ਚੰਡੀਗੜ੍ਹ – “ਉਤਰਾਂਚਲ ਵਿਚ ਮੋਦੀ ਦੀ ਹਿੰਦੂਤਵ ਹਕੂਮਤ ਨੇ ਆਪਣੇ ਸਿਆਸੀ ਪ੍ਰਭਾਵ ਦੀ ਦੁਰਵਰਤੋ ਕਰਕੇ ਜੋ ਉਤਰਾਂਚਲ ਵਿਚ ਪ੍ਰੈਜੀਡੈਟ ਰੂਲ ਲਗਵਾਇਆ ਹੈ, ਇਹ ਜ਼ਮਹੂਰੀਅਤ ਕਦਰਾ-ਕੀਮਤਾ ਦਾ ਘਾਣ ਕਰਨ ਦੇ ਤੁੱਲ ਅਮਲ ਹਨ । ਪਹਿਲੇ ਇਹਨਾਂ ਨੇ ਅਰੁਣਾਚਲ ਵਿਚ ਵੀ ਅਜਿਹਾ ਕੀਤਾ ਅਤੇ ਹੁਣ ਹਿਮਾਚਲ ਦੀ ਸ੍ਰੀ ਵੀਰਭੱਦਰ ਸਰਕਾਰ ਵਿਰੁੱਧ ਵੀ ਅਜਿਹੀਆ ਸਾਜਿ਼ਸਾਂ ਰਚੀਆ ਜਾ ਰਹੀਆਂ ਹਨ । ਬੀਜੇਪੀ, ਆਰ.ਐਸ.ਐਸ. ਸਭ ਪਾਸੇ ਆਪਣੀ ਹਿੰਦੂਤਵ ਸੋਚ ਨੂੰ ਲਾਗੂ ਕਰਨ ਹਿੱਤ ਅਜਿਹੇ ਜ਼ਬਰੀ ਅਮਲ ਕਰ ਰਹੀ ਹੈ । ਸਭ ਪਾਸੇ ਹਿੰਦੂ ਸੱਭਿਆਚਾਰ ਨੂੰ ਫੈਲਾਇਆ ਜਾ ਰਿਹਾ ਹੈ । ਕਿੰਨੀ ਸ਼ਰਮਨਾਕ ਅਤਿ ਦੁੱਖਦਾਇਕ ਵਰਤਾਰਾ ਬੀਜੇਪੀ ਅਤੇ ਆਰ.ਐਸ.ਐਸ. ਵੱਲੋ ਕੀਤਾ ਗਿਆ ਕਿ ਸ੍ਰੀ ਵੀਰਭੱਦਰ ਦੇ ਘਰ ਜਦੋ ਲੜਕੀ ਦੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ ਤਾਂ ਸੀ.ਬੀ.ਆਈ. ਤੋਂ ਉਸ ਸਮੇਂ ਛਾਪਾ ਮਰਵਾਕੇ ਇਨਸਾਨੀ ਕਦਰਾ-ਕੀਮਤਾ ਦਾ ਗਲਾਂ ਘੁੱਟ ਦਿੱਤਾ ਗਿਆ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹਨਾਂ ਹਿੰਦੂਤਵ ਹੁਕਮਰਾਨਾਂ ਤੋ ਪੁੱਛਣਾ ਚਾਹਵੇਗਾ ਕਿ ਅਜਿਹਾ ਕਰਨਾ ਹਿੰਦੂ ਸੱਭਿਆਚਾਰ ਵਿਚ ਕਿੱਥੇ ਹੈ ? ਨਾਗਪੁਰ ਤੋਂ ਸ੍ਰੀ ਭਗਵਤ ਵੀ ਦੱਸਣ ਕਿ ਧੀਆਂ-ਭੈਣਾਂ ਦੀਆਂ ਸ਼ਾਦੀਆਂ ਸਮੇਂ ਸ੍ਰੀ ਵੀਰਭੱਦਰ ਸਿੰਘ ਵਰਗੇ ਇਨਸਾਨ ਨੂੰ ਜਾਣਬੁੱਝ ਕੇ ਜ਼ਲੀਲ ਕਰਨ ਦੇ ਅਮਲ ਕਿਸ ਕਾਇਦੇ-ਕਾਨੂੰਨ ਹੇਠ ਕੀਤੇ ਗਏ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਤਰਾਂਚਲ ਵਿਚ ਲਗਾਏ ਗਏ ਪ੍ਰੈਜੀਡੈਟ ਰੂਲ ਅਤੇ ਇਸ ਤੋ ਪਹਿਲੇ ਅਰੁਣਾਚਲ ਵਿਚ ਕੀਤੀ ਗਈ ਅਜਿਹੀ ਕਾਰਵਾਈ ਨੂੰ ਗੈਰ-ਜ਼ਮਹੂਰੀਅਤ ਅਤੇ ਸ੍ਰੀ ਵੀਰਭੱਦਰ ਸਿੰਘ ਦੀ ਲੜਕੀ ਦੀ ਸ਼ਾਦੀ ਸਮੇਂ ਸੀ.ਬੀ.ਆਈ. ਦੀ ਰੇਡ ਮਰਵਾਉਣ ਦੇ ਅਤਿ ਸ਼ਰਮਨਾਕ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ ।