ਨਵੀਂ ਦਿੱਲੀ : ਦਿੱਲੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਵਿਦਿਅਕ ਅਦਾਰੇ ਗੁਰੂ ਗੋਬਿੰਦ ਸਿੰਘ ਕਾੱਲੇਜ ਆੱਫ ਕਾਮਰਸ, ਪ੍ਰੀਤਮ ਪੁਰਾ ਨੂੰ ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਏਸ਼ਨ ਕਾਉਂਸਿਲ (ਐਨ.ਏ.ਏ.ਸੀ.)ਵੱਲੋਂ ਦੇਸ਼ ਭਰ ਦੇ ਕਾੱਲੇਜਾਂ ਵਿਚੋਂ ‘ਏ’ ਗ੍ਰੇਡ ਕਾੱਲੇਜ ਐਲਾਨੇ ਜਾਉਣ ਦਾ ਮਾਣ ਪ੍ਰਾਪਤ ਹੋਇਆ ਹੈ। ਕਾੱਲੇਜ ਵਿਚਕਾਰ ਮਿਆਰੀ ਪੜ੍ਹਾਈ, ਸਿਖਲਾਈ, ਖੋਜ, ਵਿਦਿਅਕ ਮਾਹੌਲ ਤੇ ਢਾਂਚਾ, ਬਾਹਰਲੀ ਦੁਨੀਆਂ ਤਕ ਪਹੁੰਚ, ਅਗਾਹਵੱਧੂ ਸੋਚ ਦਾ ਪ੍ਰਬੰਧ ਅਤੇ ਨਵੇਂ ਵਿਚਾਰਾਂ ਨੂੰ ਜਨਮ ਲੈਣ ਦੀ ਆਜ਼ਾਦੀ ਆਦਿਕ ਮਾਣਕਾਂ ਨੂੰ ਆਧਾਰ ਬਣਾਉਣ ਤੋਂ ਬਾਅਦ ਕਾੱਲੇਜ ਨੂੰ ਸਨਮਾਨ ਪ੍ਰਾਪਤ ਹੋਇਆ ਹੈ।
ਕਾੱਲੇਜ ਦੇ ਪ੍ਰਿੰਸੀਪਲ ਜਤਿੰਦਰ ਬੀਰ ਸਿੰਘ ਨੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਇਸ ਉੱਚ ਪੱਧਰੀ ਮਾਨਤਾ ਤੋਂ ਬਾਅਦ ਸਰਕਾਰ ਵੱਲੋਂ ਮਿਲਣ ਵਾਲੇ ਸਹਿਯੋਗ ਵਿਚ ਹੋਰ ਵਾਧਾ ਹੋਣ ਦੀ ਵੀ ਆਸ਼ ਜਤਾਈ। ਉਨ੍ਹਾਂ ਨੇ ਕਾੱਲੇਜ ਦੀ ਇਸ ਪ੍ਰਾਪਤੀ ਦਾ ਸਿਹਰਾ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਸਿਰ ਬੰਨਦੇ ਹੋਏ ਭਵਿੱਖ ਵਿਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਾਸਤੇ ਬੀਤੇ 3 ਸਾਲਾਂ ਤੋਂ ਪ੍ਰਬੰਧਕਾਂ ਪਾਸੋਂ ਮਿਲ ਰਹੇ ਸਮਰਥਨ ਦੇ ਜਾਰੀ ਰਹਿਣ ਦੀ ਵੀ ਆਸ਼ ਜਤਾਈ। ਪ੍ਰਬੰਧਕਾਂ ਵੱਲੋਂ ਕਾੱਲੇਜਾਂ ਦੇ ਵਿਦਿਅਕ ਮਿਆਰ ਸੰਭਾਲਣ ਵਾਸਤੇ ਪਿ੍ਰੰਸੀਪਲਾਂ ਨੂੰ ਖੁਲ੍ਹ ਦੇਣਾ, ਕੱਟ ਆੱਫ਼ ਤੋਂ ਥੱਲੇ ਦੇ ਸਿਫ਼ਾਰਸੀ ਦਾਖਿਲੇ ਬੰਦ ਕਰਨਾ ਅਤੇ ਲੋੜੀਂਦਾ ਢਾਂਚਾਗਤ ਸਮਾਨ ਸਮੇਂ ਸਿਰ ਉਪਲਬਧ ਕਰਾਉਣ ਸੱਦਕਾ ਇਹ ਨਤੀਜ਼ਾ ਸਾਹਮਣੇ ਆਉਣ ਦਾ ਵੀ ਉਨ੍ਹਾਂ ਨੇ ਦਾਅਵਾ ਕੀਤਾ। ਉਨ੍ਹਾਂ ਵੱਲੋਂ ਸਹਿਯੋਗ ਦੇਣ ਲਈ ਕਾੱਲੇਜ ਦੇ ਚੇਅਰਮੈਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਅਨੰਦ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ।