ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਕਿਸਾਨ ਮੇਲਾ ਅੱਜ ਧੂਮ ਧੜੱਕੇ ਨਾਲ ਆਰੰਭ ਹੋਇਆ। ਦੋ ਰੋਜ਼ਾ ਇਸ ਕਿਸਾਨ ਮੇਲੇ ਵਿੱਚ ਡਾ: ਕਰਿਸਟੋਫਰ ਗਿਬਿਨਸ ਕਨਸਲਟੈਂਟ ਜਨਰਲ ਕੈਨੇਡਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕੀਤੀ। ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਵਾਈਸ ਚਾਂਸਲਰ ਡਾ: ਨਛੱਤਰ ਸਿੰਘ ਮੱਲ੍ਹੀ ਵਿਸੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਸਮੇਂ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ: ਹਰਦੇਵ ਸਿੰਘ ਰਿਆੜ, ਡਾ: ਸਤਬੀਰ ਸਿੰਘ ਗੋਸਲ, ਬੀਬੀ ਕਰਮਜੀਤ ਕੌਰ ਦਾਨੇਵਾਲੀਆ ਵੀ ਹਾਜ਼ਰ ਸਨ।
ਇਸ ਮੌਕੇ ਡਾ: ਗਿਬਿਨਸ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਖੇਤੀ ਨਾਲ ਜੁੜਿਆ ਹੋਇਆ ਹੈ ਅਤੇ ਉਹ ਖੇਤੀ ਵਿੱਚ ਪੇਸ਼ ਆਉਂਦੀਆਂ ਚੁਣੌਤੀਆਂ ਅਤੇ ਉਹਨਾਂ ਦੇ ਨਿਪਟਾਰੇ ਤੋਂ ਭਲੀ ਭਾਂਤੀ ਵਾਕਿਫ਼ ਹਨ। ਉਹਨਾਂ ਕੈਨੇਡਾ ਦੇ ਅੰਕੜਿਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਸ ਮੁਲਕ ਵਿੱਚ 12 ਲੱਖ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ ਜਿਹਨਾਂ ਵਿੱਚੋਂ 7 ਲੱਖ ਪੰਜਾਬ ਨਾਲ ਸਬੰਧ ਰੱਖਦੇ ਹਨ। ਉਹਨਾਂ ਵਿਸੇਸ਼ ਤੌਰ ਤੇ ਬ੍ਰਿਟਿਸ਼ ਕੋ¦ਬੀਆ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਦੇਸ਼ ਦੀ ਕੁੱਲ ਆਰਥਿਕਤਾ ਵਿੱਚ ਪੰਜਾਬੀਆਂ ਵੱਲੋਂ ਵੱਡਾ ਰੋਲ ਅਦਾ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਬੀਤੇ ਵਰ੍ਹੇ ਮਾਣਯੋਗ ਪ੍ਰਧਾਨ ਮੰਤਰੀ ਦੇ ਫੇਰੀ ਨਾਲ ਖੇਤੀ ਦੇ ਖੇਤਰ ਵਿੱਚ ਦੋਪਾਸੜੇ ਸਹਿਯੋਗ ਨੂੰ ਹੋਰ ਮਜ਼ਬੂਤੀ ਮਿਲੀ ਹੈ। ਉਹਨਾਂ ਕਿਹਾ ਕਿ ਵਾਤਾਵਰਨ ਵਿੱਚ ਆ ਰਹੇ ਬਦਲਾਅ ਸੰਬੰਧੀ ਦੋਹਾਂ ਮੁਲਕਾਂ ਵਿੱਚ ਅਨੇਕਾਂ ਖੋਜ ਅਤੇ ਪਸਾਰ ਦੀਆਂ ਸਾਂਝੀਆਂ ਨੀਤੀਆਂ ਅਤੇ ਪ੍ਰੋਗਰਾਮ ਉਲੀਕੇ ਜਾ ਸਕਦੇ ਹਨ।
ਕਿਸਾਨਾਂ ਦੇ ਭਾਰੀ ਇਕਠ ਨੂੰ ਸੰਬੋਧਨ ਕਰਦਿਆਂ ਡਾ. ਢਿੱਲੋਂ ਨੇ ਕਿਹਾ ਕਿ ਸਾਨੂੰ ਕੁਦਰਤੀ ਸੋਮਿਆਂ ਦੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ। ਇਸ ਲਈ ਕਿਸਾਨ ਨੂੰ ਹਿਸਾਬੀ ਕਿਤਾਬੀ ਹੋਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਹਿਸਾਬ ਰੱਖਣ ਦੇ ਨਾਲ ਅਸੀਂ ਹਰ ਇਕ ਖੇਤ ਅਨੁਸਾਰ ਵਰਤੀਆਂ ਖਾਦਾਂ, ਦਵਾਈਆਂ ਉਸ ਦੀ ਉਪਜ ਸਕਤੀ, ਫਸਲੀ ਚੱਕਰ ਦਾ ਵੇਰਵਾ ਰੱਖ ਸਕਦੇ ਹਾਂ ਅਤੇ ਮੁੱਢਲੀਆਂ ਲਾਗਤਾਂ ਤੇ ਹੋਣ ਵਾਲੇ ਖਰਚੇ ਨੂੰ ਘਟਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਮੁੱਢਲੀਆਂ ਲਾਗਤਾਂ ਤੇ ਹੋਏ ਖਰਚੇ ਨੂੰ ਘਟਾਉਣ ਨਾਲ ਅਸੀਂ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਕੁੱਲ ਲਾਭ ਵੇਖਣਾ ਚਾਹੀਦਾ ਹੈ, ਝਾੜ ਨਹੀਂ। ਖੇਤੀ ਵਿਭਿਨੰਤਾ ਅਤੇ ਜੈਵਿਕ ਖੇਤੀ ਬਾਰੇ ਬੋਲਦਿਆਂ ਡਾ. ਢਿੱਲੋਂ ਨੇ ਕਿਹਾ ਕਿ ਸਾਨੂੰ ਆਪਣੇ ਖਾਣ ਦੇ ਲਈ ਘੱਟੋ ਘੱਟ ਇਕ ਕਨਾਲ ਖੇਤਰ ਦੇ ਵਿਚ ਸਬਜ਼ੀਆਂ, ਦਾਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਇਸ ਮਾਡਲ ਨੂੰ ਅਪਣਾਉਣ ਨਾਲ ਸਾਨੂੰ ਨਰੋਈ ਖੁਰਾਕ ਵੀ ਪ੍ਰਾਪਤ ਹੋਵੇਗੀ । ਉਨ੍ਹਾਂ ਪਾਣੀ ਦੀ ਮਹੱਤਤਾ ਬਾਰੇ ਬੋਲਦਿਆਂ ਕਿਹਾ ਕਿ ਇਸ ਅਨਮੁਲ ਤੋਹਫੇ ਨੂੰ ਸੰਭਾਲਣਾ ਬਹੁਤ ਜਰੂਰੀ ਹੈ, ਇਸ ਲਈ ਪਾਣੀ ਸੰਭਾਲਣ ਵਾਲੀਆਂ ਤਕਨੀਕਾਂ ਜਿਵੇਂ ਕਿ ਲੇਜਰ ਲੈਂਡ ਲੈਵਲਰ, ਟੈਂਸੀਓਮੀਟਰ ਆਦਿ ਨੂੰ ਅਪਣਾਉਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਸਾਨ ਵੀਰਾਂ ਨੂੰ ਦੇਸੀ ਰੂੜੀ, ਹਰੀ ਖਾਦ ਅਤੇ ਨੀਮ ਲਿਪਤ ਯੂਰੀਆ ਵਰਤਣ ਲਈ ਕਿਹਾ। ਡਾ. ਢਿੱਲੋਂ ਨੇ ਕਿਸਾਨਾਂ ਨੂੰ ਮਸ਼ੀਨੀਕਰਣ ਅਤੇ ਮੰਡੀਕਰਣ ਲਈ ਇਕ ਜੁਟ ਹੋ ਕੇ ਸਹਿਕਾਰੀ ਪੱਧਰ ਤੇ ਇਸ ਨੂੰ ਅਪਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਨਾਲ ਅਸੀਂ ਆਪਣੀਆ ਮੁੱਢਲੀਆਂ ਲਾਗਤਾਂ ਤੇ ਕਟੌਤੀ ਵੀ ਕਰ ਸਕਦੇ ਹਾਂ ਅਤੇ ਉਪਜ ਦਾ ਵਧੇਰੇ ਝਾੜ ਪ੍ਰਾਪਤ ਕਰ ਸਕਦੇ ਹਾਂ। ਉਨ੍ਹਾਂ ਕਿਸਾਨ ਵੀਰਾਂ ਨੂੰ ਆਮਦਨ ਵਧਾਉਣ ਦੇ ਲਈ ਸਹਾਇਕ ਕਿਤਿਆਂ ਨੂੰ ਅਪਣਾਉਣ ਦੀ ਵੀ ਸਲਾਹ ਦਿਤੀ। ਡਾ. ਢਿੱਲੋਂ ਨੇ ਖਾਦਾਂ ਦੀ ਵਰਤੋਂ ਮਿੱਟੀ ਪਰਖ ਅਨੁਸਾਰ ਕਰਨ ਦੀ ਵੀ ਸਲਾਹ ਦਿਤੀ। ਉਹਨਾਂ ਕਿਸਾਨਾਂ ਨੂੰ ਹਰੀ ਖਾਦ ਅਤੇ ਨਿੰਮ ਲਿਪਤ ਯੂਰੀਆ ਵਰਤਣ ਦੀ ਸਲਾਹ ਵੀ ਦਿੱਤੀ। ਇਸ ਤੋਂ ਪਹਿਲਾਂ ਜੀ ਆਇਆਂ ਦੇ ਸ਼ਬਦ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਜਿੰਦਰ ਸਿੰਘ ਸਿੱਧੂ ਨੇ ਕਹੇ। ਉਹਨਾਂ ਜਾਣਕਾਰੀ ਵਧਾਉਂਦਿਆਂ ਦੱਸਿਆ ਕਿ ਯੂਨੀਵਰਸਿਟੀ ਵਲੋਂ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿਚ ਹਾੜ੍ਹੀ ਅਤੇ ਸਾਉਣੀ ਦੇ ਮੇਲੇ ਲਗਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੇਲਿਆਂ ਦੌਰਾਨ ਯੂਨੀਵਰਸਿਟੀ ਵਲੋਂ ਕੀਤੀਆਂ ਨਵੀਆਂ ਸਿਫਾਰਸਾਂ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵਲੋਂ ਇਨ੍ਹਾਂ ਮੇਲਿਆਂ ਦੌਰਾਨ ਪ੍ਰਦਾਨ ਕੀਤੀ ਪਰਤੀ ਸੂਚਨਾ ਦੇ ਅਧਾਰ ਤੇ ਹੀ ਖੋਜ ਕਾਰਜ ਨੇਪਰੇ ਚਾੜ੍ਹੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਕਿਸਾਨ ਮੇਲੇ ਦਾ ਉਦੇਸ਼ ‘‘ਖੇਤੀ ਮੇਲਿਆਂ ਦੇ ਰੰਗ, ਬੀਜ ਮਸ਼ੀਨਰੀ, ਕਿਤਾਬਾਂ ਦੇ ਸੰਗ’’ ਰੱਖਿਆ ਗਿਆ ਹੈ ਜੋ ਕਿ ਸਾਨੂੰ ਸੁਨੇਹਾ ਦਿੰਦਾ ਹੈ ਕਿ ਖੇਤੀ ਦੀ ਨੁਹਾਰ ਨੂੰ ਬਦਲਣ ਦੇ ਲਈ ਬੀਜ ਅਤੇ ਮਸ਼ੀਨਰੀ ਦੀ ਯੋਗ ਵਰਤੋਂ ਅਤੇ ਖੇਤੀ ਸਾਹਿਤ ਨਾਲ ਜੁੜਨਾ ਸਫਲਤਾ ਦੀ ਕੂੰਜੀ ਹੈ।
ਯੂਨੀਵਰਸਿਟੀ ਦੀਆਂ ਖੋਜ ਪ੍ਰਾਪਤੀਆਂ ਅਤੇ ਨੇਪਰੇ ਚਾੜ੍ਹੇ ਜਾ ਰਹੇ ਖੋਜ ਕਾਰਜਾਂ ਬਾਰੇ ਜਾਣਕਾਰੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ ਬਲਵਿੰਦਰ ਸਿੰਘ ਨੇ ਪ੍ਰਦਾਨ ਕੀਤੀ। ਉਨ੍ਹਾਂ ਬੀਤੇ ਦਿਨੀਂ ਯੂਨੀਵਰਸਿਟੀ ਵਲੋਂ ਸਿਫਾਰਸ਼ ਕੀਤੀਆਂ ਕਿਸਮਾਂ ਬਾਰੇ ਚਾਨਣਾ ਪਾਇਆ। ਡਾ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ 100 ਤੋਂ ਵੱਧ ਫਸਲਾਂ ਦੇ ਖੋਜ ਕਾਰਜ ਨੇਪਰੇ ਚਾੜ੍ਹੇ ਜਾ ਰਹੇ ਹਨ ਅਤੇ ਯੂਨੀਵਰਸਿਟੀ ਵਲੋਂ ਹੁਣ ਤਕ 775 ਵੱਖ ਵੱਖ ਫਸਲਾਂ ਦੀਆਂ ਕਿਸਮਾਂ ਜਾਰੀ ਕੀਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਤਾਪਮਾਨ ਦਾ ਟਾਕਰਾ ਕਰਨ ਵਾਲੀਆਂ, ਘੱਟ ਪਾਣੀ ਖਪਤ ਵਾਲੀਆਂ ਅਤੇ ਘੱਟ ਮੁੱਢਲੀਆਂ ਲਾਗਤਾਂ ਵਾਲੀਆਂ ਕਿਸਮਾਂ ਨੂੰ ਤਿਆਰ ਕਰਨ ਲਈ ਕੀਤੇ ਜਾ ਰਹੇ ਖੋਜ ਕਾਰਜਾਂ ਬਾਰੇ ਜਾਣਕਾਰੀ ਦਿੱਤੀ।
ਕਿਸਾਨ ਮੇਲੇ ਦੌਰਾਨ ਵੱਖ ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੇ 5 ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਸੇਵਾ ਮੁਕਤ ਹੋ ਰਹੇ ਨਿਰਦੇਸ਼ਕ ਖੋਜ ਡਾ: ਬਲਵਿੰਦਰ ਸਿੰਘ ਅਤੇ ਯੂਨੀਵਰਸਿਟੀ ਦੇ ਪੰਜ ਵਿਗਿਆਨੀਆਂ ਨੂੰ ਸਨਮਾਨਿਤ ਕੀਤਾ ਗਿਆ। ਮੇਲੇ ਦੌਰਾਨ ਵਿਸ਼ੇਸ਼ ਤੌਰ ਤੇ ਵ¤ਖ–ਵ¤ਖ ਵਿਸ਼ਾ ਮਾਹਿਰਾਂ ਵਲੋਂ ਕਿਸਾਨਾਂ ਨੂੰ ਜਾਣਕਾਰੀ ਪ੍ਰਦਾਨ ਕੀਤੀ ਗਈ। ਯੂਨੀਵਰਸਿਟੀ ਦੇ ਵ¤ਖ–ਵ¤ਖ ਵਿਭਾਗਾਂ ਵਲੋਂ ਪ੍ਰਭਾਵਾਲੀ ਪ੍ਰਦਰਨੀ ਪਲਾਟ ਅਤੇ ਸਟਾਲ ਲਗਾਏ ਗਏ। ਇਸ ਮੌਕੇ ਯੂਨੀਵਰਸਿਟੀ ਵਲੋਂ ਤਿਆਰ ਕੀਤਾ ਬੀਜ ਪ੍ਰਾਪਤ ਕਰਨ ਲਈ ਲੰਬੀਆਂ ਕਤਾਰਾਂ ਵੇਖੀਆਂ ਗਈਆਂ। ਇਸ ਮੌਕੇ ਯੂਨੀਵਰਸਿਟੀ ਦੇ ਮਾਸਕ ਪੱਤਰਾਂ ਦੀ ਮੈਂਬਰਸ਼ਿਪ ਲੈਣ ਤੇ ਭਾਰੀ ਛੋਟ ਦਿੱਤੀ ਗਈ।
ਇਸ ਮੌਕੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਇਕ ਯਾਦਗਾਰ ਚਿੰਨ੍ਹ ਵੀ ਭੇਟ ਕੀਤਾ ਗਿਆ। ਅੰਤ ਵਿੱਚ ਧੰਨਵਾਦ ਦੇ ਸ਼ਬਦ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ: ਪੁਸ਼ਪਿੰਦਰ ਸਿੰਘ ਔਲਖ ਨੇ ਕਹੇ।