ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਸਾਹਿਰ ਲੁਧਿਆਣਵੀ ਦਾ 96ਵਾਂ ਜਨਮ ਦਿਨ ਨਾਰੀ ਦਿਵਸ ਦੇ ਸੰਦਰਭ ਵਿਚ ਮਨਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵਲੈਪਮੈਂਟ ਦੇ ਪ੍ਰਧਾਨ ਡਾ. ਅਰੁਨ ਮਿਤਰਾ, ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਅਨੂਪ ਸਿੰਘ, ਡਾ. ਅਮਰਜੀਤ ਸਿੰਘ ਹੇਅਰ, ਪ੍ਰੋ: ਗੁਰਭਜਨ ਗਿੱਲ, ਮੈਡਮ ਨੀਲਮ ਖੋਸਲਾ, ਵਿਚਾਰ ਮੰਚ ਦੇ ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਅਤੇ ਸਮਾਗਮ ਦੇ ਕਨਵੀਨਰ ਡਾ. ਗੁਲਜ਼ਾਰ ਪੰਧੇਰ ਸ਼ਾਮਿਲ ਸਨ।
ਡਾ.ਅਨੂਪ ਸਿੰਘ ਨੇ ਜੀ ਆਇਆਂ ਕਿਹਾ ਕਿ ਸਾਹਿਰ ਨੂੰ ਯਾਦ ਕਰਨਾ ਜਿੱਥੇ ਅਜੋਕੇ ਸੰਦਰਭ ਵਿਚ ਅਤਿਅੰਤ ਮਹੱਤਵਪੂਰਨ ਹੈ, ਉੱਥੇ ਲੁਧਿਆਣੇ ਉਸ ਦੀ ਜੰਮਣ ਭੋਂਇ ਤੇ ਯਾਦ ਕਰਨਾ ਹੋਰ ਵੀ ਵਧੇਰੇ ਪ੍ਰਸੰਗਕ ਹੈ।ਡਾ. ਅਮਰਜੀਤ ਸਿੰਘ ਹੇਅਰ ਹੁਰਾਂ ਨੇ ਸਾਹਿਰ ਦੇ ਜੀਵਨ ਤੇ ਰਚਨਾ ਨੂੰ ਔਰਤ ਜਾਤੀ ਦੇ ਹੱਕਾਂ-ਹਕੂਕਾਂ ਦੀ ਗੱਲ ਕਰਦਿਆਂ ਵਿਸਥਾਰ ਸਹਿਤ ਭਾਸ਼ਨ ਦਿੱਤਾ। ਉਨ੍ਹਾਂ ਸ਼ਾਇਰੀ ਦੇ ਹਵਾਲੇ ਦਿੰਦਿਆਂ ਸਾਹਿਰ ਦੀ ਉਮਦਾ ਸ਼ਾਇਰੀ ਅਜੋਕੇ ਸਮੇਂ ਵਿਚ ਭੂਮਿਕਾ ਦਾ ਵਿਸ਼ਲੇਸ਼ਨ ਕੀਤਾ। ਨੀਲਮ ਖੋਸਲਾ ਨੇ ਸੰਗੀਤਮਈ ਅੰਦਾਜ਼ ਵਿਚ ਸਾਹਿਰ ਦੀ ਸ਼ਾਇਰੀ ਨੂੰ ਗਾਇਆ ਅਤੇ ਰੰਗ ਬੰਨਿਆ। ਡਾ. ਅਰੁਨ ਮਿਤਰਾ ਨੇ ਸਾਹਿਰ ਨੂੰ ਉਹਦੇ ਵਿਚਾਰਾਂ ਕਰਕੇ ਕਾਲਜ ਤੋਂ ਕੱਢੇ ਜਾਣ ਦੀ ਤੁਲਨਾ ਦਿੱਲੀ ਯੂਨੀਵਰਸਿਟੀ ਵਿਚ ਕਨ੍ਹੱਈਆ ਕੁਮਾਰ ‘ਤੇ ਲੱਗੇ ਦੇਸ਼ ਧਰੋਹੀ ਦੇ ਦੋਸ਼ਾ ਨਾਲ ਕੀਤੀ। ਉਨ੍ਹਾਂ ਆਖਿਆ ਕਿ ਸਿਰਜਣਾਤਮਕ ਪਹੁੰਚ ਹਮੇਸ਼ਾ ਸਮਾਜ ਦੀ ਖੜੋਤ ਨੂੰ ਤੋੜਦੀ ਹੈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰੋ: ਗੁਰਭਜਨ ਗਿੱਲ ਨੇ ਸਾਹਿਰ ਦਾ ਜੀਵਨ ਅਤੇ ਸ਼ਾਇਰੀ ਨੂੰ ਸਹੀ ਪ੍ਰਪੇਖ ਵਿਚ ਦੇਖਣ, ਵਾਚਣ ਦੀ ਲੋੜ ਤੇ ਜ਼ੋਰ ਦਿੰਦਿਆਂ ਸਾਹਿਰ ਨੂੰ ਮਾਨਵਾਦੀ ਸ਼ਾਇਰ ਗਰਦਾਨਿਆ।ਇਸ ਮੌਕੇ ਮੰਚ ਸੰਚਾਲਨ ਕਰਦਿਆਂ ਡਾ ਗੁਲਜ਼ਾਰ ਸਿੰਘ ਪੰਧੇਰ ਨੇ ਮਤਾ ਪੇਸ਼ ਕੀਤਾ ਕਿ ਪੰਜਾਬੀ ਭਵਨ ਲੁਧਿਆਣਾ ਵਿਚ ਅੱਜ ਦੀ ਇਕੱਤਰਤਾ ਮੰਗ ਕਰਦੀ ਹੈ ਕਿ ਅਸ਼ਲੀਲ ਸੱਭਿਆਚਾਰ ਪਸਾਰ ਦੇ ਗੀਤ ਅਤੇ ਨਸ਼ਾਖੋਰੀ ਦੀ ਮਹਿਮਾਂ ਵਾਲੇ ਗੀਤਾਂ ਤੇ ਨਜ਼ਰਸਾਨੀ ਕਰਕੇ ਅਦਬੀ ਸੰਸਥਾਵਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਸਹੀ ਮਾਰਗ ‘ਤੇ ਤੋਰਨ ਲਈ ਸੱਭਿਆਚਰਕ ਨੀਤੀ ਬਣਾਈ ਜਾਵੇ।ਵਿਸ਼ਵ ਔਰਤ ਦਿਵਸ ਅਤੇ ਸਾਹਿਰ ਲੁਧਿਆਣਵੀ ਦੇ ਜਨਮ ਦਿਨ ‘ਤੇ ਸਮੁੱਚੀ ਸਭਾ ਨੇ ਮਹਿਸੂਸ ਕੀਤਾ ਕਿ ਸਰਕਾਰ ਵੱਲੋਂ ਲਗਾਤਾਰ ਕੀਤੀ ਜਾ ਰਹੀ ਅਣਦੇਖੀ ਦਾ ਹੀ ਅਸਰ ਹੈ ਕਿ ਥਾਂ ਥਾਂ ‘ਤੇ ਅਸੱਭਿਅਕ ਤਰੀਕੇ ਨਾਲ ਕਤਲੋਗਾਰਦ ਹੋ ਰਹੀ ਹੈ ਜਿਸਨੂੰ ਨੱਥ ਪਾਉਣ ਦੀ ਅਤਿਅੰਤ ਲੋੜ ਹੈ।ਧੰਨਵਾਦ ਕਰਦਿਆਂ ਦਲਵੀਰ ਸਿੰਘ ਲੁਧਿਆਣਵੀ ਨੇ ਕਿਹਾ ਕਿ ਸਾਹਿਰ ਲੁਧਿਆਣਵੀ ਨੇ ਮਾਂ ਨੂੰ ਸਭ ਤੋਂ ੳੁੱਤਮ ਕਿਹਾ ਹੈ, ਇਹ ਗੱਲ ਔਰਤ ਦਿਵਸ ਦੇ ਸੰਦਰਭ ਵਿਚ ਸਭ ਤੋਂ ਵਧੇਰੇ ਗਹਿਰੇ ਤਰੀਕੇ ਨਾਲ ਮਹਿਸੂਸ ਕਰਨ ਵਾਲੀ ਹੈ।
ਕਵੀ ਦਰਬਾਰ ਵਿਚ ਅਮਰੀਕਾ ਤੋਂ ਆਏ ਪ੍ਰੋ: ਮਹਿੰਦਰਦੀਪ ਗਰੇਵਾਲ, ਗੁਰਦੇਵ ਸਿੰਘ ਘਣਗਸ ਨੇ ਆਪਣਾ ਕਲਾਮ ਪੇਸ਼ ਕੀਤਾ।ਦੀਪ ਜਗਦੀਪ ਅਤੇ ਜਸਪ੍ਰੀਤ ਫ਼ਲਕ ਨੇ ਸਾਹਿਰ ਦੀ ਸ਼ਾਇਰੀ ਨਾਲ ਸ੍ਰੋਤਿਆਂ ਦੀ ਸਾਂਝ ਪੁਵਾਈ। ਹੋਰਨਾਂ ਤੋਂ ਇਲਾਵਾ ਤਰਸੇਮ ਨੂਰ, ਜਨਮੇਜਾ ਸਿੰਘ ਜੌਹਲ, ਕੁਲਵਿੰਦਰ ਕਿਰਨ, ਭਗਵਾਨ ਢਿੱਲੋਂ, ਤਰਲੋਚਨ ਝਾਂਡੇ, ਦਲੀਪ ਅਵਧ, ਇੰਜ: ਸੁਰਜਨ ਸਿੰਘ, ਵੀ ਐਮ ਭੰਡਾਰੀ,ਡਾ ਬਲਵਿੰਦਰ ਗਲੈਕਸੀ ਨੇ ਆਪਣਾ ਕਲਾਮ ਸੁਣਾਇਆ।