਮੇਲਾ ਲੁੱਟ ਲੈਣਗੇ ਹਾਲੇ ਕੁੱਝ ਨਹੀਂ ਕਿਹਾ ਜਾ ਸਕਦਾ। ਇਹੋ ਜਿਹੇ ਹਾਲਤਾਂ ਵਿੱਚ ਕੋਈ ਨਵਾਂ ਧਰਮ ਦਾ ਵੀਰ ਵੀ ਲਲਕਾਰਾ ਮਾਰ ਸਕਦਾ ਹੈ ਬਾਰੇ ਵੀ ਉਡੀਕ ਕੀਤੀ ਜਾ ਸਕਦੀ ਹੈ। ਇਸ ਵਾਰ ਵੀ ਪੰਜਾਬ ਦੇ ਵਿੱਚ 2017 ਦੇ ਮੇਲੇ ਵਿੱਚ ਰਾਜਨੀਤੀ ਵਾਲੇ ਪਾਸੇ ਰੰਗ ਬਿਰੰਗੇ ਤੰਬੂ ਲੱਗਣਗੇ ਅਤੇ ਉਹਨਾਂ ਵਿੱਚੋਂ ਨਿਕਲਣ ਵਾਲੇ ਅਤੇ ਜਿੱਤਣ ਵਾਲੇ ਕਲਾਕਾਰ ਪੰਜ ਸਾਲ ਡਰਾਮੇਬਾਜੀ ਦਾ ਨੰਗਾ ਨਾਚ ਕਰਨ ਲਈ ਚੁਣੇ ਜਾਣੇ ਹਨ। ਜਦ ਨੰਗੇ ਨਾਚ ਹੁੰਦੇ ਹਨ ਉਸ ਦੇ ਵਿੱਚ ਲੁਕਿਆ ਹੋਇਆ ਕੁੱਝ ਵੀ ਨਹੀਂ ਰਹਿੰਦਾ ਅਤੇ ਸਮਾਂ ਇਸ ਨੂੰ ਸਹੀ ਸਿੱਧ ਕਰ ਹੀ ਦੇਵੇਗਾ। ਆਉ ਦੁਆ ਕਰੀਏ ਪੰਜਾਬ ਆਉਣ ਵਾਲੇ ਪੰਜ ਸਾਲ ਕਿਸੇ ਪੰਜਾਬ ਪ੍ਰਤੀ ਦਿਲ ਦੀ ਗਹਿਰਾਈਆਂ ਵਿੱਚੋਂ ਇਸਦੀ ਮਿੱਟੀ ਇਸ ਦੀ ਵਿਰਾਸਤ ਦਾ ਮਾਣ ਕਰਨ ਵਾਲਾ, ਇਸਦੇ ਗੁਰੂਆਂ ਪੀਰਾਂ ਦੀ ਸੋਚ ਦੇ ਸਭਿਆਚਾਰ ਵਾਲਾ ਲੋਕ ਪੱਖੀ ਆਗੂ ਆਪਣੇ ਦਲ ਬਲ ਨਾਲ ਇਸ ਮੇਲੇ ਵਿੱਚ ਸ਼ਾਮਿਲ ਹੋਵੇ ਜੋ ਪੰਜਾਬੀਆਂ ਦੇ ਦੁੱਖਾਂ ਵਿੱਚ ਰੋ ਸਕਦਾ ਹੋਵੇ ਅਤੇ ਖੁਸ਼ੀਆਂ ਵਿੱਚ ਮੁਸਕਰਾ ਸਕਦਾ ਹੋਵੇ। ਅੰਤਿਮ ਫੈਸਲਾ ਪੰਜਾਬੀਆਂ ਦੇ ਹੀ ਹੱਥ ਹੋਵੇਗਾ ਕਿਉਂਕਿ ਗੁਰੂ ਫੁਰਮਾਨ ਦਾ ਦੋਸ ਨਾਂ ਦੇਊ ਕਰਤੈ ਦੋਸ਼ ਕਰੱਮਾਂ ਆਪਣਿਆ।