ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਭਾਗ ਨੇ ਸ਼ੇਖ ਦੌਲਤ ਪਿੰਡ ਵਿਖੇ ਦਾਲਾਂ ਅਤੇ ਤੇਲ ਬੀਜ ਦੀਆਂ ਫ਼ਸਲਾਂ ਬਾਰੇ ਇੱਕ ਖੇਤ ਦਿਵਸ ਲਗਾਇਆ । ਹਰਪਾਲ ਸਿੰਘ ਕਿਸਾਨ ਦੇ ਖੇਤ ਵਿੱਚ ਪੀ ਏ ਯੂ ਦੇ ਦਾਲ ਸੈਕਸ਼ਨ ਅਤੇ ਤੇਲ ਬੀਜ ਸੈਕਸ਼ਨ ਦੇ ਸਹਿਯੋਗ ਨਾਲ ਲਗਾਏ ਗਏ ਇਸ ਖੇਤ ਦਿਵਸ ਵਿੱਚ ਲਗਭਗ 120 ਕਿਸਾਨਾਂ ਨੇ ਸ਼ਮੂਲੀਅਤ ਕੀਤੀ । ਇਸ ਤੋਂ ਪਹਿਲਾਂ ਵਿਭਾਗ ਨੇ ਬੋਪਾਰਾਏ ਕਲਾਂ ਪਿੰਡ ਦੇ ਕਿਸਾਨਾਂ ਦੇ ਖੇਤਾਂ ਵਿੱਚ ਦੌਰਾ ਵੀ ਕੀਤਾ । ਉਹ ਪਹਿਲਾਂ ਇਨ੍ਹਾਂ ਕਿਸਾਨਾਂ ਨੂੰ ਕਿਸਾਨ ਮੇਲੇ ਲਈ ਵੀ ਲਿਆ ਚੁੱਕੇ ਹਨ ।
ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਜਸਵਿੰਦਰ ਸਿੰਘ ਭੱਲਾ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਵੱਖ-ਵੱਖ ਫ਼ਸਲਾਂ ਸੰਬੰਧੀ ਪੀ ਏ ਯੂ ਦੀਆਂ ਸਿਫ਼ਾਰਸ਼ਾਂ ਜ਼ਰੂਰ ਮੰਨਣ ਅਤੇ ਪੀ ਏ ਯੂ ਵੱਲੋਂ ਲਗਾਏ ਜਾਂਦੇ ਵਿਭਿੰਨ ਫ਼ਸਲਾਂ ਸੰਬੰਧੀ ਟ੍ਰੇਨਿੰਗ ਕੋਰਸਾਂ ਵਿੱਚ ਜ਼ਰੂਰ ਸ਼ਾਮਲ ਹੋਇਆ ਕਰਨ ।
ਸੀਨੀਅਰ ਬਰੀਡਰ ਡਾ. ਸਰਬਜੀਤ ਸਿੰਘ ਅਤੇ ਡਾ. ਕੇ. ਐਸ. ਬਰਾੜ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਦਾਲਾਂ ਅਤੇ ਤੇਲ ਬੀਜ ਫ਼ਸਲਾਂ ਦੀਆਂ ਸਿਫ਼ਾਰਸ਼ ਕਿਸਮਾਂ ਹੀ ਬੀਜਣ । ਸੀਨੀਅਰ ਫ਼ਸਲ ਵਿਗਿਆਨੀ ਡਾ. ਗੁਰਇਕਬਾਲ ਅਤੇ ਡਾ. ਸਰਦਾਨਾ ਨੇ ਕਿਸਾਨਾਂ ਨੂੰ ਸਿਫ਼ਾਰਸ਼ ਨਦੀਨ ਨਾਸ਼ਕਾਂ ਦੀ ਸਲਾਹ ਦਿੰਦਿਆਂ ਕਿਹਾ ਕਿ ਉਹ ਖਾਦ ਦੀ ਸਹੀ ਮਾਤਰਾ ਹੀ ਖੇਤਾਂ ਵਿੱਚ ਪਾਉਣ, ਇਸ ਨਾਲ ਉਨ੍ਹਾਂ ਦੇ ਖਰਚੇ ਵੀ ਬਚਦੇ ਹਨ । ਪੀ ਏ ਯੂ ਦੇ ਕੀਟ ਵਿਗਿਆਨੀ ਡਾ. ਰਵਿੰਦਰ ਪਾਲ ਸਿੰਘ ਨੇ ਦਾਲਾਂ ਅਤੇ ਤੇਲ ਬੀਜ ਫ਼ਸਲਾਂ ਵਿੱਚ ਕੀਟਾਂ ਅਤੇ ਨਦੀਨਾਂ ਬਾਰੇ ਆਪਣਾ ਇੱਕ ਲੈਕਚਰ ਦਿੱਤਾ ਜਿਸ ਵਿੱਚ ਉਨ੍ਹਾਂ ਨਾਲ ਸੰਬੰਧਤ ਲੱਛਣਾਂ ਅਤੇ ਉਨ੍ਹਾਂ ਨੂੰ ਕਾਬੂ ਕਰਨ ਦੀਆਂ ਵਿਧੀਆਂ ਬਾਰੇ ਜਾਣੂੰ ਕਰਵਾਇਆ ਗਿਆ । ਇਸ ਤੋਂ ਪਹਿਲਾਂ ਪਸਾਰ ਮਾਹਿਰ ਡਾ. ਬਿਪਨ ਕੁਮਾਰ ਰਾਮਪਾਲ ਨੇ ਆਏ ਕਿਸਾਨਾਂ ਅਤੇ ਵਿਗਿਆਨੀਆਂ ਦਾ ਇਸ ਖੇਤ ਦਿਵਸ ਮੌਕੇ ਸਵਾਗਤ ਕੀਤਾ ਅਤੇ ਖੇਤੀ ਵਿੱਚ ਅਤੇ ਖਾਸ ਕਰ ਰੋਜ਼ਾਨਾ ਖੁਰਾਕ ਵਿੱਚ ਦਾਲਾਂ ਅਤੇ ਤੇਲ ਬੀਜਾਂ ਦੀ ਮਹੱਤਤਾ ਬਾਰੇ ਵੀ ਗੱਲ ਕੀਤੀ । ਪੀ ਏ ਯੂ ਦੇ ਇੱਕ ਹੋਰ ਮਾਹਿਰ ਡਾ. ਲਵਲੀਸ਼ ਗਰਗ ਨੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਪੀ ਏ ਯੂ ਦਾ ਖੇਤੀ ਸਾਹਿਤ ਪੜ੍ਹਨ । ਇਹ ਉਨ੍ਹਾਂ ਦਾ ਗਿਆਨਮੁਖੀ ਖੇਤੀ ਲਈ ਮਾਰਗ ਦਰਸ਼ਨ ਕਰਦਾ ਹੈ ।