ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਾਲ ਆਡੀਟੋਰਿਅਮ ਵਿਖੇ ਨਾਟਕ “ਭਗਤ ਸਿੰਘ ਸਰਦਾਰ” ਦਾ ਮੰਚਨ ਯੂਨੀਵਰਸਿਟੀ ਦੇ ਵੱਖ-2 ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੋਰ ਤੇ ਬੇਸਿਕ ਸਾਇੰਸ ਅਤੇ ਹੋਮ ਸਾਇੰਸ ਕਾਲਜ ਦੇ ਡੀਨ ਡਾ. ਗੁਰਿੰਦਰ ਕੋਰ ਸਾਂਘਾ, ਜਿਲੇ ਦੇ ਮੱਖ ਖੇਤੀਬਾੜੀ ਅਫਸਰ ਡਾ. ਸੁਖਪਾਲ ਸਿੰਘ ਸੇਖੋਂ, ਇਨਕਮ ਟੈਕਸ ਅਫਸਰ ਸ਼੍ਰੀ ਰਾਜੀਵ ਪੁਰੀ, ਸਾਬਕਾ ਅਪਰ ਨ੍ਰਿਦੇਸ਼ਕ ਖੋਜ ਅਤੇ ਸੰਚਾਰ ਡਾ. ਜਗਤਾਰ ਸਿੰਘ ਧਿਮਾਨ ਅਤੇ ਵੰਡੀ ਗਿਣਤੀ ਦੇ ਵਿੱਚ ਵਿਗਿਆਨੀ ਅਤੇ ਵਿਦਿਆਰਥੀ ਹਾਜਰ ਸਨ।
ਇਸ ਮੌਕੇ ਵਿਸ਼ੇਸ਼ ਤੌਰ ਤੇ ਨ੍ਰਿਦੇਸ਼ਕ ਵਿਦਿਆਰਥੀ ਭਲਾਈ ਅਤੇ ਡਾ. ਕੇਸ਼ਵ ਰਾਮ ਸ਼ਰਮਾ ਯਾਦਗਾਰੀ ਸੋਸਾਇਟੀ ਵੱਲੋਂ ਬੀਤੇ ਦਿਨੀਂ ਸ਼੍ਰਿੋਮਣੀ ਪੰਜਾਬੀ ਕਵੀ ਦੇ ਨਾਲ ਭਾਸ਼ਾ ਵਿਭਾਗ ਵਲੋਂ ਸਨਮਾਨਿਤ ਪ੍ਰੋ. ਗੁਰਭਜਨ ਗਿਲ ਅਤੇ ਸ਼੍ਰੋਮਣੀ ਪੰਜਾਬੀ ਨਾਟਕਕਾਰ ਵਜੋਂ ਸਨਮਾਨਤ ਪ੍ਰੋ. ਪਾਲੀ ਭੁਪਿੰਦਰ ਨੂੰ ਸਨਮਾਨਿਤ ਕੀਤਾ ਗਿਆ। ਨਾਟਕ ਤੋਂ ਪਹਿਲਾ ਵਿਸ਼ੇਸ਼ ਤੋਰ ਤੇ ਇਹਨਾਂ ਦੋਵਾਂ ਬੁਧੀਜੀਵੀਆਂ ਨੂੰ ਦਰਸ਼ਕਾਂ ਦੇ ਨਾਲ ਰੂਬਰੁ ਵੀ ਕਰਵਾਇਆ ਗਿਆ। ਇਸ ਮੋਕੇ ਪ੍ਰੋ. ਗਿਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਖਸ਼ੀਅਤ ਉਸਾਰੀ ਦੇ ਲਈ ਸਾਹਿਤ ਇੱਕ ਵਡਮੁੱਲਾ ਸਥਾਨ ਰੱਖਦਾ ਹੈ। ਉਹਨਾਂ ਕਿਹਾ ਕਿ ਵਿਚਾਰਾਂ ਨੂੰ ਤਾਕਤ ਸ਼ਬਦ ਤੋਂ ਹੀ ਪ੍ਰਾਪਤ ਹੁੰਦੀ ਹੈ ਅਤੇ ਇਹ ਸ਼ਬਦ ਸਾਹਿਤ ਦਾ ਅਭਿੰਨ ਅੰਗ ਹਨ। ਉਹਨਾਂ ਕਿਹਾ ਕਿ ਜੇਕਰ ਨੌਜਵਾਨ ਪੀੜੀ ਭਗਤ ਸਿੰਘ ਨੂੰ ਆਪਣਾ ਆਦਰਸ਼ ਮਨਦੀ ਹੈ ਤਾਂ ਉਸ ਦੀਆਂ ਸਾਹਿਤ ਅਤੇ ਨਾਟਕ ਵਿੱਚ ਰੁਚੀਆਂ ਨੂੰ ਧਿਆਨ ਵਿੱਚ ਰਖਦਿਆਂ ਵੱਧ ਤੋਂ ਵੱਧ ਸਾਹਿਤ ਤੇ ਨਾਟਕ ਮੰਚਨ ਦੇ ਨਾਲ ਜੁੜਨਾ ਚਾਹੀਦਾ ਹੈ। ਪ੍ਰੋ. ਪਾਲੀ ਨੇ ਇਸ ਮੋਕੇ ਕਿਹਾ ਕਿ ਨਾਟਕ ਮੰਚਨ ਕਿਸੇ ਵੀ ਸਮਾਜ ਦਾ ਸੀਸ਼ਾ ਹੁੰਦਾ ਹੈ। ਉਹਨਾਂ ਕਿਹਾ ਕਿ ਇਸ ਦੇ ਲਈ ਹੋਰ ਉਪਰਾਲੇ ਪੰਜਾਬ ਦੇ ਖੇਤਰ ਵਿੱਚ ਵਿਢਨ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਸਾਨੂੰ ਹਰ ਮੁਹੱਲੇ, ਪਿੰਡ ਅਤੇ ਕਾਰਪੋਰੇਸ਼ਨਾਂ ਦੇ ਵਿੱਚ ਲਾਇਬ੍ਰੇਰੀਆਂ ਉਸਾਰਨੀਆਂ ਚਾਹੀਦੀਆਂ ਹਨ ਤਾਂ ਜੋ ਨੋਜਵਾਨ ਪੀੜੀ ਨੂੰ ਇਸ ਨਾਲ ਜੋੜਿਆ ਜਾ ਸਕੇ।
ਨਾਟਕ ਦੇ ਨਿਰਦੇਸ਼ਕ ਡਾ. ਅਨਿਲ ਸ਼ਰਮਾ ਅਤੇ ਨਰਜੀਤ ਸਿੰਘ ਨੇ ਦੱਸਿਆ ਕਿ ਇਸ ਨਾਟਕ ਵਿੱਚ ਵੱਖ-2 ਕਾਲਜਾਂ ਦੇ 40 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ । ਉਹਨਾਂ ਨੇ ਦੱਸਿਆ ਕਿ ਅੱਧੇ ਘੰਟੇ ਦੇ ਇਸ ਨਾਟਕ ਵਿੱਚ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਹੋਰ ਕ੍ਰਾਂਤੀਕਾਰੀਆਂ ਦੇ ਜੀਵਨ ਤੇ ਰੋਸ਼ਨੀ ਪਾਈ ਗਈ। ਵਿਦਿਆਰਥੀਆਂ ਦੇ ਇਸ ਪ੍ਰਭਾਵਸ਼ਾਲੀ ਨਾਟਕ ਮੰਚਨ ਨੇ ਸਭ ਨੂੰ ਮੰਤਰ ਮੁਗਧ ਕਰ ਦਿੱਤਾ। ਨਾਟਕ ਦੇ ਵਿੱਚ ਸੁਖਦੇਵ ਦਾ ਕਿਰਦਾਰ ਨਿਭਾਉਣ ਵਾਲੇ ਵਿਦਿਆਰਥੀ ਵਿਵੇਕ ਸ਼ਰਮਾਂ ਨੇ ਦੱਸਿਆ ਕਿ ਇਹਨਾਂ ਮਹਾਨ ਕ੍ਰਾਂਤੀਕਾਰੀਆਂ ਨੂੰ ਸਮਰਪਿਤ ਇਸ ਨਾਟਕ ਦੇ ਲਈ ਪਿਛਲੇ ਇੱਕ ਮਹੀਨੇ ਤੋਂ ਨਿਰੰਤਰ ਰਿਹੱਸਲਾਂ ਜਾਰੀ ਸਨ। ਇਸ ਨਾਟਕ ਵਿੱਚ ਹਰਜੀਤ ਲੱਧੜ, ਮਨਿੰਦਰ ਸਿੰਘ, ਰਮਨ ਧਾਲੀਵਾਲ, ਆਸੀਸ਼, ਗੋਰਵ, ਸ਼ਰਨ ਢਿੱਲੋਂ, ਮਨਪ੍ਰੀਤ ਕੋਰ, ਮਾਸਟਰ ਲਗਨ, ਮਾਸਟਰ ਅਭਿਨਵ, ਮਾਸਟਰ ਅਨਹਦ, ਮਾਸਟਰ ਸ਼ਲੋਕ, ਸੀਰਤ, ਗੁਰਪ੍ਰੀਤ ਸਿੰਘ, ਅਰਸ਼ਦੀਪ ਬਰਾੜ, ਸੁਰਿੰਦਰ ਸਿੰਘ, ਜਸਵੰਤ ਸਿੰਘ, ਹਰਸਿਮਰਨ ਬਰਾੜ, ਜਗਮੀਤ ਸਿੰਘ, ਹਰਜੋਤ ਸਿੰਘ, ਸਿਮਰਨ ਬੱਦਨ, ਰਨਬੀਰ ਸੰਧੂ ਆਦਿ ਨੇ ਭਾਗ ਲਿਆ।