ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਵਿੱਚ ਲਗਾਤਾਰ ਹੋ ਰਹੇ ਗੁਣਾਤਮਕ ਸੁਧਾਰਾਂ ਕਾਰਨ ਸ਼੍ਰੋਮਣੀ ਕਮੇਟੀ ਦੇ ਕਾਲਜ ਲਗਾਤਾਰ ਮੱਲਾਂ ਮਾਰ ਰਹੇ ਹਨ।
ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਕੱਲ੍ਹ ਘੋਸ਼ਿਤ ਕੀਤੇ ਨਤੀਜਿਆਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਨੂੰ ਭਾਰਤ ਸਰਕਾਰ ਦੇ ਅਦਾਰੇ ਨੈਸ਼ਨਲ ਅਸੈਸਮੈਂਟ ਅਤੇ ਐਕਰੇਡੀਟੇਸ਼ਨ ਕੌਂਸਲ ਵੱਲੋਂ ‘ਏ’ ਗ੍ਰੇਡ ਪ੍ਰਦਾਨ ਕੀਤਾ ਗਿਆ ਹੈ। ਸ। ਬੇਦੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਇਸ ਮੌਕੇ ਤੇ ਡਾਇਰੈਕਟਰ ਐਜੂਕੇਸ਼ਨ ਡਾ. ਧਰਮਿੰਦਰ ਸਿੰਘ ਉੱਭਾ, ਸਕੱਤਰ ਐਜੂਕੇਸ਼ਨ ਸ. ਮਨਜੀਤ ਸਿੰਘ, ਸ. ਬਲਵਿੰਦਰ ਸਿੰਘ ਜੌੜਾਸਿੰਘਾ ਅਤੇ ਕਾਲਜ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਇਸ ਤੋਂ ਪਹਿਲਾਂ ਪਿਛਲੇ ਸਮੇਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚਾਰ ਕਾਲਜ ਖ਼ਾਲਸਾ ਕਾਲਜ ਪਟਿਆਲਾ, ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ, ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਅਤੇ ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਸਾਹਿਬ ਵੀ ਨੈਕ ਵੱਲੋਂ ‘ਏ’ ਗ੍ਰੇਡ ਪ੍ਰਾਪਤ ਕਰ ਚੁੱਕੇ ਹਨ।ਉਨ੍ਹਾਂ ਕਿਹਾ ਕਿ ਨੈਕ ਦੀ ਅਸੈਸਮੈਂਟ ਕਰਨ ਵੇਲੇ ਕਾਲਜ ਵਿੱਚ ਉਪਲਬੱਧ ਸਹੂਲਤਾਂ, ਵਿੱਦਿਅਕ ਮਿਆਰ, ਸਟਾਫ ਦੀ ਯੋਗਤਾ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਸੰਤੁਸ਼ਟੀ, ਕਾਲਜ ਪ੍ਰਬੰਧ ਦੇ ਸਹਿਯੋਗ ਅਤੇ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਕਦਰਾਂ-ਕੀਮਤਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ ਅਤੇ ਉਸ ਆਧਾਰ ਤੇ ਕਾਲਜ ਨੂੰ ਦਰਜਾ ਦਿੱਤਾ ਜਾਂਦਾ ਹੈ।
ਸ. ਬੇਦੀ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਆਪਣੇ ਵਿੱਦਿਅਕ ਅਦਾਰਿਆਂ ਦਾ ਮਿਆਰ ਉੱਚਾ ਚੁੱਕਣ ਲਈ ਯਤਨਸ਼ੀਲ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਬਾਕੀ ਕਾਲਜਾਂ ਦੀ ਅਸੈਸਮੈਂਟ ਵੀ ਕਰਵਾਈ ਜਾਵੇਗੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਵੀ ਰਾਫ਼ਤੇ ਕੀਤੇ ਗਏ ਹਨ ਜਿਸ ਤਹਿਤ ਵਿਦਿਆਰਥੀਆਂ ਨੂੰ ਇੰਟਰਨੈਸ਼ਨਲ ਦ੍ਰਿਸ਼ਟੀਕੋਣ ਸਮਝਣ ਦੇ ਵੀ ਯੋਗ ਬਣਾਇਆ ਜਾ ਰਿਹਾ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਨਵੇਂ ਅਕਾਦਮਿਕ ਵਰ੍ਹੇ ਵਿੱਚ ਚਮਕੌਰ ਸਾਹਿਬ ਅਤੇ ਬੰਗਾਂ ਵਿਖੇ ਹੋਰ ਕਾਰਜ ਵੀ ਕੀਤੇ ਜਾ ਰਹੇ ਹਨ।