ਲਾਹੌਰ- ਪਾਕਿਸਤਾਨੀ ਪੰਜਾਬ ਦੇ ਲਾਹੌਰ ਸਥਿਤ ਗੁਲਸ਼ਨ-ਏ-ਪਾਰਕ ਵਿੱਚ ਈਸਟਰ ਦਾ ਉਤਸਵ ਮਨਾਏ ਜਾਣ ਦੌਰਾਨ ਇੱਕ ਆਤਮਘਾਤੀ ਹਮਲਾਵਰ ਨੇ ਬੰਬ ਬਲਾਸਟ ਕਰ ਦਿੱਤਾ, ਜਿਸ ਨਾਲ ਔਰਤਾਂ ਅਤੇ ਬੱਚਿਆਂ ਸਮੇਤ 70 ਲੋਕ ਮਾਰੇ ਗਏ ਅਤੇ 300 ਤੋਂ ਵੱਧ ਜਖਮੀ ਹੋ ਗਏ। ਹਮਲਾਵਰ ਤਾਲਿਬਾਨ ਨਾਲ ਸਬੰਧ ਰੱਖਦਾ ਸੀ। ਇਸ ਪਾਰਕ ਵਿੱਚ ਭਾਰੀ ਸੰਖਿਆ ਵਿੱਚ ਲੋਕ ਮੌਜੂਦ ਸਨ ਤਾਂ ਸ਼ਾਮ ਦੇ 6 ਵਜ ਕੇ 40 ਮਿੰਟ ਤੇ ਬਲਾਸਟ ਹੋ ਗਿਆ।
ਇਹ ਆਤਮਘਾਤੀ ਹਮਲਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨਾਲ ਜੁੜੇ ਇੱਕ ਸੰਗਠਨ ਦੇ 20 ਸਾਲਾ ਜਮਾਤੁਲ ਅਹਿਰਾਰ ਨਾਮ ਦੇ ਆਤਮਘਾਤੀ ਹਮਲਾਵਰ ਨੇ ਕੀਤਾ। ਸੰਗਠਨ ਅਨੁਸਾਰ ਇਹ ਹਮਲਾ ਸਾਬਕਾ ਗਵਰਨਰ ਸਲਮਾਨ ਤਾਸੀਰ ਦੇ ਹੱਤਿਆਰੇ ਮੁਮਤਾਜ ਕਾਦਰੀ ਨੂੰ ਦਿੱਤੀ ਗਈ ਫਾਂਸੀ ਦਾ ਬਦਲਾ ਲੈਣ ਲਈ ਕੀਤਾ ਗਿਆ ਹੈ। ਹਮਲਾਵਰ ਵੀ ਇਸ ਧਮਾਕੇ ਵਿੱਚ ਮਾਰਿਆ ਗਿਆ। ਸਥਾਨਕ ਪੁਲਿਸ ਅਨੁਸਾਰ ਆਤਮਘਾਤੀ ਨੇ ਝੂਲਿਆਂ ਦੇ ਕੋਲ ਆਪਣੇ ਆਪ ਨੂੰ ਵਿਸਫੋਟ ਨਾਲ ਉਡਾਇਆ। ਇਹ ਪਾਰਕ ਲਾਹੌਰ ਦੇ ਪਾਸ਼ ਇਲਾਕੇ ਵਿੱਚ ਸਥਿਤ ਹੈ। ਇਸ ਨੂੰ ਸ਼ਾਂਤ ਏਰੀਆ ਮੰਨਿਆ ਜਾਂਦਾ ਹੈ। ਪ੍ਰਧਾਨਮੰਤਰੀ ਨਵਾਜ ਸ਼ਰੀਫ਼ ਦਾ ਘਰ ਵੀ ਇਸੇ ਸ਼ਹਿਰ ਵਿੱਚ ਹੈ।
ਸੈਨਾ ਵੀ ਬਚਾਅ ਦਸਤਿਆਂ ਨਾਲ ਮਿਲ ਕੇ ਜਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਿੱਚ ਲਗੀ ਹੋਈ ਹੈ। ਲਾਹੌਰ ਦੇ ਸਾਰੇ ਹਸਪਤਾਲਾਂ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਜਖਮੀਆਂ ਦੀ ਮੱਦਦ ਕਰਨ ਲਈ ਲੋਕਾਂ ਨੂੰ ਖੂਨ ਦਾਨ ਕਰਨ ਦੀ ਅਪੀਲ ਕੀਤੀ ਗਈ ਹੈ।