ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਤਿਲਕ ਨਗਰ ਤੋਂ ਵਿਧਾਇਕ ਅਤੇ ਪੰਜਾਬੀ ਅਕਾਦਮੀ ਦੇ ਮੀਤ ਚੇਅਰਮੈਨ ਜਰਨੈਲ ਸਿੰਘ ਵੱਲੋਂ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਪੰਜਾਬੀ ਭਾਸ਼ਾ ਨੂੰ ਉਤਸਾਹਿਤ ਕਰਨ ਵਾਸਤੇ ਦਿੱਲੀ ਸਰਕਾਰ ਤਕ ਲੋੜੀਂਦੇ ਅਧਿਆਪਕਾਂ ਲਈ ਪਹੁੰਚ ਕਰਨ ਦੇ ਦਿੱਤੇ ਗਏ ਬਿਆਨ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੰਭੀਰਤਾ ਨਾਲ ਲੈਣ ਦੀ ਸਲਾਹ ਦਿੱਤੀ ਹੈ।
ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਪੰਜਾਬੀ ਅਕਾਦਮੀ ਦੇ ਕੰਮਕਾਜ਼ ਅਤੇ ਤਾਕਤ ਤੋਂ ਜਰਨੈਲ ਸਿੰਘ ਨੂੰ ਅਨਜਾਣ ਦਸਦੇ ਹੋਏ ਦਿੱਲੀ ਦੇ ਕਿਸੇ ਵੀ ਸਰਕਾਰੀ ਸਕੂਲ ਵਿਚ ਪੰਜਾਬੀ ਪੜ੍ਹਨ ਦੇ ਚਾਹਵਾਨ ਸਿਰਫ਼ 6 ਵਿਦਿਆਰਥੀਆਂ ਦੇ ਹੋਣ ’ਤੇ ਪੰਜਾਬੀ ਅਕਾਦਮੀ ਵੱਲੋਂ ਲਾਜ਼ਮੀ ਤੌਰ ਤੇ ਅਧਿਆਪਕ ਉਪਲਬਧ ਕਰਾਉਣ ਦਾ ਕਾਨੂੰਨ ਦਿੱਲੀ ਵਿਖੇ ਲਾਗੂ ਹੋਣ ਦਾ ਵੀ ਦਾਅਵਾ ਕੀਤਾ ਹੈ। ਦਿੱਲੀ ਵਿਖੇ ਬੀਤੇ 2 ਸਾਲ ਤੋਂ ਸਰਕਾਰੀ ਸਕੂਲਾਂ ਵਿਚ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਗਿਣਤੀ 728 ਤੋਂ ਘੱਟ ਕੇ 510 ਹੋਣ ਦਾ ਵੀ ਉਨ੍ਹਾਂ ਖੁਲਾਸਾ ਕੀਤਾ ਹੈ।
ਸਰਵੋਦਯ ਬਾਲ ਵਿਦਿਆਲੇ, ਸੂਰਜਮਲ ਵਿਹਾਰ ਵਿਖੇ ਕਾਰਜ ਕਰਦੀ ਪੰਜਾਬੀ ਅਧਿਆਪਿਕਾ ਪ੍ਰਕਾਸ਼ ਕੌਰ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਸਕੂਲ ਵਿਚ ਨਵਾਂ ਅਧਿਆਪਕ ਨਾ ਹੋਣ ’ਤੇ ਲੈਫਟੀਨੈਂਟ ਕਰਨਲ ਏ.ਐਸ.ਬਰਾੜ ਵੱਲੋਂ ਕੌਮੀ ਘੱਟ ਗਿਣਤੀ ਵਿਦਿਅਕ ਅਦਾਰਾ ਕਮਿਸ਼ਨ ਵਿਚ ਪਾਏ ਗਏ ਕੇਸ ਵਿਚ ਦਿੱਲੀ ਸਰਕਾਰ ਦੇ ਡਾਈਰੈਕਟਰ ਐਜ਼ੂਕੇਸ਼ਨ ਨੂੰ ਵਰੰਟ ਜਾਰੀ ਹੋਣ ਦਾ ਖੁਲਾਸਾ ਕਰਦੇ ਹੋਏ ਉਨ੍ਹਾਂ ਨੇ ਉਕਤ ਵਰੰਟ ਨੂੰ ਪੰਜਾਬੀ ਭਾਸ਼ਾ ਪ੍ਰਤੀ ਦਿੱਲੀ ਸਰਕਾਰ ਦੀ ਗੰਭੀਰਤਾ ਵੱਜੋਂ ਵੀ ਪਰਿਭਾਸ਼ਿਤ ਕੀਤਾ ਹੈ। ਪੰਜਾਬੀ ਅਕਾਦਮੀ ਦੇ ਸਕੱਤਰ ਦੇ ਹਵਾਲੇ ਤੋਂ ਉਕਤ ਕੇਸ ਵਿਚ ਅਧਿਆਪਕਾਂ ਦੀ ਨਿਯੂਕਤੀ ਤੋਂ ਪੱਲਾ ਝਾੜਨ ਦੇ ਦਿੱਤੇ ਗਏ ਹਲਫ਼ਨਾਮੇ ਤੋਂ ਬਾਅਦ ਦਿੱਲੀ ਕਮੇਟੀ ਵੱਲੋਂ ਸੂਰਜਮਲ ਵਿਹਾਰ ਸਕੂਲ ਵਿਖੇ ਖੁਦ ਅਧਿਆਪਕ ਉਪਲਬਧ ਕਰਾਉਣ ਦੇ ਦਿੱਤੇ ਭਰੋਸੇ ਤੋਂ ਬਾਅਦ ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਦੇ ਹਰਕਤ ਵਿਚ ਆਉਣ ਦਾ ਵੀ ਉਨ੍ਹਾਂ ਨੇ ਦਾਅਵਾ ਕੀਤਾ।
ਸਿੱਖਿਆ ਵਿਭਾਗ ਅਤੇ ਅਕਾਦਮੀ ਵੱਲੋਂ ਆਰਜੀ ਤੌਰ ਤੇ ਸੂਰਜਮਲ ਵਿਹਾਰ ਸਕੂਲ ਦੀ ਸਵੇਰ ਦੀ ਪਾੱਲੀ ਵਿਚ ਵਿਦਿਆਰਥਣਾਂ ਨੂੰ ਪੜਾਉਂਦੇ ਪੰਜਾਬੀ ਅਧਿਆਪਕ ਕਾਲਕੀ ਦਾਸ ਭੰਡਾਰੀ ਨੂੰ ਸ਼ਾਮ ਦੀ ਪਾੱਲੀ ਵਿਚ ਵਿਦਿਆਰਥੀਆਂ ਨੂੰ ਹਫ਼ਤੇ ਵਿਚ 3-3 ਦਿਨ ਪੜਾਉਣ ਦੇ ਦਿੱਤੇ ਗਏ ਆਦੇਸ਼ ਨੂੰ ਉਨ੍ਹਾਂ ਨੇ ਪੰਜਾਬੀ ਪ੍ਰੇਮੀਆਂ ਦੀ ਅੱਖਾ ਵਿਚ ਦਿੱਲੀ ਸਰਕਾਰ ਵੱਲੋਂ ਘੱਟਾ ਸੁੱਟਣ ਦੀ ਕੋਸ਼ਿਸ਼ ਦੱਸਿਆ ਹੈ।1 ਸਤੰਬਰ 2015 ਤੋਂ ਚਲ ਰਹੇ ਇਸ ਕੇਸ ਵਿਚ ਡਾਇਰੈਕਟਰ ਐਜ਼ੂਕੇਸ਼ਨ ਵੱਲੋਂ ਅੱਜ ਤਕ ਪੇਸ਼ ਨਾ ਹੋਣ ਨੂੰ ਉਨ੍ਹਾਂ ਨੇ ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਦੀ ਪੰਜਾਬੀ ਭਾਸ਼ਾ ਪ੍ਰਤੀ ਗੰਭੀਰਤਾ ਨਾ ਹੋਣ ਨਾਲ ਵੀ ਜੋੜਿਆ।
ਉਨ੍ਹਾਂ ਕਿਹਾ ਕਿ ਜਰਨੈਲ ਸਿੰਘ ਹਕੀਕਤ ਤੋਂ ਮੂੰਹ ਮੋੜ ਕੇ ਬਿਆਨਬਾਜ਼ੀ ਕਰਨ ਦੀ ਬਜਾਏ ਸਰਕਾਰੀ ਸਕੂਲਾਂ ਵਿਚ ਪੰਜਾਬੀ ਪੜਾਉਣ ਵਾਲੇ ਅਧਿਆਪਕਾਂ ਦੀ ਗਿਣਤੀ ਵਧਾਉਣ ਅਤੇ ਉਨ੍ਹਾਂ ਨੂੰ ਮਿਲਦੀ 4500 ਰੁਪਏ ਮਾਸਿਕ ਦੀ ਤਣਖਾਹ ਨੂੰ ਘੱਟੋ-ਘੱਟ 10 ਹਜਾਰ ਰੁਪਏ ਕਰ ਕੇ ਪੱਕੀ ਸਰਕਾਰੀ ਨੌਕਰੀ ਦੇਣ ਦਾ ਜਤਨ ਕਰਨ। ਜਰਨੈਲ ਸਿੰਘ ਵੱਲੋਂ ਸਕੂਲਾਂ ਵਿਚ ਪੰਜਾਬੀ ਭਾਸ਼ਾ ਲੈਣ ਵਾਸਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਹੈਲਪ-ਡੈਸਕ ਲਗਾਉਣ ਦੇ ਦਿੱਤੇ ਗਏ ਬਿਆਨ ਨੂੰ ਉਨ੍ਹਾਂ ਨੇ ਮਹਿਜ ਸਿਆਸ਼ੀ ਡਰਾਮਾ ਕਰਾਰ ਦਿੱਤਾ। ਜਰਨੈਲ ਸਿੰਘ ਵੱਲੋਂ ਬੀਤੇ ਦਿਨੀਂ ਪ੍ਰੈਸ ਕਲੱਬ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਪ੍ਰਤੀ ਵਰਤੀ ਸ਼ਬਦਾਵਲੀ ਕਰਕੇ ਉਨ੍ਹਾਂ ਨੇ ਜਰਨੈਲ ਨੂੰ ਸੱਤਾ ਦੇ ਨਸ਼ੇ ਵਿਚ ਚੂਰ ਵੱਡਿਆਂ ਦਾ ਸਤਿਕਾਰ ਕਰਨ ਤੋਂ ਭਗੋੜਾ ਵੀ ਕਰਾਰ ਦਿੱਤਾ।