ਤਲਵੰਡੀ ਸਾਬੋ:- ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਫੈਸ਼ਨ ਤਕਨਾਲੋਜੀ ਵਿਭਾਗ ਵੱਲੋਂ ਕੈਂਪਸ ਵਿਚ ਇਕ ਵਰਕਸ਼ਾਪ ਆਯੋਜਿਤ ਕੀਤੀ ਗਈ, ਜਿਸ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਅਧੀਨ ਪੈਂਦੇ ਵੱਖ-ਵੱਖ ਕਾਲਜਾਂ ਦੇ ਲਗਪਗ 70 ਵਿਦਿਆਰਥੀਆਂ ਨੇ ਭਾਗ ਲਿਆ। ਫੈਸ਼ਨ ਤਕਨਾਲੋਜੀ ਵਿਭਾਗ ਦੇ ਮੁਖੀ ਮੈਡਮ ਸ਼ਰਨਜੀਤ ਕੌਰ ਨੇ ਦੱਸਿਆ ਕਿ ਇਸ ਪੰਜ ਰੋਜ਼ਾ ਵਰਕਸ਼ਾਪ ਵਿਚ ਵਿਦਿਆਰਥੀਆਂ ਨੇ ਫੈਬਰਿਕ ਪੇਂਟਿੰਗ, ਬਲੌਕ ਪੇਂਟਿੰਗ, ਫਰੀ ਹੈਂਡ ਪੇਂਟਿੰਗ, ਟਾਈ ਅਤੇ ਡਾਈ ਸਮੇਤ ਪੁਰਾਤਨ ਅਤੇ ਨਵੀਨਤਮ ਕਢਾਈ ਬਾਰੇ ਵਿਸਥਾਰ ਨਾਲ ਸਿਖਾਇਆ ਗਿਆ ਜੋ ਕਿ ਅੱਜ ਦੇ ਫੈਸ਼ਨ ਯੁੱਗ ਦੇ ਅਹਿਮ ਹਿੱਸੇ ਹਨ। ਮੈਡਮ ਸ਼ਰਨਜੀਤ ਕੌਰ ਨੇ ਇਸ ਮੌਕੇ ਦੱਸਿਆ ਕਿ ਇਸ ਤੋਂ ਬਾਅਦ ਅਗਲੀਆਂ ਵਰਕਸ਼ਾਪਾਂ ਵਿਚ ਵਿਦਿਆਰਥੀਆਂ ਨੂੰ ਕੱਟਿੰਗ, ਸਿਲਾਈ, ਡਿਜ਼ਾਇਨਿੰਗ ਅਤੇ ਡਰੈਪਿੰਗ ਆਦਿ ਦੀ ਪੂਰਨ ਸਿਖਲਾਈ ਦਿੱਤੀ ਜਾਵੇਗੀ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਫੈਸ਼ਨ ਤਕਨਾਲੋਜੀ ਵਿਭਾਗ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਅਤੇ ਮੁੱਖ ਰੂਪ ਵਿਚ ਲੜਕੀਆਂ ਲਈ ਬਹੁਤ ਲਾਹੇਵੰਦ ਸਿੱਧ ਹੁੰਦੇ ਹਨ, ਜਿਸ ਸਦਕਾ ਉਹ ਪੜ੍ਹਾਈ ਦੇ ਨਾਲ-ਨਾਲ ਘਰੇਲੂ ਰੱਖ-ਰਖਾਵ ਅਤੇ ਘਰ ਦੀ ਸਾਂਭ-ਸੰਭਾਲ ਵਿਚ ਵਧੇਰੇ ਨਿਪੁੰਨ ਹੁੰਦੀਆਂ ਹਨ। ਉਨ੍ਹਾਂ ਇੱਥੇ ਇਹ ਵੀ ਜ਼ਿਕਰ ਕੀਤਾ ਕਿ ਇਸ ਅਕਾਦਮਿਕ ਵਰ੍ਹੇ ਤੋਂ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਦੋ ਨਿਵੇਕਲੇ ਕੋਰਸ ਡਿਪਲੋਮਾ ਇਨ ਫੈਸ਼ਨ ਤਕਨਾਲੋਜੀ ਅਤੇ ਪੀ.ਜੀ. ਡਿਪਲੋਮਾ ਇਨ ਫੈਸ਼ਨ ਤਕਨਾਲੋਜੀ ਵੀ ਸ਼ੁਰੂ ਕੀਤੇ ਹਨ, ਜੋ ਕਿ ਇਲਾਕੇ ਦੇ ਵਿਦਿਆਰਥੀਆਂ ਨੂੰ ਅਜੋਕੇ ਫੈਸ਼ਨ ਯੁੱਗ ਸਬੰਧੀ ਨਵੀਨਤਮ ਜਾਣਕਾਰੀ ਮੁਹੱਈਆ ਕਰਵਾਉਣਗੇ। ਕੰਪਿਊਟਰ ਐਪਲੀਕੇਸ਼ਨਜ ਵਿਭਾਗ ਦੇ ਮੁਖੀ ਡਾ. ਵਿਜੇ ਲਕਸ਼ਮੀ ਅਤੇ ਮੈਡਮ ਮਨਦੀਪ ਕੌਰ ਦਾ ਇਸ ਵਰਕਸ਼ਾਪ ਦੀ ਸਫਲਤਾ ਵਿਚ ਵਿਸ਼ੇਸ਼ ਸਹਿਯੋਗ ਰਿਹਾ।