ਮੁੰਬਈ – ਮਹਾਂਰਾਸ਼ਟਰ ਨਵਨਿਰਮਾਣ ਸੈਨਾ ਮੁੱਖੀ ਰਾਜ ਠਾਕੁਰੇ ਨੇ ਗੈਰ-ਮਰਾਠਿਆਂ ਦੇ ਖਿਲਾਫ਼ ਵਿਵਾਦਪੂਰਣ ਬਿਆਨ ਦਿੱਤਾ ਹੈ। ਉਨ੍ਹਾਂ ਨੇ ਆਪਣੇ ਪਾਰਟੀ ਵਰਕਰਾਂ ਨੂੰਰਾਜ ਵਿੱਚ ਗੈਰ-ਮਰਾਠਿਆਂ ਦੇ ਨਵੇਂ ਪਰਮਿਟ ਤੇ ਚੱਲਣ ਵਾਲੇ ਆਟੋ ਰਿਕਸ਼ਾ ਨੂੰ ਸਾੜ ਦੇਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਟੋ ਨੂੰ ਸਾੜਨ ਤੋਂ ਪਹਿਲਾਂ ਸਾਰੀਆਂ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਵੇ। ਰਾਜ ਠਾਕੁਰੇ ਨੇ ਇਹ ਬਿਆਨ ਸ਼ਨਮੁੱਖਨੰਦ ਆਡੀਟੋਰੀਅਮ ਵਿੱਚ ਮਨਸੇ ਦੇ 10ਵੇਂ ਸਥਾਪਨਾ ਦਿਵਸ ਸਮਾਗਮ ਦੇ ਮੌਕੇ ਤੇ ਪਾਰਟੀ ਵਰਕਰਾਂ ਨੂੰ ਮਰਾਠੀ ਵਿੱਚ ਸੰਬੋਧਿਤ ਕਰਦੇ ਹੋਏ ਦਿੱਤਾ ਹੈ।
ਰਾਜ ਨੇ ਭਾਜਪਾ ਤੇ ਨਿਸ਼ਾਨਾ ਸਾਧਦੇ ਹੋਏ ਪਰਮਿਟ ਵੰਡਣ ਦੇ ਮਾਮਲੇ ਵਿੱਚ ਨਿਯਮਾਂ ਦਾ ਉਲੰਘਣ ਕਰਨ ਦਾ ਆਰੋਪ ਲਗਾਇਆ ਹੈ। ਉਨ੍ਹਾਂ ਅਨੁਸਾਰ ਰਾਜ ਸਰਕਾਰ 7,000 ਨਵੇਂ ਰਿਕਸ਼ਾ ਪਰਮਿਟ ਜਾਰੀ ਕਰਨ ਜਾ ਰਹੀ ਹੈ ਅਤੇ ਇਹ ਸਾਰੇ ਪਰਮਿਟ ਬਾਹਰੀ ਲੋਕਾਂ,ਮੱਤਲਬ ਗੈਰ ਮਰਾਠਿਆਂ ਨੂੰ ਦਿੱਤੇ ਜਾਣ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪਰਮਿਟ ਮਰਾਠੀ ਨੌਜਵਾਨਾਂ ਨੂੰ ਮਿਲਣੇ ਚਾਹੀਦੇ ਹਨ। ਰਾਜ ਨੇ ਸਿ਼ਵਸੈਨਾ ਤੇ ਵੀ ਮਰਾਠਿਆਂ ਨਾਲ ਝੂਠੀ ਹਮਦਰਦੀ ਵਿਖਾਉਣ ਦਾ ਆਰੋਪ ਲਗਾਇਆ। ਉਹ ਪਹਿਲਾਂ ਵੀ ਕਈ ਵਾਰ ਉਤਰ ਭਾਰਤੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਰਹੇ ਹਨ।