ਚੰਡੀਗੜ੍ਹ – “ਸਾਨੂੰ ਸਾਡੇ ਅਮਰੀਕਾ ਦੇ ਅਤਿ ਭਰੋਸਯੋਗ ਵਸੀਲਿਆ ਤੋਂ ਮਿਲੀ ਰਿਪੋਰਟ ਅਨੁਸਾਰ ਜਾਣਕਾਰੀ ਮਿਲੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ, ਅਗਜੈਕਟਿਵ ਮੈਬਰ ਸ. ਕਰਨੈਲ ਸਿੰਘ ਪੰਜੋਲੀ ਅਤੇ ਹੋਰਨਾਂ ਕੁਝ ਅਗਜੈਕਟਿਵ ਮੈਬਰਾਂ ਦੀ ਮਿਲੀਭੁਗਤ ਰਾਹੀ ਗੁਰੂ ਦੀ ਗੋਲਕ ਦੇ ਖਜਾਨੇ ਅਤੇ ਸਿੱਖ ਕੌਮ ਦੇ ਦਸਵੰਧ ਰਾਹੀ ਇਕੱਤਰ ਹੋਏ ਕੌਮੀ ਖਜ਼ਾਨੇ ਵਿਚੋ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਨਾਮ ਤੇ ਕੋਈ 51 ਏਕੜ ਦੇ ਕਰੀਬ ਖਰੌੜੇ ਪਿੰਡ ਦੀ ਜ਼ਮੀਨ ਜੋ ਡੇਢ ਸਾਲ ਪਹਿਲੇ ਨਾਲ ਦੀ ਜ਼ਮੀਨ 38 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਵਿਕਰੀ ਹੋਈ ਸੀ ਅਤੇ ਜਿਸਦੀ ਅੱਜ ਬਜ਼ਾਰੂ ਕੀਮਤ ਜ਼ਮੀਨਾਂ ਦੇ ਭਾਅ ਡਿੱਗਣ ਕਾਰਨ ਉਸ 38 ਲੱਖ ਪ੍ਰਤੀ ਏਕੜ ਤੋ ਵੀ ਘੱਟ ਚੁੱਕੀ ਹੈ, ਉਸ ਜ਼ਮੀਨ ਨੂੰ ਐਸ.ਜੀ.ਪੀ.ਸੀ. ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ, ਅਗਜੈਕਟਿਵ ਮੈਬਰ ਕਰਨੈਲ ਸਿੰਘ ਪੰਜੋਲੀ ਅਤੇ ਕੁਝ ਹੋਰਨਾਂ ਮੈਬਰਾਂ ਵੱਲੋ 45 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਖਰੀਦੀ ਜਾ ਰਹੀ ਹੈ । ਜਦੋਕਿ 9-10 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਇਹ ਜ਼ਮੀਨ ਮਹਿੰਗੀ ਖਰੀਦਣ ਦੀ ਸਾਜਿ਼ਸ ਉਤੇ ਇਸ ਲਈ ਕੰਮ ਹੋ ਰਿਹਾ ਹੈ ਤਾਂ ਕਿ ਗੁਰੂ ਦੀ ਗੋਲਕ ਦੇ 4 ਕਰੋੜ ਦੇ ਕਰੀਬ ਖਜ਼ਾਨੇ ਦੀ ਲੁੱਟ ਕਰਕੇ ਪ੍ਰਧਾਨ ਤੇ ਇਹ ਮੈਬਰ ਆਪਸ ਵਿਚ ਵੰਡਕੇ ਆਪਣੇ ਮਾਲੀ ਤੇ ਪਰਿਵਾਰਿਕ ਸਵਾਰਥਾਂ ਦੀ ਪੂਰਤੀ ਕਰ ਸਕਣ । ਜੇਕਰ ਐਸ.ਜੀ.ਪੀ.ਸੀ. ਦੇ ਮੌਜੂਦਾ ਇਹਨਾਂ ਗੈਰ-ਇਖ਼ਲਾਕੀ ਅਧਿਕਾਰੀਆਂ ਨੇ ਇਹ ਹੋਣ ਜਾ ਰਹੀ ਵੱਡੀ ਕਰੋੜਾਂ ਦੀ ਕੌਮੀ ਖਜ਼ਾਨੇ ਦੀ ਲੁੱਟ ਤੋ ਤੋਬਾ ਨਾ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਬੂਤਾਂ ਅਤੇ ਦਸਤਾਵੇਜ਼ਾਂ ਸਮੇਤ ਸਿੱਖ ਕੌਮ ਨੂੰ ਇਸ ਤੋਂ ਜਾਣੂ ਕਰਵਾਉਣ ਦੇ ਆਪਣੇ ਕੌਮੀ ਫਰਜਾਂ ਦੀ ਪੂਰਤੀ ਕਰਨ ਦੀ ਜਿੰਮੇਵਾਰੀ ਨਿਭਾਏਗਾ ।”
ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਸਿੱਖ ਕੌਮ ਦੇ ਕੌਮੀ ਧਾਰਮਿਕ ਖਜ਼ਾਨੇ ਅਤੇ ਗੁਰੂ ਦੀ ਗੋਲਕ ਦੀ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਵੱਲੋਂ ਲੰਮੇਂ ਸਮੇਂ ਤੋਂ ਵੱਖ-ਵੱਖ ਵਿਦਿਅਕ ਤੇ ਹੋਰ ਸਿਹਤਕ ਅਦਾਰਿਆ ਦੇ ਸਿਆਸਤਦਾਨਾਂ ਨੂੰ ਸ਼ਾਮਿਲ ਕਰਕੇ ਬਣਾਏ ਗਏ ਨਿੱਜੀ ਟਰੱਸਟਾਂ ਰਾਹੀ ਹੋਣ ਵਾਲੀ ਲੁੱਟ-ਖਸੁੱਟ ਅਤੇ ਐਸ.ਜੀ.ਪੀ.ਸੀ. ਦੇ ਲਈ ਵਸਤਾਂ ਦੀ ਖਰੀਦੋ-ਫਿਰੋਖਤ ਸਮੇਂ ਹੁੰਦੀ ਆ ਰਹੀ ਲੁੱਟ-ਖਸੁੱਟ ਸੰਬੰਧੀ ਸ. ਅਵਤਾਰ ਸਿੰਘ ਮੱਕੜ ਪ੍ਰਧਾਨ, ਐਸ.ਜੀ.ਪੀ.ਸੀ. ਨੂੰ ਲਿਖੇ ਗਏ ਅਤਿ ਗੰਭੀਰ ਪੱਤਰ ਅਤੇ ਅਜਿਹੀ ਹੋਣ ਵਾਲੀ ਲੁੱਟ-ਖਸੁੱਟ ਦੇ ਨਿਕਲਣ ਵਾਲੇ ਮਾੜੇ ਨਤੀਜਿਆ ਤੋਂ ਇਹ ਦੇ ਕਾਲੇ ਕਾਰਨਾਮਿਆ ਤੋਂ ਖ਼ਬਰਦਾਰ ਕਰਦੇ ਹੋਏ ਚੰਡੀਗੜ੍ਹ ਦੀ ਪ੍ਰੈਸ ਲਈ ਜਾਰੀ ਕੀਤੇ ਗਏ ਇਕ ਪ੍ਰੈਸ ਬਿਆਨ ਵਿਚ ਪ੍ਰਗਟ ਕੀਤੇ । ਉਹਨਾਂ ਇਸ ਲਿਖੇ ਗਏ ਪੱਤਰ ਵਿਚ ਅੱਗੇ ਚੱਲਕੇ ਕਿਹਾ ਕਿ ਐਸ.ਜੀ.ਪੀ.ਸੀ. ਦੇ ਮੌਜੂਦਾ ਪ੍ਰਧਾਨ ਤੇ ਅਗਜੈਕਟਿਵ ਮੈਬਰ ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ ਕੇਵਲ ਕੰਮ ਚਲਾਉਣ ਦੀ ਇਜ਼ਾਜਤ ਦਿੱਤੀ ਹੋਈ ਹੈ, ਉਹ ਕੋਈ ਵੀ ਵੱਡਾ ਖ਼ਰਚ ਕਰਨ ਜਾਂ ਐਸ.ਜੀ.ਪੀ.ਸੀ. ਦੇ ਧਾਰਮਿਕ ਖਜ਼ਾਨੇ ਨੂੰ ਕਿਸੇ ਵੱਡੀ ਪਲਾਨਿੰਗ ਲਈ ਖ਼ਰਚ ਕਰਨ ਦਾ ਕੋਈ ਅਧਿਕਾਰ ਨਹੀਂ ਰੱਖਦੇ । ਕਿਉਂਕਿ ਕਾਨੂੰਨੀ ਤੌਰ ਤੇ 2004 ਵਾਲੀ ਅਗਜੈਕਟਿਵ ਕਮੇਟੀ ਹੀ ਕੰਮ ਕਰ ਰਹੀ ਹੈ, 2011 ਵਾਲੀ ਕਮੇਟੀ ਤੇ ਮੈਬਰਾਂ ਦਾ ਤਾਂ ਇਜ਼ਲਾਸ ਹੀ ਨਹੀਂ ਹੋਇਆ, ਜਿਨ੍ਹਾਂ ਨੂੰ ਕਾਨੂੰਨੀ ਮਾਨਤਾ ਹੀ ਪ੍ਰਾਪਤ ਨਹੀਂ । ਮੌਜੂਦਾ ਐਸ.ਜੀ.ਪੀ.ਸੀ. ਦੀ ਅਗਜੈਕਟਿਵ ਵਿਚ ਬੈਠੀਆਂ ਉਹਨਾਂ ਕਾਲੀਆ ਭੇਡਾਂ ਦੇ ਕੌਮ ਵਿਰੋਧੀ ਅਮਲਾਂ ਨੂੰ ਬਿਲਕੁਲ ਬਰਦਾਸਤ ਨਹੀਂ ਕੀਤਾ ਜਾਵੇਗਾ, ਜੋ ਨਿੱਜੀ ਟਰੱਸਟ ਬਣਾਕੇ ਕੌਮੀ ਖਜ਼ਾਨੇ ਦੀ ਵੱਡੇ ਪੱਧਰ ਤੇ ਲੁੱਟ ਕਰਨ ਅਤੇ ਐਸ.ਜੀ.ਪੀ.ਸੀ. ਦੀ ਧਾਰਮਿਕ ਸੰਸਥਾਂ ਵਿਚ ਗੈਰ-ਇਖ਼ਲਾਕੀ ਕਾਰਵਾਈਆ ਦੀ ਸਰਪ੍ਰਸਤੀ ਕਰ ਰਹੇ ਹਨ ।
ਸ. ਮਾਨ ਨੇ ਕਿਹਾ ਕਿ ਪਹਿਲੇ ਵੀ ਵੱਡੇ ਪੱਧਰ ਤੇ ਗੁਰੂਘਰਾਂ ਵਿਚ ਬਣਨ ਵਾਲੇ ਪ੍ਰਸ਼ਾਦ ਲਈ ਦੇਸੀ ਘੀ ਖਰੀਦਣ ਸਮੇਂ, ਸਿਰਪਾਓ ਖਰੀਦਣ ਸਮੇਂ, ਸ੍ਰੀ ਦਰਬਾਰ ਸਾਹਿਬ ‘ਤੇ ਸੰਗਤ ਵੱਲੋਂ ਚੜ੍ਹਾਏ ਜਾਣ ਵਾਲੇ ਚੰਦੋਆ ਸਾਹਿਬ ਦੀ ਖਰੀਦੋ-ਫਿਰੋਖਤ ਅਤੇ ਚੜ੍ਹਾਉਣ ਦੀ ਵਾਰੀ ਵਿਚ ਸੰਗਤਾਂ ਨਾਲ ਹੋ ਰਹੀ ਵੱਡੀ ਲੁੱਟ-ਖਸੁੱਟ ਕਾਫ਼ੀ ਲੰਮੇ ਸਮੇਂ ਤੋ ਹੁੰਦੀ ਆ ਰਹੀ ਹੈ। ਅਜਿਹੇ ਗੈਰ-ਧਾਰਮਿਕ ਕੰਮ ਕਰਨ ਵਾਲੀਆਂ ਜੋਕਾਂ ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ. ਦੇ ਪ੍ਰਬੰਧ ਨਾਲ ਚੰਬੜੀਆਂ ਹੋਈਆਂ ਹਨ, ਜਿਨ੍ਹਾਂ ਦਾ ਧਰਮ ਤੇ ਕੌਮੀ ਸਿਧਾਤਾਂ ਤੇ ਸੋਚ ਨਾਲ ਦੂਰ ਦਾ ਵੀ ਵਾਸਤਾ ਨਹੀਂ । ਲੇਕਿਨ ਇਹ ਨੀਲੀਆਂ ਦਸਤਾਰਾਂ ਸਜ਼ਾਕੇ ਅਤੇ ਸ੍ਰੀ ਸਾਹਿਬ ਪਹਿਨਕੇ ਅਸਲੀਅਤ ਵਿਚ ਸਿੱਖ ਕੌਮ ਨੂੰ “ਗੁਰਮੁੱਖ” ਹੋਣ ਦਾ ਬਹੁਤ ਵੱਡਾ ਭੁਲੇਖਾ ਪਾਉਦੇ ਆ ਰਹੇ ਹਨ । ਜਦੋਕਿ ਇਹਨਾਂ ਦੇ ਅਮਲਾਂ ਉਤੇ ਜੇਕਰ ਨਿਰਪੱਖਤਾ ਨਾਲ ਨਜ਼ਰ ਮਾਰੀ ਜਾਵੇ ਤਾਂ ਇਹਨਾਂ ਦੇ ਗੈਰ-ਇਖ਼ਲਾਕੀ ਕੰਮਾਂ ਦਾ ਪੰਨਾ ਕਾਲੇ ਅੱਖਰਾਂ ਨਾਲ ਤਾਂ ਭਰਿਆ ਪਿਆ ਹੈ, ਲੇਕਿਨ ਚਿੱਟਾ ਪੰਨਾ, ਜਿਸਦੀ ਗੁਰੂ ਸਾਹਿਬ ਸਾਨੂੰ ਆਦੇਸ਼ ਦਿੰਦੇ ਹਨ ਅਤੇ ਅਗਵਾਈ ਕਰਦੇ ਹਨ, ਉਹ ਇਹਨਾਂ ਦਾ ਪੰਨਾ ਬਿਲਕੁਲ ਖਾਲੀ ਹੈ । ਸਾਨੂੰ ਇਸ ਗੱਲ ਦਾ ਵੀ ਬੇਹੱਦ ਦੁੱਖ ਅਤੇ ਅਫਸੋਸ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੁਝ ਸਮਾਂ ਪਹਿਲੇ ਜੋ ਦਲਜੀਤ ਸਿੰਘ ਬੇਦੀ ਵਰਗੇ ਸਕੱਤਰ ਦੇ ਅਹੁਦੇ ਤੇ ਕੰਮ ਕਰਨ ਵਾਲੇ ਦਾਗੀ ਇਨਸਾਨ ਜਿਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਅਸੀ ਪ੍ਰੈਸ ਨੂੰ ਬੀਤੇ ਸਮੇਂ ਵਿਚ ਸੰਗਤਾਂ ਦੀ ਜਾਣਕਾਰੀ ਹਿੱਤ ਜਾਰੀ ਕਰ ਚੁੱਕੇ ਹਾਂ, ਅਜਿਹੇ ਗੈਰ-ਇਖ਼ਲਾਕੀ ਦਾਗੀ ਇਨਸਾਨਾਂ ਨੂੰ ਸ੍ਰੀ ਮੱਕੜ ਕੇਵਲ ਤਰੱਕੀਆ ਦੇ ਕੇ ਵੱਡੇ ਅਹੁਦਿਆ ਤੇ ਹੀ ਬਿਰਾਜਮਾਨ ਨਹੀਂ ਕਰ ਰਹੇ, ਬਲਕਿ ਉਹਨਾਂ ਦੇ ਗੈਰ-ਇਖ਼ਲਾਕੀ ਅਮਲਾਂ ਦੀ ਸਰਪ੍ਰਸਤੀ ਕਰਕੇ ਖੁਦ ਵੀ ਸਿੱਖ ਕੌਮ ਦੀ ਨਜ਼ਰ ਵਿਚ ਵੱਡੇ ਦਾਗੀ ਬਣੇ ਹੋਏ ਹਨ । ਜੋ ਹੋਰ ਵੀ ਗਹਿਰੀ ਚਿੰਤਾ ਅਤੇ ਸਿੱਖ ਕੌਮ ਵੱਲੋਂ ਆਪਣੀ ਧਰਮੀ ਸੋਚ ਨੂੰ ਕਾਇਮ ਰੱਖਣ ਅਤੇ ਸਿੱਖ ਕੌਮ ਦੇ ਇਖ਼ਲਾਕ ਨੂੰ ਬੇਦਾਗ ਰੱਖਣ ਲਈ ਅਮਲੀ ਰੂਪ ਵਿਚ ਐਕਸ਼ਨ ਵਿਚ ਆਉਣ ਦੀ ਸਖ਼ਤ ਜ਼ਰੂਰਤ ਹੈ । ਤਾਂ ਕਿ ਸਿੱਖ ਕੌਮ ਦਾ ਕੌਮਾਂਤਰੀ ਪੱਧਰ ਤੇ ਬਣਿਆ ਸਤਿਕਾਰਿਤ ਅਕਸ ਕਾਇਮ ਰਹਿ ਸਕੇ ਅਤੇ ਹਰ ਸਿੱਖ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਵਿਚਰੇ, ਧੌਣ ਉੱਚੀ ਕਰਕੇ ਸ਼ਾਨ ਨਾਲ ਜੀ ਸਕੇ ।