ਡਾ. ਦਰਸ਼ਨ ਸਿੰਘ ਹਰਵਿੰਦਰ
ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਜਾ ਵਿੱਦਿਅਕ ਅਦਾਰਿਆਂ ਦਾ ਜਦੋਂ ਵੀ ਜ਼ਿਕਰ ਛਿੜਦਾ ਹੈ, ਉਦੋਂ ਦਿੱਲੀ ਦਾ ਬੇਤਾਜ ਬਾਦਸ਼ਾਹ ਜਥੇਦਾਰ ਸੰਤੋਖ ਸਿੰਘ ਬੜੇ ਸਤਿਕਾਰ ਨਾਲ ਚੇਤੇ ਕੀਤਾ ਜਾਂਦਾ ਹੈ। ਚਾਂਦਨੀ ਚੌਕ ਦੀ ਪੁਲਿਸ ਕੋਤਵਾਲੀ ਵਾਲੀ ਥਾਂ ਦਾ ਗੁਰਦੁਆਰਾ ਸੀਸ ਗੰਜ ਸਾਹਿਬ ਨਾਲ ਸਬੰਧਤ ਹੋ ਜਾਣਾ, ਬੰਗਲਾ ਸਾਹਿਬ ਦੇ ਸਾਹਮਣੇ ਦੀ ਪਾਰਕ ਦਾ ਸੜਕ ਬੰਦ ਕਰ ਕੇ ਗੁਰਦੁਆਰੇ ਨਾਲ ਜੋੜਿਆ ਜਾਣਾ, ਖਾਲਸਾ ਕਾਲਜ ਦੀ ਯੂਨੀਵਰਸਿਟੀ ਕੈਂਪਸ ਵਿਚ ਥਾਂ ਲੈ ਕੇ ਉਥੇ ਰਾਸ਼ਟਰਪਤੀ ਡਾ। ਜਾਕਿਰ ਹੁਸੈਨ ਦੁਆਰਾ 1973 ਵਿਚ ਉਸਾਰੀ ਕਰਵਾਉਣੀ ਤੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਇਕ ਤੋਂ ਦੋ ਕਰਨਾ, ਦੇਵ ਨਗਰ ਵਿਚ ਟੈਕਨੀਕਲ ਇੰਸਟੀਚਿਊਟ ਸਥਾਪਤ ਕਰਵਾਉਣਾ ਜਥੇਦਾਰ ਦੀ ਬਹੁ ਪੱਖੀ ਅਜ਼ੀਮ ਸ਼ਖ਼ਸੀਅਤ ਦਾ ਹੀ ਕਮਾਲ ਸਨ ਜਿਸ ਨੇ ਉਨ੍ਹਾਂ ਨੂੰ ਪੰਥ ਦਾ ਮਹਾਂ ਨਾਇਕ ਬਣਾ ਕੇ ਰੱਖ ਦਿੱਤਾ।
20 ਮਾਰਚ 1929 ਨੂੰ ਜਲੰਧਰ ਦੇ ਕੋਟ ਬਾਦਲ ਖਾਂ ਦੇ ਕਿਰਤੀ ਪਰਿਵਾਰ ਵਿਚ ਸ੍ਰ। ਬੂਟਾ ਸਿੰਘ ਦੇ ਘਰ ਮਾਤਾ ਿਸ਼ਨ ਕੌਰ ਦੀ ਕੁੱਖੋਂ ਜਨਮੇ ਜਥੇਦਾਰ ਸੰਤੋਖ ਸਿੰਘ ਨੂੰ ਦੇਸ਼ ਪਿਆਰ ਦਾ ਜ਼ਜਬਾ ਵਿਰਾਸਤ ਵਿਚ ਮਿਲਿਆ। ਅਜੇ 13 ਸਾਲ ਦੇ ਹੀ ਸਨ ਜਦ 1942 ਵਿਚ ਮਹਾਤਮਾ ਗਾਂਧੀ ਵਲੋਂ ਚਲਾਈ ਗਈ ਲਹਿਰ ‘ਅੰਗਰੇਜੋ ਭਾਰਤ ਛੱਡੋ’ ਵਿਚ ਸ਼ਾਮਲ ਹੋ ਕੇ ਉਨ੍ਹਾਂ ਨੇ ਪਹਿਲੀ ਵਾਰ ਗਿ੍ਰਫਤਾਰੀ ਦਿੱਤੀ। ਪੰਥ ਰਤਨ ਮਾਸਟਰ ਤਾਰਾ ਸਿੰਘ ਵੱਲੋਂ ਲਗਾਏ ‘ਪੰਜਾਬੀ ਸੂਬਾ ਮੋਰਚੇ’ ਦੌਰਾਨ ਸਾਢੇ ਤਿੰਨ ਮਹੀਨੇ ਕੈਦ ਕੱਟ ਕੇ ਸਿਆਸਤ ਵਿਚ ਪੈਰ ਰੱਖਣ ਵਾਲੇ ਜਥੇਦਾਰ ਸੰਤੋਖ ਸਿੰਘ ਦੇ ਪ੍ਰੇਰਨਾ ਸਰੋਤ ਮਾਸਟਰ ਤਾਰਾ ਸਿੰਘ ਹੀ ਰਹੇ। ਸੰਨ 1962 ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਸਕੱਤਰ ਬਣਦਿਆਂ ਹੀ ਜਥੇਦਾਰ ਸੰਤੋਖ ਸਿੰਘ ਨੇ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੇ ਗੁਰਦੁਆਰਿਆਂ ਦੀਆਂ ਜਾਇਦਾਦਾਂ ਤੇ ਆਲਾ ਦੁਆਲਾ ਸਾਂਭਣ ਤੇ ਸੁੰਦਰ ਬਨਾਉਣ ਵਿਚ ਜਿਸ ਤੇਜੀ ਨਾਲ ਕਾਰਵਾਈ ਕੀਤੀ ਉਸ ਨੂੰ ਇਤਿਹਾਸ ਦੇ ਸੁਨਿਹਰੀ ਪੰਨਿਆਂ ਵਿਚ ਸਦਾ ਯਾਦ ਕੀਤਾ ਜਾਂਦਾ ਰਹੇਗਾ।
ਸੀਸ ਗੰਜ ਸਾਹਿਬ ਦੇ ਨਾਲ ਵਾਲੀ ਕੋਤਵਾਲੀ ਮੁਗਲ ਸਮਰਾਟ ਸ਼ਾਹ ਜਹਾਨ ਦੇ ਵਕਤ ਦੀ ਹੈ, ਇਹਦਾ ਮਤਲਬ ਤੁਸੀਂ ਲਾਲ ਕਿਲਾ ਹੀ ਲੈ ਲਿਆ। ਉਹ ਕੋਤਵਾਲੀ ਜਿਥੇ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਤੋਂ ਪਹਿਲਾਂ ਕੈਦ ਰਹੇ, ਦੀ ਵਾਪਸੀ ਲਈ ਜਥੇਦਾਰ ਸੰਤੋਖ ਸਿੰਘ ਲਈ ਸਿਰ ਆਪਣੇ ਆਪ ਹੀ ਨਤਮਸਤਕ ਹੋ ਜਾਂਦਾ ਹੈ। ਏਸੇ ਤਰ੍ਹਾਂ ਕੁੜੀਆ ਦਾ ਮਾਤਾ ਸੁੰਦਰੀ ਕਾਲਜ 1967 ਵਿਚ ਜਥੇਦਾਰ ਦੇ ਅਣਥੱਕ ਯਤਨਾਂ ਸਦਕਾ ਹੋਂਦ ਵਿਚ ਆਇਆ ਵਰਨਾ ਯੂਨੀਵਰਸਿਟੀ ਤਾਂ ਇਜਾਜ਼ਤ ਹੀ ਨਹੀਂ ਸੀ ਦਿੰਦੀ। ਪਰ ਜਥੇਦਾਰ ਸੰਤੋਖ ਸਿੰਘ ਨੇ ਹੁਕਮਰਾਨਾਂ ਦੀ ਸਹਾਇਤਾ ਨਾਲ ਯੂ।ਜੀ।ਸੀ। ਨਿਯਮਾਂ ਨੂੰ ਟਿੱਚ ਸਮਝ ਅਦਬ ਦੀ ਖ਼ਾਤਰ ਇਸ ਅਹਿਮ ਥਾਂ ’ਤੇ ਦਿੱਲੀ ਦੇ ਦਿਲ ਰਾਊਜ਼ ਐਵੇਨਿੳੂ ਜਿਹੇ ਮਹਿੰਗੇ ਇਲਾਕੇ ਵਿਚ ਵਿਚ ਚਾਲੂ ਕਰ ਕੇ ਮਾਤਾ ਸੁੰਦਰੀ ਜੀ ਨੂੰ ਸਮਰਪਿਤ ਕੀਤਾ ਜਿਹੜਾ ਹੁਣ ਅਗਲੇ ਸਾਲ 2017 ਵਿਚ ਗੋਲਡਨ ਜੁਬਲੀ ਮਨਾਏਗਾ। ਇਥੇ ਹੀ ਬੱਸ ਨਹੀਂ, ਅਣਖੀਲੇ ਬਹਾਦਰ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਅਸਥਾਨ ਨਾਲ ਸਬੰਧਤ ਜਗ੍ਹਾ 1962 ਵਿਚ ਡਾ। ਗੰਡਾ ਸਿੰਘ ਦੀ ਕਮੇਟੀ ਬਣਾ ਕੇ ਲਈ ਤੇ ਐਤਕੀਂ 300 ਸਾਲਾ ਸ਼ਤਾਬਦੀ ਮਨਾਈ ਜਾ ਰਹੀ ਹੈ।
ਦਿੱਲੀ ਵਿਚ ਸਿੱਖ ਪਬਲਿਕ ਸਕੂਲਾਂ ਦੀ ਪਹਿਲ 1965 ਵਿਚ ਜਥੇਦਾਰ ਸੰਤੋਖ ਸਿੰਘ ਨੇ ਹੀ ਕੀਤੀ ਸੀ । ਦਿੱਲੀ ਦਾ ਦਿਲ ਕਹੇ ਜਾਣ ਵਾਲੇ ਇੰਡੀਆ ਗੇਟ ਲਾਗੇ ਉਸ ਜ਼ਮਾਨੇ ਵਿਚ ਢਾਈ ਏਕੜ ਥਾਂ ਲੈ ਕੇ ਗੁਰੂ ਹਰਿਸ਼ਨ ਪਬਲਿਕ ਸਕੂਲ ਦੀ ਨੀਂਹ ਰੱਖੀ ਤੇ ਜਥੇਦਾਰ ਨੇ ਦੋਨੋਂ ਪੁੱਤਰਾ ਤੇਜਿੰਦਰ ਅਤੇ ਮਨਜੀਤ ਸਿੰਘ ਨੂੰ ਪਹਿਲੇ ਵਿਦਿਆਰਥੀ ਬਣਾ ਕੇ ਇਤਿਹਾਸ ਰਚਿਆ। ਬਾਅਦ ਵਿਚ ਵਸੰਤ ਵਿਹਾਰ ਜਿਹੇ ਪੌਸ਼ ਇਲਾਕਿਆਂ ਵਿਚ 12 ਏਕੜ ਦੇ ਕਰੀਬ ਜਗ੍ਹਾ ਵਿਚ ਸ਼ੁਰੂ ਕੀਤੀ ਬ੍ਰਾਂਚਾਂ ਦੀ ਇਹ ਲੜੀ ਦਰਜਨ ਸਕੂਲਾਂ ਤੋਂ ਵੀ ਵੱਧ ਤਾਦਾਦ ਵਿਚ ਪਹੁੰਚ ਚੁੱਕੀ ਹੈ। ਗੁਰੂ ਹਰਿਸ਼ਨ ਪਬਲਿਕ ਸਕੂਲਾਂ ਦੀ ਐਤਕੀਂ ਗੋਲਡਨ ਜੁਬਲੀ ਗੱਜ ਵੱਜ ਕੇ ਜੋਸ਼ੋ ਖਰੋਸ਼ ਨਾਲ ਮਨਾਈ ਗਈ। ਗ੍ਰੇਟਰ ਕੈਲਾਸ਼ ਪਹਾੜੀ ਵਾਲਾ ਗੁਰਦੁਆਰਾ ਵੀ ਜਥੇਦਾਰ ਦੀ ਹੀ ਦੇਣ ਹੈ।
ਕਮਾਲ ਇਹ ਕਿ ਪਿਓ ਵਲੋਂ ਸ਼ੁਰੂ ਕੀਤੇ ਇਹ ਅਹਿਮ ਪ੍ਰੋਜੈਕਟਾਂ ਦੀਆਂ ਸ਼ਤਾਬਦੀਆਂ ਹੁਣ ਉਹਦਾ ਪੁੱਤਰ ਮਨਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਤੇ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣ ਕੇ ਮਨਾ ਰਿਹਾ ਹੈ। ਦੂਰ ਅੰਦੇਸ਼ੀ, ਸਿੱਖਾਂ ਤੇ ਦੇਸ਼ ਪ੍ਰਤੀ ਅਟੁੱਟ ਪਿਆਰ, ਦਿ੍ਰਸ਼ਟੀਕੋਣ, ਮਸਲੇ ਦੀ ਤਹਿ ਤੱਕ ਛੇਤੀ ਪਹੁੰਚਣ ਦੀ ਸੂਝ, ਤੁਰੰਤ ਫੈਸਲਾ ਕਰਨ ਦੀ ਸ਼ਕਤੀ ਤੇ ਲਗਨ ਜਥੇਦਾਰ ਸੰਤੋਖ ਸਿੰਘ ਦੀ ਬਹੁ ਪੱਖੀ ਸ਼ਖ਼ਸੀਅਤ ਵਿਚ ਸ਼ੁਮਾਰ ਸਨ। ਉਹ ਨਿਡਰ ਪੰਥਕ ਲੀਡਰ ਤੇ ਸਫਲ ਗੁਰਦੁਆਰਾ ਪ੍ਰਬੰਧਕ ਹੀ ਸਾਬਤ ਨਹੀਂ ਹੋਏ ਸਗੋਂ ਸਿੱਖ ਰਾਜਨੀਤੀ ਵਿਚ ਠੀਕ ਸੇਧ ਦੇਣ ਤੇ ਅਗਾਂਹਵਧੂ ਉਸਾਰੂ ਤਾਕਤਾਂ ਨਾਲ ਹੁੰਗਾਰਾ ਭਰਨ ਦਾ ਜੋ ਦਲੇਰੀ ਭਰਿਆ ਕਦਮ ਚੁੱਕਿਆ, ਉਹਦੇ ਲਈ ਕੌਮ ਹਮੇਸ਼ਾ ਰਿਣੀ ਰਹੇਗੀ।
ਸਿੱਖਾਂ ਨੂੰ ਗਵਰਨਰੀਆਂ, ਸਫ਼ੀਰੀਆਂ ਤੇ ਉਚੀਆਂ ਪਦਵੀਆਂ ਦਿਵਾਉਣ ਵਾਲਾ ਸਰਦਾਰ-ਏ-ਆਜ਼ਮ ਸੰਤੋਖ ਸਿੰਘ ਨੇ 1947 ਵਿਚ ਮੁਲਕ ਦੀ ਤਕਸੀਮ ਬਾਅਦ ਚਾਹੇ ਦਿੱਲੀ ਨੂੰ ਆਪਣਾ ਘਰ ਬਣਾ ਲਿਆ ਪਰ ਹਿੰਦੁਸਤਾਨ ਦੀ ਰਾਜਧਾਨੀ ਹੀ ਉਨ੍ਹਾਂ ਦੀਆਂ ਸਰਗਰਮੀਆਂ ਦਾ ਮੁੱਖ ਕੇਂਦਰ ਰਹੀ। ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਜਾਂ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਕੋਈ ਮਸਲਾ ਉਠਦਾ ਤਾਂ ਝੱਟ ਸਿੱਖ ਜਗਤ ਇਸ ਆਸ ਨਾਲ ਦਿੱਲੀ ਵੱਲ ਮੁੰਹ ਕਰਦਾ ਕਿ ਇੱਥੇ ਸੰਤੋਖ ਸਿੰਘ ਜਿਹੀ ਸ਼ਖ਼ਸੀਅਤ ਰਹਿੰਦੀ ਹੈ ਜੋ ਗੱਲਬਾਤ ਰਾਹੀਂ ਮਸਲੇ ਹੱਲ ਕਰ ਸਕਣ ਤੋਂ ਇਲਾਵਾ ਲੋੜ ਪੈਣ ’ਤੇ ਸੰਘਰਸ਼ ਲਈ ਹਥਿਆਰ ਵੀ ਵਰਤਣ ਤੋਂ ਗੁਰੇਜ਼ ਨਹੀ ਕਰਦੀ।
ਪੰਥ ਰਤਨ ਜਥੇਦਾਰ ਸੰਤੋਖ ਸਿੰਘ ਬਹੁਤ ਵਧੀਆ ਬੁਲਾਰਾ ਹੀ ਨਹੀਂ, ਬੋਲੀ ’ਤੇ ਉਸ ਦਾ ਕੰਟਰੋਲ ਬੇਨਜ਼ੀਰ ਸੀ। ਜਦੋਂ ਤਕਰੀਰ ਕਰਦਾ ਤਾਂ ਜਜ਼ਬਾਤਾਂ ਦਾ ਪ੍ਰਵਾਹ ਹੜ੍ਹ ਵਾਂਗ ਨਜ਼ਰ ਆਉਂਦਾ ਤੇ ਸ਼ਬਦ ਦਿਲ ’ਤੇ ਸਿੱਧਾ ਅਸਰ ਕਰਦਿਆਂ ਆਤਮਾ ਦੀਆਂ ਡੂੰਘਾਈਆਂ ਵਿਚ ਉਤਰ ਜਾਂਦੇ। ਉਸ ਨੇ ਪੰਥ ਪ੍ਰਤੀ ਸੋਚ ਕਦੇ ਨਹੀਂ ਛੱਡੀ ਬੇਸ਼ਕ ਉਨ੍ਹਾਂ ਇਹਦੇ ਲਈ ਹੁਕਮਰਾਨਾਂ ਨੂੰ ਹੀ ਕਿਉਂ ਨਾ ਵਰਤਿਆ ਹੋਵੇ। ਉਹ ਦੋਸਤਾਂ ਦਾ ਦੋਸਤ, ਦੁਸ਼ਮਣਾਂ ਦਾ ਦੁਸ਼ਮਣ ਸੀ ਜਿਸਦੀ ਕਹਿਣੀ ਤੇ ਕਥਨੀ ਵਿਚ ਕੋਈ ਫ਼ਰਕ ਨਹੀਂ ਸੀ। ਜਥੇਦਾਰ ਸੰਤੋਖ ਸਿੰਘ ਨੇ ਜਿਸ ਲੀਡਰ ਨਾਲ ਵੀ ਸਾਂਝ ਪਾਈ, ਉਹ ਤੋੜ ਤੱਕ ਨਿਭਾਈ, ਜਿਸ ਨਾਲ ਟੱਕਰ ਲਈ, ਉਹਨੂੰ ਵੀ ਬੁਰੇ ਦੇ ਘਰ ਤੱਕ ਪਹੁੰਚਾ ਕੇ ਛੱਡਿਆ। ਉਹ ਨੈਗੋਸੀਏਸ਼ਨ ਦੇ ਮਾਸਟਰ ਸਨ ਜਿਸ ਦੀ ਬਦੌਲਤ ਉਨ੍ਹਾਂ ਪੰਡਿਤ ਜਵਾਹਰ ਲਾਲ ਨਹਿਰੂ ਕੋਲੋਂ ਵੀ ਈਨ ਮਨਵਾਈ। ਮਜਨੂੰ ਕਾ ਟਿੱਲਾ, ਨਾਨਕ ਪਿਆਓ, ਮਾਤਾ ਸੁੰਦਰੀ ਦੀਆਂ ਜ਼ਮੀਨਾਂ ਲੈਣੀਆਂ ਜਦੋਂ ਉਮਰ ਮਹਿਜ 30 ਸਾਲ ਦੇ ਕਰੀਬ ਸੀ, ਜਥੇਦਾਰ ਦੀ ਵੱਡੀ ਪ੍ਰਾਪਤੀ ਸੀ ਤੇ ਫਿਰ ਉਹ ਵੀ ਐਜੂਕੇਸ਼ਨ ਨਾ ਹੋਣ ਦੇ ਬਾਵਜੂਦ। 1969 ਵਿਚ ਬਰਤਾਨੀਆਂ ਵਿਚਲਾ ਪੱਗ ਮੋਰਚਾ, ਮਈ 1964 ਵਿਚ ਮਹੰਤਾਂ ਕੋਲੋਂ ਪੌਂਟਾ ਸਾਹਿਬ ਦੀ ਆਜ਼ਾਦੀ ਦਾ ਮਸਲਾ ਤੇ 1967 ਵਿਚ ਬਾਗਮੜ ਕਲਕੱਤੇ ਗੁਰਦੁਆਰੇ ਦੇ ਝਗੜੇ ਦਾ ਮਸਲਾ ਸੁਲਝਾਉਣਾ ਉਨ੍ਹਾਂ ਦੀ ਬਹੁਪੱਖੀ ਸ਼ਖਸੀਅਤ ਨੂੰ ਉਭਾਰਦੇ ਹਨ।
ਪੰਥਕ ਹਿਤਾਂ ਦੇ ਪਹਿਰੇਦਾਰ ਬਣ ਕੇ ਤਕਰੀਬਨ 30 ਸਾਲ ਸਿੱਖ ਸਿਆਸਤ ਦੇ ਆਕਾਸ਼ ’ਤੇ ਧਰੂ ਤਾਰੇ ਵਾਂਗ ਛਾਏ ਰਹਿਣ ਵਾਲੇ ਜਥੇਦਾਰ ਸੰਤੋਖ ਸਿੰਘ ਦਾ ਸਰੀਰਕ ਤੌਰ ’ਤੇ ਕੱਦ ਬੇਸ਼ਕ ਇੰਨਾ ਵੱਡਾ ਨਹੀਂ ਸੀ ਪਰ ਜੇ ਸਹੀ ਮਾਅਨਿਆਂ ਵਿਚ ਕੱਦ ਵੇਖਣਾ ਹੋਵੇ ਤਾਂ ਉਹ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਵੀ ਬੜਾ ਨਿੱਘਾ ਦੋਸਤ ਸੀ। ਉਹ ਇੰਦਰਾ ਜਿਸ ਦੇ ਕੋਲ ਜਾਣੋਂ ਵੀ ਕਹਿੰਦੇ ਕਹਾਉਂਦੇ ਨੇਤਾ ਤ੍ਰਭਕਦੇ ਸਨ। ਪਰ ਇੰਦਰਾ ਨੇ ਸਿਆਸੀ ਦਾਅ ਪੇਚਾ ਤਹਿਤ ਉਸ ਦੇ ਇੰਨਾ ਨੇੜੇ ਹੋਣ ਦੇ ਬਾਵਜੂਦ ਜਥੇਦਾਰ ਦੀ ਸਿਆਸੀ ਬਲੀ ਲੈਣ ਲਈ ਕਿਸ ਤਰ੍ਹਾਂ ਦਿੱਲੀ ਗੁਰਦੁਆਰਾ ਐਕਟ 1971 ਵਿਚ ਇਹ ਕਲਾਜ ਪਾਈ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਚੋਣ ਲੜਣ ਵਾਲਾ ਘੱਟੋ ਘੱਟ ਗਿਆਨੀ ਜਾ ਮੈਟਿ੍ਰਕ ਪਾਸ ਜ਼ਰੂਰ ਹੋਵੇ। ਪਰ ਵਕਤ ਬਹੁਤ ਬਲਵਾਨ ਹੈ। ਸਮਾਂ ਆਇਆ ਸੰਤੋਖ ਸਿੰਘ ਇੰਦਰਾ ਦੀ ਮਜ਼ਬੂਰੀ ਬਣ ਗਿਆ ਤੇ ਉਹ ਖੁਲ੍ਹੇ ਆਮ ਕਹਿੰਦਾ ਸੀ ਕਿ ਜੇ ਹਿੰਦੋਸਤਾਨ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੱਕ ਲਈ ਪੜ੍ਹਿਆਂ ਲਿਖਿਆਂ ਵਾਲੀ ਅਜਿਹੀ ਕੋਈ ਸ਼ਰਤ ਨਹੀਂ ਤਾਂ ਨਿਰੋਲ ਧਾਰਮਿਕ ਸੰਸਥਾ ਗੁਰਦੁਆਰਿਆਂ ਦੇ ਪ੍ਰਧਾਨ ਵਾਸਤੇ ਕਿਉਂ। ਇਹ ਤਾਂ ਲੋਕਤੰਤਰ ਦਾ ਘਾਣ ਹੈ। ਸੰਤੋਖ ਸਿੰਘ ਜੋ ਆਪਣੀ ਇਸ ਕਲਾਜ ਦੇ ਢਾਏ ਨਾ ਚੜ੍ਹਿਆ ਤਾਂ ਏਸੇ ਕਲਾਜ ਨੂੰ ਇੰਦਰਾ ਦੁਆਰਾ 9 ਸਾਲਾਂ ਬਾਅਦ ਆਰਡੀਨੈਂਸ ਜਾਰੀ ਕਰਕੇ 1980 ਵਿਚ ਰੱਦ ਕਰਨਾ ਤੇ ਜਥੇਦਾਰ ਸੰਤੋਖ ਸਿੰਘ ਦੀ ਪ੍ਰਧਾਨ ਬਣਨ ਦੀ ਰਾਹ ਖੋਲ੍ਹਣ ਲਈ ਮਜ਼ਬੂਰ ਹੋਣਾ ਪਿਆ।
ਸਿਆਸੀ ਪੰਡਤਾਂ ਦਾ ਤਾਂ ਇਥੋਂ ਤੱਕ ਕਹਿਣਾ ਹੈ ਕਿ ਜਥੇਦਾਰ ਸੰਤੋਖ ਸਿੰਘ ਨੇ ਪੰਥਕ ਸਿਆਸਤ ਨੂੰ ਜੋ ਸੇਧ ਦਿੱਤੀ ਹੈ, ਉਸ ਨੂੰ ਅਕਾਲੀ ਲੀਡਰਸ਼ੀਪ ਵੱਲੋਂ ਜੇ ਸਮੇਂ ਸਿਰ ਕਬੂਲ ਕਰ ਲਿਆ ਜਾਂਦਾ ਤਾਂ ਪੰਜਾਬ ਹਰਿਆਣਾ ਦਰਮਿਆਨ ਹੁਣ ਤੱਕ ਪੁਆੜੇ ਦੀ ਜੜ੍ਹ ਬਣਿਆ ਚੰਡੀਗੜ੍ਹ ਕਦੋਂ ਦਾ ਪੰਜਾਬ ਨੂੰ ਮਿਲ ਚੁੱਕਿਆ ਹੁੰਦਾ। ਜਥੇਦਾਰ ਨੇ ਸਿੱਖ ਹਿਤਾਂ ਲਈ ਹਰ ਹਰਬਾ ਵਰਤਿਆ, ਇਹਦੇ ਲਈ ਭਾਵੇਂ ਉਸ ਨੂੰ ਕਈ ਵਾਰ ਹਕੂਮਤ ਨਾਲ ਵੀ ਲੜਨਾ ਤੇ ਜੂਝਨਾ ਪਿਆ।ਮੀਰ-ਏ-ਕਾਰਵਾਂ ਜਥੇਦਾਰ ਸੰਤੋਖ ਸਿੰਘ ਬੇਸ਼ਕ 21 ਦਸੰਬਰ 1981 ਦੀ ਮਨਹੂਸ ਘੜੀ ਨੂੰ ਆਪਣੇ ਸਿਆਸੀ ਦੁਸ਼ਮਣਾਂ ਨਾਲ ਆਹਢਾ ਲੈਂਦਿਆਂ ਪੰਥਕ ਹਿਤਾਂ ਲਈ ਹੀ ਸੰਘਰਸ਼ ਕਰਦੇ ਸ਼ਹਾਦਤ ਦਾ ਜਾਮ ਪੀ ਕਾਫਲੇ ਦੀ ਵਾਗ-ਡੋਰ ਆਪਣੇ ਫਰਜ਼ੰਦ ਮਨਜੀਤ ਸਿੰਘ ਨੂੰ ਸੰਭਾਲ ਕੇ ਦੁਨੀਆਂ ਨੂੰ ਅਲਵਿਦਾ ਕਹਿ ਗਏ, ਤਦ ਵੀ ਇਹ ਕਾਫਿਲਾ ਚੱਲਦਾ ਜਾ ਰਿਹਾ ਹੈ ਤੇ ਚਲਦਾ ਰਹੇਗਾ। ਆਮੀਨ ।
Ik mahan shakshiat de mahan karnamia di visthar purvak jankari ne buhat pharbawat kita hai. Jiwani sahit ik changi vangi hai is da vithar hunda rehana chida hai.
Thanks