ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਸਰੀਰਕ ਸਿੱਖਿਆ ਕਾਲਜ ਨੇ ਕੈਂਪਸ ਵਿਚ ਸਲਾਨਾ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ। ਇਸ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਪ੍ਰੋਗਰਾਮ ਦੀ ਸ਼ੋਭਾ ਵਧਾਈ। ਸਪੋਰਟਸ ਕਮੇਟੀ ਦੇ ਪ੍ਰੈਜ਼ੀਡੈਂਟ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਬੀਤੇ ਅਕਾਦਮਿਕ ਵਰ੍ਹੇ ਦੀਆਂ ਖੇਡ ਗਤੀਵਿਧੀਆਂ ਦੇ ਆਧਾਰ ਉੱਤੇ ਲੜਕਿਆਂ ਵਿਚੋਂ ਸੁਮਿਤ ਬੋਰਾ ਨੂੰ ਸਰਵੋਤਮ ਖਿਡਾਰੀ ਐਲਾਨ ਕੇ ਯੂਨੀਵਰਸਿਟੀ ਕਲਰ ਨਾਲ ਨਿਵਾਜਿਆ ਗਿਆ। ਲੜਕੀਆਂ ਵਿਚੋਂ ਕੁੱਲ ਹਿੰਦ ਯੂਨੀਵਰਸਿਟੀ ਕਾਂਸੀ ਤਮਗਾ (ਬੌਕਸਿੰਗ) ਪ੍ਰਾਪਤ ਕਰਨ ਵਾਲੀ ਗਗਨਦੀਪ ਕੌਰ ਨੂੰ ਸਰਵੋਤਮ ਖਿਡਾਰੀ ਐਲਾਨਿਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਏਰੌਬਿਕ ਡਾਂਸ, ਸੋਲੋ ਡਾਂਸ, ਪਿਰਾਮਿਡ ਅਤੇ ਫਲਾਵਰ ਮੇਕਿੰਗ ਦੇ ਨਾਲ-ਨਾਲ ਗਿੱਧੇ-ਭੰਗੜੇ ਨੇ ਸਰੋਤਿਆਂ ਦਾ ਮਨ ਮੋਹਿਆ। ਡਾ. ਨਛੱਤਰ ਸਿੰਘ ਮੱਲ੍ਹੀ ਅਜਿਹੇ ਵਧੀਆ ਅਨੁਸ਼ਾਸ਼ਿਤ ਸਲਾਨਾ ਸਮਾਗਮ ਦੇ ਆਯੋਜਨ ਲਈ ਡਾ. ਕੇਵਲ ਸਿੰਘ, ਡਾ. ਰਵਿੰਦਰ ਸੂਮਲ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦੇ ਪਾਤਰ ਦਰਸਾਇਆ।
ਮੈਨੇਜਿੰਗ ਡਾਇਰੈਕਟਰ ਸ੍ਰ. ਸੁਖਰਾਜ ਸਿੰਘ ਸਿੱਧੂ ਨੇ ਸਟਾਫ ਦੇ ਨਾਲ-ਨਾਲ ਐਵਾਰਡ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਸਾਰੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਪੂਰੀ ਤਨਦੇਹੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਹੋਰਨਾਂ ਤੋਂ ਇਲਾਵਾ ਸਪੋਰਟਸ ਕਮੇਟੀ ਦੇ ਉਪ-ਪ੍ਰਧਾਨ ਪ੍ਰੋ. ਜਸਬੀਰ ਸਿੰਘ, ਡਾ. ਰਵੀ ਗਹਿਲਾਵਤ, ਪ੍ਰੋ. ਪੰਕਜ ਮਿਰੋਕ, ਪ੍ਰੋ. ਗੁਰਦਾਨ ਸਿੰਘ, ਪ੍ਰੋ. ਗੁਰਦੀਪ ਸਿੰਘ, ਮੈਡਮ ਸੁਰਿੰਦਰ ਕੌਰ ਮਾਹੀ ਆਦਿ ਇਸ ਮੌਕੇ ਹਾਜ਼ਰ ਸਨ। ਪ੍ਰੋ. ਸ਼ਿੰਗਾਰਾ ਸਿੰਘ ਨੇ ਬਾਖੂਬੀ ਮੰਚ ਸੰਚਾਲਨ ਕੀਤਾ