ਪਟਿਆਲਾ-ਅੰਤਰਰਾਸ਼ਟਰੀ ਪੱਧਰ ਦੇ ਕਾਰਕੁਨ ਤੇ ਪ੍ਰਸਿੱਧੀ ਖੱਟਣ ਵਾਲੇ ਸਮਾਜਸੇਵੀ ਅਤੇ ਸੰਸਾਰ ਭਰ ਦਾ ਪਹਿਲਾ ਮਲਟੀਮੀਡੀਆ ਸਿੱਖ ਵਿਸ਼ਵ ਕੋਸ਼ ਤਿਆਰ ਕਰਨ ਵਾਲੇ ਕੈਨੇਡਾ ਨਿਵਾਸੀ ਸਿੱਖ ਵਿਦਵਾਨ ਡਾ ਰਘਬੀਰ ਸਿੰਘ ਬੈਂਸ ਨੂੰ ਭਾਰਤ ਅਤੇ ਸੰਸਾਰ ਦੇ ਹੋਰ ਮੁਲਕਾਂ ਵਿੱਚ ਪੰਜਾਬੀ ਬੋਲੀ ਨੂੰ ਪ੍ਰਚੱਲਤ ਤੇ ਪਰਸਾਰਤ ਕਰਨ ਦੇ ਵਸ਼ੇਸ਼ ਉਦਮਾਂ ਤੇ ਉਪਰਾਲਿਆਂ ਲਈ ਭਾਸ਼ਾ ਵਿਭਾਗ ਪੰਜਾਬ ਵਲੋਂ ਰੱਖੇ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਦੁਸ਼ਾਲੇ, ਪਲੈਕ ਅਤੇ ਡੇੜ੍ਹ ਲੱਖ ਰੁਪੈ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।
ਜ਼ਿਕਰ ਯੋਗ ਹੈ ਕਿ ਆਪਣੀ ਪਤਨੀ ਦੇ ਬੀਮਾਰ ਹੋਣ ਕਰਕੇ ਵਿਸ਼ਵ ਸ਼ਾਂਤੀ ਲਈ ਕੰਮ ਕਰਨ ਵਾਲੇ ਡਾ. ਬੈਂਸ ਭਾਵੇਂ ਇਸ ਮਾਣ ਮੱਤੇ ਸਨਮਾਨ ਦੀ ਪ੍ਰਾਪਤੀ ਲਈ ਖੁਦ ਪੰਜਾਬ ਨਹੀਂ ਸਨ ਜਾ ਸਕੇ ਪਰ ਉਨ੍ਹਾਂ ਨੇ ਪ੍ਰੇਮ ਭਰੀ ਸਦਭਾਵਨਾ ਦੇ ਲਹਿਜੇ ਨਾਲ ਆਪਣੇ ਵਿਚਾਰ ਪ੍ਰਗਟ ਕਰਦਿਆ ਕਿਹਾ ਕਿ ਮੈਂ ਆਪਣੀ ਮਾਤ ਭਾਸ਼ਾ ਪੰਜਾਬੀ, ਸੱਭਿਆਚਾਰ, ਵਿਰਾਸਤ, ਸਮਾਜਿਕ ਸੇਵਾ ਅਤੇ ਸਰਬਤ ਦੇ ਭਲੇ ਲਈ ਜੋ ਵੀ ਕੰਮ ਕਰ ਰਿਹਾ ਹਾਂ ਜਾਂ ਭਵਿੱਖ ਵਿੱਚ ਕਰਾਂਗਾ ਉਹ ਕਿਸੇ ਪੁਰਸਕਾਰ ਜਾਂ ਇਵਜ਼ਾਨੇ ਲਈ ਨਹੀਂ ਕਰ ਰਿਹਾ ਹੋਵਾਂਗਾ ਪਰ ਇਹ ਵੀ ਜ਼ਰੂਰੀ ਹੈ ਕਿ ਇਸ ਐਵਾਰਡ ਨਾਲ ਸਨਮਾਨਿਤ ਕਰਕੇ ਭਾਸ਼ਾ ਵਿਭਾਗ ਪੰਜਾਬ ਨੇ ਮੈਨੂੰ ਨਿਸ਼ਕਾਮ ਸੇਵਾ ਕਰਨ ਲਈ ਹੋਰ ਵੀ ਉਤਸ਼ਾਹਿਤ ਕੀਤਾ ਹੈ ।
ਨਸ਼ਿਆਂ ਦੇ ਮਾਹਰ ਥੈਰਾਪਿਸਟ ਅਤੇ ਮਲਟੀਮੀਡੀਆ ਵਿਧੀ ਰਾਹੀ ਵਿਸ਼ਵ ਭਰ ਵਿੱਚ ਲਗਾਏ ਗਏ ਛੇ ਮਲਟੀਮੀਡੀਆ ਸਿੱਖ ਮਿਊਜ਼ੀਅਮਾਂ ਦੇ ਪ੍ਰੋਡਿਊਸਰ ਡਾ. ਰਘਬੀਰ ਸਿੰਘ ਬੈਂਸ ਨੂੰ ਹੁਣ ਤੱਕ ਮਿਲੇ ਤਕਰੀਬਨ ਵੀਹ ਦਰਜਨ ਸਥਾਨਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰਾਂ ਦੀ ਲੜੀ ਵਿੱਚ ਇਸ ਮਾਣਮੱਤੇ ਐਵਾਰਡ ਨਾਲ ਇਕ ਬਹੁਤ ਹੀ ਸ਼ਲਾਘਾਯੋਗ ਅਤੇ ਮਹੱਤਵਪੂਰਨ ਵਾਧਾ ਹੋਇਆ ਹੈ, ਜਿਸ ਸਦਕਾ ਵਿਸ਼ਵ ਭਰ ਦੀਆਂ ਉੱਘੀਆਂ ਸਮਾਜ ਸੇਵੀ ਸ਼ਖਸੀਅਤਾਂ ਵਿੱਚ ਉਨ੍ਹਾਂ ਦਾ ਨਾਮ ਫਿਰ ਰੌਸ਼ਨ ਹੋਇਆ ਹੈ ।
ਇਸ ਮੌਕੇ ਐਵਾਰਡ ਸਬੰਧੀ ਪ੍ਰਮਾਣ ਪੱਤਰ ਪੜ੍ਹਦਿਆਂ ਮੰਚ ਤੋਂ ਇਹ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਕਿ ਰਘਬੀਰ ਸਿੰਘ ਬੈਂਸ ਨੇ ਵਿਸ਼ਵ ਦਾ ਪਹਿਲਾ ਮਲਟੀਮੀਡੀਆਂ ਸਿੱਖ ਵਿਸ਼ਵ ਕੋਸ਼, ਮਲਟੀਮੀਡੀਆ ਸਿੱਖ ਅਜਾਇਬ ਘਰਾਂ, ਕਿਤਾਬਾਂ, ਲੇਖਣੀਆਂ ਅਤੇ ਹੋਰ ਕਾਰਜਾਂ ਰਾਹੀਂ ਪੰਜਾਬੀ ਬੋਲੀ, ਸੱਭਿਆਚਾਰ ਅਤੇ ਸਿੱਖ ਵਿਰਾਸਤ ਦਾ ਦੁਨੀਆਂ ਭਰ ਚੇ ਪਰਚਾਰ ਤੇ ਪਰਸਾਰ ਕਰਕੇ ਇੱਕ ਵੱਡਮੁੱਲੀ ਸੇਵਾ ਕੀਤੀ ਹੈ।
ਵਰਨਣ ਯੋਗ ਹੈ ਕਿ ਰਘਬੀਰ ਸਿੰਘ ਬੈਂਸ ਨੂੰ ਮਨੁੱਖਤਾ ਦੀ ਦਹਾਕਿਆਂ ਵੱਧੀ ਸਵਾਰਥਹੀਣ ਸੇਵਾ ਕਰਨ ਲਈ ਮਿਲੇ ਦਰਜਣਾ ਹੀ ਐਵਾਰਡਾਂ ਵਿੱਚ ‘ਆਰਡਰ ਆਫ ਬੀ ਸੀ’, ਪ੍ਰਧਾਨ ਮੰਤਰੀ ਵਾਲੰਟੀਅਰ ਐਵਾਰਡ ਕਨੇਡਾ, ਗਵਰਨਰ ਜਨਰਲ ਕੇਰਿੰਗ ਕਨੇਡੀਅਨ ਐਵਾਰਡ, ਗੁੱਡ ਸਿਟੀਜ਼ਨ ਆਫ ਸਰ੍ਹੀ (ਕੈਨੇਡਾ) ਦਾ ਟਾਈਟਲ, ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸਿੱਖ ਸਕਾਲਰ ਆਫ ਕੰਪਿਊਟਰ ਏਜ ਦੀ ਉਪਾਧੀ, ਲਾਈਫਟਾਈਮ ਅਚੀਵਮੈਂਟ ਐਵਾਰਡ ਅਤੇ ਅਨੇਕਾਂ ਹੀ ਹੋਰ ਮਾਨ ਸਨਮਾਨ ਸ਼ਾਮਲ ਹਨ। 80 ਸਾਲਾਂ ਨੂੰ ਟੱਪ ਚੁੱਕੇ ਡਾ ਬੈਂਸ ਹੁਣ ਵੀ ਰੋਜ਼ਾਨਾ ਹੀ ਕੋਈ 15-16 ਘੰਟੇ ਲਿਖਣ-ਪੜ੍ਹਨ ਅਤੇ ਰੀਸਰਚ ਕਰਨ ਦਾ ਕੰਮ ਕਰਦੇ ਹਨ। ਇਕ ਬਿਆਨ ਵਿੱਚ ਡਾ ਬੈਂਸ ਨੇ ਨੌਜਵਾਨ ਪੀੜ੍ਹੀ ਨੂੰ ਸਚਿਆਰਾ ਜੀਵਨ ਜਿਊਣ ਦੇ ਨਾਲ ਨਾਲ ਸਰਬਤ ਦੇ ਭਲੇ ਲਈ ਕੰਮ ਕਰਨ ਦੀ ਸਲਾਹ ਵੀ ਦਿੱਤੀ।