ਨਵੀਂ ਦਿੱਲੀ – ਰਾਸ਼ਟਰਵਾਦ ਤੇ ਚੱਲ ਰਹੀ ਬਹਿਸ ਦੌਰਾਨ ਕਾਂਗਰਸ ਨੇ ਸਾਵਰਕਾਰ ਨੂੰ ਅੰਗਰੇਜਾਂ ਦਾ ਵਫਾਦਾਰ ਅਤੇ ਭਾਰਤ ਦਾ ਗਦਾਰ ਦੱਸਿਆ। ਕਾਂਗਰਸ ਨੇ ਬੁੱਧਵਾਰ ਨੂੰ ਸ਼ਹੀਦ ਦਿਵਸ ਦੇ ਮੌਕੇ ਤੇ ਰਾਸ਼ਟਰੀ ਸੇਵਕ ਸੰਘ ਅਤੇ ਬੀਜੇਪੀ ਤੇ ਨਿਸ਼ਾਨਾ ਸਾਧਦੇ ਹੋਏ ਸੁਤੰਤਰਤਾ ਸੈਨਾਨੀ ਵੀਰ ਸਾਵਰਕਾਰ ਨੂੰ ‘ਗਦਾਰ’ ਗਰਦਾਨਿਆ। ਭਾਰਤੀ ਜਨਤਾ ਪਾਰਟੀ ਨੇ ਇਸ ਦੀ ਸਖਤ ਆਲੋਚਨਾ ਕੀਤੀ ਹੈ।
ਕਾਂਗਰਸ ਨੇ ਇੱਕ ਟਵੀਟ ਵਿੱਚ ਸ਼ਹੀਦ ਭਗਤ ਸਿੰਘ ਅਤੇ ਵੀਰ ਸਾਵਰਕਾਰ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਸ ਨੂੰ ‘ਸ਼ਹੀਦ ਬਨਾਮ ਗਦਾਰ’ ਦਾ ਸਿਰਲੇਖ ਦਿੱਤਾ ਹੈ। ਭਗਤ ਸਿੰਘ ਦੀ ਤਸਵੀਰ ਤੇ ਸ਼ਹੀਦ ਅਤੇ ਸਾਵਰਕਾਰ ਦੀ ਤਸਵੀਰ ਤੇ ਗਦਾਰ ਲਿਖਿਆ ਹੈ। ਕਾਂਗਰਸ ਅਨੁਸਾਰ ਭਗਤ ਸਿੰਘ ਨੇ ਆਜ਼ਾਦੀ ਦੇ ਲਈ ਅੰਗਰੇਜ ਹਕੂਮਤ ਦੇ ਖਿਲਾਫ਼ ਲੜਾਈ ਲੜੀ ਜਦੋਂ ਕਿ ਸਾਵਰਕਾਰ ਨੇ ਅੰਗਰੇਜਾਂ ਦਾ ਗੁਲਾਮ ਬਣਨ ਲਈ ਉਨ੍ਹਾਂ ਤੋਂ ਦਇਆ ਦੀ ਭੀਖ ਮੰਗੀ। ਦੋਵਾਂ ਤਸਵੀਰਾਂ ਦੇ ਹੇਠ ਜੇਲ੍ਹ ਵਿੱਚ ਦਿੱਤੀਆਂ ਗਈਆਂ ਦਰਖਾਸਤਾਂ ਦਾ ਵਰਨਣ ਵੀ ਕੀਤਾ ਗਿਆ ਹੈ।
ਪਾਰਟੀ ਅਨੁਸਾਰ ਲਾਹੌਰ ਜੇਲ੍ਹ ਵਿੱਚ ਭਗਤ ਸਿੰਘ ਨੇ 1931 ਵਿੱਚ ਅੰਗਰੇਜਾਂ ਨੂੰ ਲਿਖਿਆ ਸੀ ਕਿ ਬ੍ਰਿਟਿਸ਼ ਰਾਸ਼ਟਰ ਅਤੇ ਭਾਰਤੀ ਰਾਸ਼ਟਰ ਦੇ ਦਰਮਿਆਨ ਯੁੱਧ ਵਰਗੀ ਸਥਿਤੀ ਹੈ ਅਤੇ ਅਸਾਂ ਇਸ ਲੜਾਈ ਵਿੱਚ ਹਿੱਸਾ ਲਿਆ ਹੈ ਅਤੇ ਅਸੀਂ ਜੰਗੀ ਕੈਦੀ ਹਾਂ।
ਸਾਵਰਕਾਰ ਬਾਰੇ ਕਾਂਗਰਸ ਦਾ ਕਹਿਣਾ ਹੈ ਕਿ ਉਸ ਨੇ ਅੰਡੇਮਾਨ ਦੀ ਜੇਲ੍ਹ ਵਿੱਚ ਦਰਖਾਸਤ ਦੇ ਕੇ ਕਿਹਾ ਸੀ ਕਿ ਜੇ ਸਰਕਾਰ ਦਿਆਲਤਾ ਵਿਖਾਉਂਦੇ ਹੋਏ ਉਨ੍ਹਾਂ ਨੂੰ ਰਿਹਾ ਕਰਦੀ ਹੈ ਤਾਂ ਸੰਵਧਾਨਿਕ ਪ੍ਰਗਤੀ ਦਾ ਜੋਰਦਾਰ ਸਮਰਥਣ ਕਰਨਗੇ ਅਤੇ ਅੰਗਰੇਜ ਸਰਕਾਰ ਪ੍ਰਤੀ ਵਫ਼ਾਦਾਰੀ ਵਿਖਾਉਣਗੇ ਜੋ ਉਸ ਪ੍ਰਗਤੀ ਦੇ ਲਈ ਸੱਭ ਤੋਂ ਅਹਿਮ ਸ਼ਰਤ ਹੈ। ਇਸ ਤੋਂ ਪਹਿਲਾਂ ਹਾਲ ਹੀ ਵਿੱਚ ਰਾਹੁਲ ਗਾਂਧੀ ਨੇ ਬੀਜੇਪੀ ਤੇ ਵਾਰ ਕਰਦੇ ਹੋਏ ਕਿਹਾ ਸੀ ਕਿ ਗਾਂਧੀ ਸਾਡੇ ਹਨ ਤੇ ਸਾਵਰਕਾਰ ਤੁਹਾਡੇ ਹਨ।