ਨਵੀਂ ਦਿੱਲੀ : ਦਿੱਲੀ ਫਤਿਹ ਦਿਵਸ ਨੂੰ ਮਨਾਉਣ ਦਾ ਉਪਰਾਲਾ ਜੇਕਰ ਦਿੱਲੀ ਦੀ ਸੰਗਤ ਨੇ 1984 ਤੋਂ ਪਹਿਲਾਂ ਕੀਤਾ ਹੁੰਦਾ ਤਾਂ ਸ਼ਾਇਦ ਦਿੱਲੀ ਵਿੱਚ 1984 ਸਿੱਖ ਕਤਲੇਆਮ ਨਾ ਹੁੰਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਲ ਕਿਲਾ ਮੈਦਾਨ ਵਿਖੇ ਦਿੱਲੀ ਫਤਿਹ ਨੂੰ ਸਮਰਪਿਤ 2 ਦਿਨੀਂ ਸਮਾਗਮਾਂ ਦੀ ਸਮਾਪਤੀ ਮੌਕੇ ਕੀਤਾ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਰੋਕਣ ਵਾਸਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸੁਚੇਤ ਹੋਣ ਦੀ ਅਪੀਲ ਕਰਦੇ ਹੋਏ ਪੰਥ ਦੀ ਚੜ੍ਹਦੀ ਕਲਾ ਲਈ ਕੌਮ ਨੂੰ ਇੱਕ ਜੁੱਟ ਹੋਣ ਦਾ ਵੀ ਸੰਦੇਸ਼ ਦਿੱਤਾ।
ਦਿੱਲੀ ਕਮੇਟੀ ਵੱਲੋਂ ਕਰਵਾਏ ਗਏ ਇਨ੍ਹਾਂ ਸਮਾਗਮਾਂ ਦੇ ਪਹਿਲੇ ਦਿਨ ਗੜ੍ਹੇਮਾਰੀ ਨਾਲ ਪ੍ਰਭਾਵਿਤ ਰਹੇ ਗੁਰਮਤਿ ਸਮਾਗਮ ਤੋਂ ਬਾਅਦ ਦੂਜੇ ਦਿਨ ਖੁਸ਼ਗਵਾਰ ਮੌਸਮ ’ਚ ਜਰਨੈਲੀ ਫਤਿਹ ਮਾਰਚ ਅਤੇ ਸਭਿਆਚਾਰਕ ਮੇਲੇ ਦੀ ਸ਼ਕਲ ਵਿੱਚ ਇਤਿਹਾਸਕ ਪ੍ਰੋਗਰਾਮ ’ਚ ਹਜ਼ਾਰਾਂ ਸੰਗਤਾਂ ਨੇ ਸ਼ਮੂਲੀਅਤ ਕੀਤੀ। ਜਮਨਾ ਬਾਜ਼ਾਰ ਤੋਂ ਲਾਲ ਕਿਲਾ ਮੈਦਾਨ ਤੱਕ ਸਜਾਏ ਗਏ ਜਰਨੈਲੀ ਫਤਿਹ ਮਾਰਚ ਦੀ ਅਗਵਾਈ ਪੰਜ ਪਿਆਰਿਆਂ ਨੇ ਕਰਦਿਆਂ ਹੋਇਆਂ ਗੁਰੂ ਕੀਆਂ ਲਾਡਲੀਆਂ ਨਿਹੰਗ ਫੌਜਾਂ ਦੇ ਨਾਲ ਖਾਲਸਾਈ ਜਾਹੋ ਜਲਾਲ ਨੂੰ ਮੁੜ ਸੁਰਜੀਤ ਕਰ ਦਿੱਤਾ। ਇਸ ਮਾਰਚ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮਲ ਸਿੰਘ, ਨਿਹੰਗ ਜਥੇਬੰਦੀ ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ 96 ਕਰੋੜੀ, ਤਰਨਾ ਦਲ ਦੇ ਮੁੱਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਸਣੇ ਸੰਤ ਸਮਾਜ ਦੇ ਨੁਮਾਇੰਦੇ ਵੀ ਮੌਜ਼ੂਦ ਸਨ।
ਮਾਰਚ ਦੇ ਲਾਲ ਕਿਲਾ ਮੈਦਾਨ ਵਿੱਚ ਪੁੱਜਣ ਤੋਂ ਬਾਅਦ ਹੋਏ ਇਤਿਹਾਸਕ ਪ੍ਰੋਗਰਾਮ ਵਿੱਚ ਗਤਕਾ ਅਖਾੜਿਆਂ, ਭਾਈ ਤਰਸੇਮ ਸਿੰਘ ਮੌਰਾਂਵਾਲੀ ਨੇ ਢਾਡੀ ਵਾਰਾਂ, ਕਵੀ ਸੱਜਣਾਂ ਨੇ ਕਵਿਤਾਵਾਂ, ਕੰਵਰ ਸਿੰਘ ਗਰੇਵਾਲ ਨੇ ਸਿੱਖ ਇਤਿਹਾਸ ਗਾਇਕੀ, ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਅਤੇ ਹਰਪਾਲ ਸਿੰਘ ਟਿਵਾਣਾ ਫਾਊਂਡੇਸ਼ਨ ਨੇ ‘ਮੈਂ ਤੇਰਾ ਬੰਦਾ’ ਲਾਈਟ ਐਂਡ ਸਾਊਂਡ ਸੋਅ ਰਾਹੀਂ ਸੰਗਤਾਂ ਨੂੰ ਦਿੱਲੀ ਫਤਿਹ ਦੀ ਅਹਿਮੀਅਤ ਬਾਰੇ ਜਾਣੂੰ ਕਰਵਾਇਆ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਆਪਣੇ ਲੈਕਚਰ ਦੌਰਾਨ ਦਿੱਲੀ ਕਮੇਟੀ ਦੇ ਉਪਰਾਲੇ ਦੀ ਸ਼ਲਾਘਾ ਕਰਨ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਦਾ 1716 ਵਿੱਚ ਸ਼ਹੀਦੀ ਤੋਂ ਪਹਿਲੇ ਦਿੱਲੀ ਦੀਆਂ ਸੜਕਾਂ ’ਤੇ ਪਿੰਜਰੇ ਵਿੱਚ ਬੰਦ ਕਰਕੇ ਕੱਢੇ ਗਏ ਜਲੂਸ ਤੇ 1783 ਦੀ ਲਾਲ ਕਿਲਾ ਫਤਿਹ ਨੂੰ ਦਿੱਲੀ ਵਿੱਚ ਸਿੱਖ ਕੌਮ ਦੀ ਮਹਾਨ ਵਿਰਾਸਤ ਦੱਸਦੇ ਹੋਏ ਦਿੱਲੀ ਫਤਿਹ ਉਪਰੰਤ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸਿੱਖ ਕੌਮ ਦੀ ਪ੍ਰਾਪਤੀ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸੇ ਦੀ ਸਥਾਪਨਾ ਮੌਕੇ ਰਾਜ ਤੋਂ ਬੇਦਖਲ ਲੋਕਾਂ ਨੂੰ ਰਾਜ ਦਿਵਾਉਣ ਦੇ ਲਏ ਗਏ ਅਹਿਦ ਦੀ ਪ੍ਰਾਪਤੀ ਤੌਰ ’ਤੇ ਵੀ ਪ੍ਰਭਾਸ਼ਿਤ ਕੀਤਾ।
ਸਾਬਕਾ ਰਾਜ ਸਭਾ ਮੈਂਬਰ ਤ੍ਰਿਲੋਚਨ ਸਿੰਘ ਨੇ ਬੀਤੇ 900 ਸਾਲਾਂ ਦੇ ਮੁਗਲ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਮੁਗਲ ਰਾਜ ਦੇ ਸਭ ਤੋਂ ਤਾਕਤਵਰ ਹਿੱਸੇ ਸਰਹੰਦ ’ਤੇ ਕੀਤੀ ਗਈ ਫਤਿਹ ਨੂੰ ਅੰਮ੍ਰਿਤ ਦੀ ਦਾਤ ਦੀ ਤਾਕਤ ਵੀ ਦੱਸਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪ੍ਰੋਗਰਾਮ ਵਿੱਚ ਸਹਿਯੋਗ ਕਰਨ ਵਾਲੇ ਸੱਜਣਾਂ ਦਾ ਧੰਨਵਾਦ ਕਰਦੇ ਹੋਏ ਦਿੱਲੀ ਵਿਖੇ ਪੰਜ ਸਿੱਖ ਜਰਨੈਲਾਂ ਦੀਆਂ ਯਾਦਗਾਰਾਂ ਬਣਾਉਣ ਦਾ ਵੀ ਐਲਾਨ ਕੀਤਾ। ਕਮੇਟੀ ਵੱਲੋਂ ਨਵੇਂ ਨਾਨਕਸ਼ਾਹੀ ਵਰੇ ਦੀ ਆਮਦ ਮੌਕੇ ਜਾਰੀ ਕੀਤਾ ਨਾਨਕਸ਼ਾਹੀ ਕੈਲੰਡਰ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਤੀਜੀ ਸ਼ਹੀਦੀ ਸਤਾਬਦੀ ਨੂੰ ਸਮਰਪਿਤ ਕਰਦੇ ਹੋਏ ਪਹਿਲਾ ਕੈਲੰਡਰ ਬਾਬਾ ਬੰਦਾ ਸਿੰਘ ਬਹਾਦਰ ਸੰਪਰਦਾ ਦੇ ਮੈਂਬਰਾਂ ਨੂੰ ਭੇਟ ਕੀਤਾ ਗਿਆ। ਇਸ ਮੌਕੇ ਜਥੇਦਾਰ ਸਾਹਿਬਾਨਾਂ, ਨਿਹੰਗ ਜਥੇਬੰਦੀਆਂ ਦੇ ਮੁੱਖੀ, ਨਾਨਕਸਰ ਸੰਪਰਦਾ ਦੇ ਮੁੱਖੀ ਬਾਬਾ ਲੱਖਾ ਸਿੰਘ, ਬਾਬਾ ਦਲਜੀਤ ਸਿੰਘ ਸ਼ਿਕਾਗੋ, ਬਾਬਾ ਜੋਗਾ ਸਿੰਘ ਕਰਨਾਲ, ਰਾਗੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ, ਪ੍ਰਚਾਰਕ ਗੁਰਬਖਸ਼ ਸਿੰਘ ਗੁਲਸ਼ਨ, ਪੂਰਬੀ ਨਗਰ ਨਿਗਮ ਦੇ ਮੇਅਰ ਹਰਸ਼ਦੀਪ ਮਲਹੋਤਰਾ, ਟਿਕਾਣਾ ਸਾਹਿਬ ਦੇ ਸੰਤ ਅੰਮ੍ਰਿਤਪਾਲ ਸਿੰਘ, ਬਾਬਾ ਜਤਿੰਦਰ ਸਿੰਘ ਸੋਢੀ, ਵਰਲਡ ਪੰਜਾਬੀ ਆਰਗੇਨਾਈਜੇਸ਼ ਦੇ ਵਿਕਰਮਜੀਤ ਸਿੰਘ ਸਾਹਨੀ, ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨਾਂ ਦਾ ਵੀ ਜੀ.ਕੇ. ਵੱਲੋਂ ਸਨਮਾਨ ਕੀਤਾ ਗਿਆ।
ਸਟੇਜ ਸਕੱਤਰ ਦੀ ਸੇਵਾ ਨਿਭਾਉਂਦੇ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਫਤਿਹ ਉਪਰੰਤ ਲਾਲ ਕਿਲੇ ’ਤੇ ਸਿੱਖ ਜਰਨੈਲਾਂ ਤੋਂ ਮੁਗਲਾਂ ਵੱਲੋਂ ਜਾਨ ਦੀ ਮੰਗੀ ਗਈ ਭੀਖ ਨੂੰ ਸਿੱਖ ਇਤਿਹਾਸ ਦਾ ਮਾਣਮੱਤਾ ਵਰਕਾ ਦੱਸਿਆ। ਇਸ ਮੌਕੇ ਕਮੇਟੀ ਦੇ ਅਹੁਦੇਦਾਰ ਤੇ ਸਮੂੰਹ ਮੈਂਬਰ ਸਾਹਿਬਾਨ ਮੌਜ਼ੂਦ ਸਨ।