ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਸਾਉਣੀ ਦੀ ਫਸਲ ਦੀ ਬਿਜਾਈ ਤੋਂ ਪਹਿਲਾਂ ਮਾਰਚ ਮਹੀਨੇ ਦੌਰਾਨ ਹਰ ਸਾਲ ਵੱਖ- ਵੱਖ ਜਿਲਿਆਂ ਵਿਚ ਕਿਸਾਨ ਮੇਲੇ ਲਾਏ ਜਾਂਦੇ ਹਨ। ਮੇਲਿਆਂ ਵਿੱਚ ਸਮੁਚੇ ਪੰਜਾਬ ਅਤੇ ਗੁਅਾਂਢੀ ਰਾਜਾਂ ਤੋਂ ਕਿਸਾਨ ਹੁੰਮ- ਹੁੰਮਾ ਕੇ ਪਹੁੰਚਦੇ ਹਨ। ਇਨ੍ਹਾਂ ਮੇਲਿਆਂ ਦਾ ਮੁੱਖ ਆਕਰਸ਼ਣ ਯੂਨੀਵਰਸਿਟੀ ਵਲੋਂ ਵੇਚੇ ਜਾਦੇਂ ਸੁਧਰੇ ਬੀਜ ਹੁੰਦੇ ਹਨ। ਡਾ. ਤਰਸੇਮ ਸਿੰਘ ਢਿਲੋਂ, ਨਿਰਦੇਸ਼ਕ (ਬੀਜ) ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਦਸਿਆ ਕਿ ਇਹਨਾਂ ਮੇਲਿਆਂ ਵਿਚ ਵੱਖ- ਵੱਖ ਫਸਲਾਂ ਦੇ ਬੀਜ, ਕਿਸਾਨਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਉਪਲਭਧ ਕਰਵਾਏ ਗਏ। ਯੂਨੀਵਰਸਿਟੀ ਵੱਲੋਂ ਝੋਨੇ ਦੀਆਂ ਵੱਖ- ਵੱਖ ਕਿਸਮਾਂ ਦੇ ਬੀਜ ਵਡੀ ਮਾਤਰਾ ਵਿੱਚ ਪੈਦਾ ਕੀਤੇ ਗਏ ਹਨ। ਕਿਸਾਨ ਮੇਲਿਆਂ ਦੌਰਾਨ ਪੀ ਆਰ 124, ਪੀ ਆਰ 122, ਪੀ ਆਰ 121, ਪੀ ਆਰ 114 ਅਤੇ ਬਾਸਮਤੀ ਪੂਸਾ 1121 ਦੀ ਕਿਸਾਨ ਵੀਰਾਂ ਵਲੋਂ ਭਾਰੀ ਮੰਗ ਰਹੀ ਅਤੇ ਝੋਨੇ ਦਾ 2400 ਕੁਇੰਟਲ ਬੀਜ ਵੇਚਿਆ ਗਿਆ। ਝੋਨੇ ਦੇ ਬੀਜ ਤੋਂ ਇਲਾਵਾ ਮਕੀ, ਚਾਰੇ ਵਾਲੀ ਮਕੀ, ਦੇਸੀ ਕਪਾਹ, ਅਰਹਰ, ਤੇਲ ਬੀਜ ਅਤੇ ਚਾਰੇ ਵਾਲੀਆਂ ਫ਼ਸਲਾਂ ਦੇ ਬੀਜ ਵੀ ਵੇਚੇ ਗਏ। ਚਾਰੇ ਵਾਲੀ ਮਕੀ ਜੇ 1006 ਦੀ ਵੀ ਕਿਸਾਨਾਂ ਵਲੋਂ ਭਾਰੀ ਮੰਗ ਰਹੀ ਹੈ ਜਿਸ ਕਰਕੇ ਇਸ ਕਿਸਮ ਦਾ 2500 ਕੁਇੰਟਲ ਬੀਜ ਯੂਨੀਵਰਸਿਟੀ ਵੱਲੋਂ ਪੈਦਾ ਕੀਤਾ ਗਿਆ ।
ਇਹਨਾਂ ਬੀਜਾਂ ਤੋਂ ਇਲਾਵਾ ਸਬਜ਼ੀਆਂ ਦੇ ਬੀਜ ਵੀ ਕਿਸਾਨ ਭਰਾਵਾਂ ਦੀ ਖਿਚ ਦਾ ਕੇਂਦਰ ਬਣੇ ਰਹੇ। ਯੂਨੀਵਰਸਿਟੀ ਵਲੋਂ 21000 ਸਬਜੀਆਂ ਦੀਆਂ ਕਿਟਾਂ ਤਿਆਰ ਕੀਤੀਆਂ ਗਈਆਂ ਸਨ ਜੋ ਕਿ ਸਾਰੀਆਂ ਹੀ ਵਿਕ ਗਈਆਂ । ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਿਰਦੇਸ਼ਕ (ਬੀਜ) ਨੇ ਕਿਸਾਨ ਵੀਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੀ ਏ ਯੂ ਦੇ ਸੁਧਰੇ ਬੀਜਾਂ ਪ੍ਰਤੀ ਕਿਸਾਨਾਂ ਨੇ ਆਪਣਾ ਭਰੋਸਾ ਪ੍ਰਗਟਾਇਆ ਹੈ । ਇਹ ਗੱਲ ਸਾਨੂੰ ਉਤਸ਼ਾਹ ਦਿੰਦੀ ਹੈ ਅਤੇ ਇਹੀ ਸਾਡੀ ਪ੍ਰਾਪਤੀ ਹੈ ।