ਨਵੀਂ ਦਿੱਲੀ – ਪ੍ਰਧਾਨਮੰਤਰੀ ਮੋਦੀ ਅਤੇ ਉਸ ਦੇ ਕੈਬਨਿਟ ਮੰਤਰੀਆਂ ਨੇ ਵਿੱਤੀ ਸਾਲ 2015-16 ਦੇ ਦੌਰਾਨ ਵਿਦੇਸ਼ ਯਾਤਰਾ ਤੇ 567 ਕਰੋੜ ਰੁਪੈ ਖਰਚ ਕੀਤੇ। ਬਜਟ ਦੇ ਦਸਤਾਵੇਜਾਂ ਤੋਂ ਇਸ ਸਬੰਧੀ ਜਾਣਕਾਰੀ ਮਿਲੀ ਹੈ। ਇਹ ਖਰਚਾ ਪਿੱਛਲੇ ਵਿੱਤੀ ਸਾਲ ਦੇ ਖਰਚ ਤੋਂ 80 ਫੀਸਦੀ ਵੱਧ ਹੈ।
ਜਿਕਰਯੋਗ ਹੈ ਕਿ ਬੀਤੇ ਵਿੱਤੀ ਸਾਲ (2015-16) ਦੀ ਸ਼ੁਰੂਆਤ ਵਿੱਚ ਵਿਦੇਸ਼ ਯਾਤਰਾਵਾਂ ਤੇ ਹੋਣ ਵਾਲੇ ਖਰਚ ਦੇ ਅੰਕੜੇ 269 ਕਰੋੜ ਰੁਪੈ ਦੇ ਕਰੀਬ ਰੱਖੇ ਗਏ ਸਨ,ਪਰ ਬਾਅਦ ਵਿੱਚ ਇਹ ਖਰਚ ਵਧਾ ਕੇ ਦੁਗਣਾ ਕਰ ਦਿੱਤਾ ਗਿਆ ਸੀ। ਐਨਡੀਏ ਸਰਕਾਰ ਦੇ 3 ਸਾਲ ਦੇ ਵਿਦੇਸ਼ੀ ਦੌਰਿਆਂ ਦੇ ਖਰਚ ਨੂੰ ਮਿਲਾ ਦਿੱਤਾ ਜਾਵੇ ਤਾਂ ਇਹ ਖਰਚ (2014-15 ਤੋਂ 2016-17) ਦੇ ਅੰਕੜੇ 1140 ਕਰੋੜ ਰੁਪੈ ਆਵੇਗਾ। ਜਦੋਂ ਕਿ ਯੂਪੀਏ ਸਰਕਾਰ ਦਾ ਪੰਜ ਸਾਲ ਦਾ ਖਰਚ 1500 ਕਰੋੜ ਰੁਪੈ ਸੀ।
ਯੂਪੀਏ ਸਰਕਾਰ ਦੀ ਤੁਲਣਾ ਵਿੱਚ ਐਨਡੀਏ ਸਰਕਾਰ ਆਪਣੇ ਮੰਤਰੀਆਂ ਤੇ ਜਿਆਦਾ ਖਰਚ ਕਰ ਰਹੀ ਹੈ। ਮੋਦੀ ਦੀ ਕੈਬਨਿਟ ਵਿੱਚ 64 ਮੰਤਰੀ ਹਨ ਜਦੋਂ ਕਿ ਯੂਪੀਏ ਸਰਕਾਰ ਦੌਰਾਨ ਇਹ ਸੰਖਿਆ 75 ਸੀ। ਜੇ ਪਿੱਛਲੀ ਸਰਕਾਰ ਨਾਲ ਤੁਲਣਾ ਕੀਤੀ ਜਾਵੇ ਤਾਂ ਮੋਦੀ ਦੇ ਮੰਤਰੀਆਂ ਨੂੰ 25 ਫੀਸਦੀ ਸੈਲਰੀ ਵੱਧ ਮਿਲ ਰਹੀ ਹੈ। ਹਰ ਸਾਲ ਭੱਤਿਆਂ ਤੇ 10.20 ਕਰੋੜ ਰੁਪੈ ਖਰਚ ਹੋ ਰਹੇ ਹਨ। ਇਹ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਦੇ ਦੌਰਾਨ ਕੀਤੇ ਗਏ ਖਰਚ ਤੋਂ 8% ਵੱਧ ਹਨ।