ਚੰਡੀਗੜ੍ਹ – ”ਪੰਜਾਬ ਦੇ ਸ਼ਾਂਤ ਮਾਹੌਲ ਵਿਚ ਫ਼ਿਰਕੂ ਕਾਰਵਾਈਆਂ ਨਾਲ ਸ਼ਿਵ ਸੈਨਾ ਪੰਜਾਬ ‘ਚ ‘ਅੱਤਵਾਦ’ ਫ਼ੈਲਾਉਣ ਦੀਆਂ ਕੋਸ਼ਿਸ਼ਾਂ ਵਿਚ ਹੈ। 1984 ਤੋਂ ਪਹਿਲਾਂ ਵੀ ਪੰਜਾਬ ਤੇ ਪੰਜਾਬੋਂ ਬਾਹਰ ਨਿਹੱਥੇ ਸਿੱਖਾਂ ‘ਤੇ ਕੁਝ ਫ਼ਿਰਕੂ ਤਾਕਤਾਂ ਦੀ ਸ਼ਹਿ ਪ੍ਰਾਪਤ ਗੈਰ-ਸਮਾਜੀ ਤੱਤਾਂ ਵਲੋਂ ਕੀਤੇ ਜਾਂਦੇ ਹਮਲਿਆਂ ਕਾਰਨ ਮਾਹੌਲ ਖ਼ਰਾਬ ਹੋਇਆ ਸੀ ਅਤੇ ਹੁਣ ਮੁੜ ਸ਼ਿਵ ਸੈਨਾ ਵਰਗੀਆਂ ਜਥੇਬੰਦੀਆਂ ਪੰਜਾਬ ‘ਚ ਥਾਂ-ਥਾਂ ਬੇਕਸੂਰ ਤੇ ਨਿਹੱਥੇ ਸਿੱਖਾਂ ‘ਤੇ ਹਮਲੇ ਕਰਕੇ ਮਾਹੌਲ ਨੂੰ ਮੁੜ ਵਿਗਾੜਨਾ ਚਾਹੁੰਦੀਆਂ ਹਨ।” ਇਹ ਗੱਲ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ। ਕਰਨੈਲ ਸਿੰਘ ਪੀਰਮੁਹੰਮਦ ਨੇ ਬੀਤੇ ਦਿਨੀਂ ਫਗਵਾੜਾ ਨੇੜੇ ਸ਼ਿਵ ਸੈਨਿਕਾਂ ਵਲੋਂ ਮੋਹਾਲੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਇਕ ਅੰਮ੍ਰਿਤਧਾਰੀ ਸਿੰਘ ਦੀ ਕੁੱਟਮਾਰ ਤੇ ਦਸਤਾਰ ਉਤਾਰਨ ਦੀ ਘਟਨਾ ‘ਤੇ ਸਖ਼ਤ ਪ੍ਰਤੀਕਰਮ ਦਿੰਦਿਆਂ ਆਖੀ ਹੈ।
ਸ. ਪੀਰਮੁਹੰਮਦ ਨੇ ਆਖਿਆ ਕਿ ਸ਼ਿਵ ਸੈਨਾ ਦੇ ਇਕ ਆਗੂ ਦੀ ਇਕ ਸੜਕ ਹਾਦਸੇ ਵਿਚ ਮੌਤ ਹੋਣ ਤੋਂ ਬਾਅਦ ਸ਼ਿਵ ਸੈਨਾ ਵਲੋਂ ਹਾਈਵੇ ਰੋਕ ਕੇ ਗੁੰਡਾਗਰਦੀ ਕਰਨ ਨੂੰ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਆਖਿਆ ਜਾ ਸਕਦਾ। ਜੇਕਰ ਸ਼ਿਵ ਸੈਨਾ ਨੂੰ ਆਪਣੇ ਆਗੂ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ ਸਬੰਧੀ ਕੋਈ ਸ਼ੱਕ ਸੀ ਤਾਂ ਉਹ ਇਸ ਦੀ ਕਾਨੂੰਨੀ ਜਾਂਚ ਕਰਵਾ ਸਕਦੇ ਸਨ ਪਰ ਜਿਸ ਤਰ੍ਹਾਂ ਸੜਕਾਂ ਰੋਕ ਕੇ ਰਾਹ ਜਾਂਦੇ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ‘ਤੇ ਹਮਲੇ ਕੀਤੇ ਗਏ ਅਤੇ ਇਕ ਅੰਮ੍ਰਿਤਧਾਰੀ ਗੁਰਸਿੱਖ ਨੂੰ ਇਕ ਬੱਸ ਵਿਚ ਵੜ ਕੇ ਕੁੱਟਿਆ ਗਿਆ ਤੇ ਉਸ ਦੀ ਦਸਤਾਰ ਲਾਹ ਦਿੱਤੀ ਗਈ, ਇਹ ਇਕ ਗਿਣੀ-ਮਿਥੀ ਸਾਜ਼ਿਸ਼ ਦਾ ਹਿੱਸਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦਾ ਅਕੀਦਾ ‘ਨਾ ਕਿਸੇ ਨੂੰ ਡਰਾਉਣਾ ਤੇ ਨਾ ਡਰਨਾ’ ਹੈ, ਜਿਸ ਕਰਕੇ ਸਿੱਖਾਂ ਨਾਲ ਕਿਸੇ ਤਰ੍ਹਾਂ ਦੀ ਵੀ ਵਧੀਕੀ ਜਾਂ ਆਪਣੇ ਧਾਰਮਿਕ ਅਕੀਦੇ ‘ਤੇ ਹਮਲਿਆਂ ਨੂੰ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸ। ਪੀਰਮੁਹੰਮਦ ਨੇ ਆਖਿਆ ਕਿ ਸਿੱਖ ਜਦੋਂ ਕਦੇ ਵੀ ਆਪਣੇ ਹੱਕਾਂ ਜਾਂ ਪੰਜਾਬ, ਪੰਜਾਬੀਅਤ ਦਾ ਕੋਈ ਮੁੱਦਾ ਉਠਾਉਂਦੇ ਹਨ ਤਾਂ ਫ਼ਿਰਕੂ ਤਾਕਤਾਂ ਜਾਣ-ਬੁੱਝ ਕੇ ਟਕਰਾਅ ਵਾਲੀ ਨੀਤੀ ਧਾਰਨ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਦੀਆਂ ਹਨ। ਸਾਲ 2012 ‘ਚ ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਮੁਆਫ਼ੀ ਲਈ ਸਿੱਖਾਂ ਨੇ ਸ਼ਾਂਤਮਈ ਮੁਜ਼ਾਹਰੇ ਕੀਤੇ ਤਾਂ ਉਦੋਂ ਵੀ ਸ਼ਿਵ ਸੈਨਾ ਵਲੋਂ ਪੈਦਾ ਕੀਤੀ ਫ਼ਿਰਕੂ ਉਕਸਾਹਟ ਦੇ ਨਤੀਜੇ ਵਜੋਂ ਭਾਈ ਜਸਪਾਲ ਸਿੰਘ ਦੀ ਸ਼ਹੀਦੀ ਹੋਈ। ਇਹ ਤਾਕਤਾਂ ਸ਼ੁਰੂ ਤੋਂ ਹੀ ਸਿੱਖਾਂ ਨੂੰ ਜਬਰ ਦੇ ਨਾਲ ਦਬਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਆਈਆਂ ਹਨ। ਸ। ਪੀਰਮੁਹੰਮਦ ਨੇ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਉਹ ਪੰਜਾਬ ‘ਚ ਸ਼ਿਵ ਸੈਨਾ ਵਰਗੀਆਂ ਫ਼ਿਰਕੂ ਜ਼ਹਿਰ ਪੈਦਾ ਕਰਨ ਵਾਲੀਆਂ ਜਥੇਬੰਦੀਆਂ ਨੂੰ ਨੱਥ ਪਾਵੇ ਤਾਂ ਜੋ ਪੰਜਾਬ ਦਾ ਮਾਹੌਲ ਖ਼ਰਾਬ ਹੋਣ ਤੋਂ ਬਚ ਸਕੇ। ਉਨ੍ਹਾਂ ਕਿਹਾ ਕਿ ਸੁਭਾਵਿਕ ਹੈ ਕਿ ਜੇਕਰ ਸਿੱਖਾਂ ‘ਤੇ ਸਰੀਰਕ ਜਾਂ ਧਾਰਮਿਕ ਤੌਰ ‘ਤੇ ਇਹੋ ਜਿਹੇ ਹਮਲੇ ਨਾ ਰੋਕੇ ਗਏ ਤਾਂ ਸਿੱਖ ਆਪਣੀਆਂ ਰਵਾਇਤਾਂ ਮੁਤਾਬਕ ਮੁਕਾਬਲਾ ਕਰਨ ਲਈ ਮਜਬੂਰ ਹੋਣਗੇ ਅਤੇ ਇਸ ਦੇ ਨਾਲ ਜਿਹੜੇ ਸਿੱਟੇ ਨਿਕਲਣਗੇ ਉਸ ਦੀ ਜ਼ਿੰਮੇਵਾਰੀ ਵੀ ਸਰਕਾਰ ਦੀ ਹੋਵੇਗੀ।
ਸ. ਪੀਰਮੁਹੰਮਦ ਨੇ ਜ਼ਿੰਮੇਵਾਰ ਹਿੰਦੂ ਜਥੇਬੰਦੀਆਂ ਨੂੰ ਵੀ ਸੁਹਿਰਦ ਅਪੀਲ ਕੀਤੀ ਕਿ ਉਹ ਆਪਣੇ ਅਕੀਦੇ ਜਾਂ ਧਰਮ ਦੀ ਦ੍ਰਿੜ੍ਹਤਾ ਨਾਲ ਪਾਲਣਾ ਕਰਨ ਪਰ ਇਹ ਖਿਆਲ ਵੀ ਜ਼ਰੂਰ ਰੱਖਿਆ ਜਾਵੇ ਕਿ ਕਿਸੇ ਦੂਜੇ ਧਰਮ ਦੀ ਸ਼ਰਧਾ ਜਾਂ ਜਜ਼ਬਾਤ ਨੂੰ ਠੇਸ ਨਾ ਪਹੁੰਚਾਈ ਜਾਵੇ। ਹਿੰਦੂ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਹਿੰਦੂ ਸਮਾਜ ਨੂੰ ਫ਼ਿਰਕੂ ਜ਼ਹਿਰ ਘੋਲ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਾਲੀਆਂ ਤਾਕਤਾਂ ਤੋਂ ਸੁਚੇਤ ਕਰਨ।