ਤੁਰ ਪਏ ਸੀ ਮੁੜ ਨਹੀਂ ਸਕਦੇ ਜਿੱਦੀ ਬਹੁਤ,
ਪਤਾ ਹੈ ਮੰਜ਼ਿਲ ਦੇ ਰਾਹ ਬਿਖੜੇ ਤੇ ਬੇਢੰਗੇ ਨੇ।
ਦਿੰਦੇ ਨਾਮ ਜੋ ਧਰਮ ਦੀ ਸੇਵਾ ਦਾ,
ਹੁੰਦੇ ਨੇ ਇੱਥੇ ਫਸਾਦ ਤੇ ਦੰਗੇ ਨੇ।
ਗਰੀਬਾਂ ਦੇ ਤਨ ‘ਤੇ ਪਾਈਆਂ ਲੀਰਾਂ,
ਅਮੀਰ ਸ਼ੌਕ ਵਿੱਚ ਫਿਰਦੇ ਅਧਨੰਗੇ ਨੇ।
ਇੱਥੇ ਝੂਠ ਦੇ ਗਲ਼ ਵਿਚ ਹਾਰ ਪੈਂਦੇ,
ਸੱਚ ਦੇ ਗਲ਼ ਝੂਲਦੇ ਫਾਂਸੀ ਦੇ ਫੰਦੇ ਨੇ।
ਇੱਥੇ ਚੋਰਾਂ ਦੀ ਹੈ ਸੁਰੱਖਿਆ ਬਹੁਤ,
ਚਿੱਟੇ ਦਿਨ ਵਿੱਚ ਹੁੰਦੇ ਕਾਲੇ ਧੰਦੇ ਨੇ।
ਪਸ਼ੂਆਂ ਵਰਗੀ ਸੋਚ ਚਿਹਰੇ ‘ਤੇ ਅਖੌਟਾਏ,
ਲੋਕੀ ਪਤਾ ਨਹੀਂ ਕਿਉਂ ਕਹਿੰਦੇ ਬੰਦੇ ਨੇ।
ਤ੍ਰਿਸ਼ਨਾ ਫੁੱਲਾਂ ਦੀ ਸੇਲ ‘ਤੇ ਸੁੱਤੀ ਪਈ,
ਮਜ਼ਬੂਰ ਵਿਚਾਰੇ ਸਬਰ ਦੀ ਸੂਲੀ ਟੰਗੇ ਨੇ।
ਸ਼ਾਇਦ ਕਿਸੇ ਨੂੰ ਭਟਕਣ ਤੋਂ ਬਚਾ ਲੈਣ,
ਹ੍ਹਰਫ਼ਾਂ ਦੇ ਰਾਹ ਰੱਬ ਤੋਂ ਉਧਾਰੇ ਮੰਗੇ ਨੇ।
ਨਾ ਸੋਚ ਕਿ ਨੇਤਾ ਹਰ ਵਾਰ ਦਰ ਤੇ ਆ ਜਾਣ,
ਯਾਰਾ ਦੱਸ! ਕਦੇ ਮੰਗਤੇ ਵੀ ਸੰਗੇ ਨੇ।
ਕੀ ਕਰੀਏ ਆਦਤ ਨਹੀਂ ਦੇਖ ਕੇ ਚੁੱਪ ਰਹਿਣ ਦੀ,
ਉਂਝ ‘ਹਰਿਆਓ’ ਨੂੰ ਪਾਏ ਸੱਚ ਨੇ ਬਹੁਤ ਪੰਗੇ ਨੇ।
ਸਬਰ ਦੀ ਸੂਲੀ
This entry was posted in ਕਵਿਤਾਵਾਂ.
ਬਹੁਤ ਵਧੀਆ ਜੀ