ਫ਼ਤਹਿਗੜ੍ਹ ਸਾਹਿਬ – “ਸ੍ਰੀ ਨਰਿੰਦਰ ਮੋਦੀ ਜੋ ਅੱਜਕੱਲ੍ਹ ਬੈਲਜੀਅਮ ਦੇ ਦੌਰੇ ਤੇ ਹਨ, ਉਹਨਾਂ ਵੱਲੋਂ ਬ੍ਰਸਲਜ਼ ਵਿਖੇ ਇਕ ਸਟੇਸ਼ਨ ਤੇ ਹੋਏ ਹਮਲੇ ਦੌਰਾਨ ਮਾਰੇ ਗਏ ਪੀੜਤਾਂ ਨੂੰ ਫੁੱਲ ਮਾਲਾ ਭੇਟ ਕਰਨ ਜਾਂ ਸਰਧਾ ਭੇਟ ਕਰਨਾ ਕੇਵਲ ਇਕ ਵਿਖਾਵੇ ਮਾਤਰ ਹੈ । ਕਿਉਂਕਿ ਸ੍ਰੀ ਮੋਦੀ ਨੇ 2002 ਵਿਚ ਜਦੋਂ ਸ੍ਰੀ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਤਾਂ ਉਹਨਾਂ ਨੇ ਸਾਜ਼ਸੀ ਢੰਗ ਨਾਲ ਮੁਸਲਮਾਨਾਂ ਉਤੇ ਹਮਲੇ ਕਰਵਾਕੇ ਕੋਈ 2 ਹਜ਼ਾਰ ਦੇ ਕਰੀਬ ਬੇਕਸੂਰ ਮੁਸਲਮਾਨਾਂ ਨੂੰ ਮੌਤ ਦੀ ਘਾਟ ਉਤਰਵਾ ਦਿੱਤਾ ਸੀ । ਜਿਨ੍ਹਾਂ ਦੇ ਮੱਥੇ ਤੇ ਅੱਜ ਵੀ ਇਹ ਕਾਲਾ ਧੱਬਾ ਉਸੇ ਤਰ੍ਹਾਂ ਬਰਕਰਾਰ ਹੈ । ਜੋ ਉਹਨਾਂ ਨੂੰ ਇਨਸਾਨੀਅਤ ਦੇ ਕਾਤਲ ਸਾਬਤ ਕਰਦਾ ਹੈ । ਫਿਰ ਇਸੇ ਤਰ੍ਹਾਂ ਸ੍ਰੀ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ ਉਥੇ 50-50 ਸਾਲਾਂ ਤੋਂ ਪੱਕੇ ਤੌਰ ਤੇ ਵੱਸੇ ਹੋਏ ਅਤੇ ਆਪਣੀਆਂ ਜ਼ਮੀਨਾਂ ਦੇ ਮਾਲਕ ਬਣੇ ਹੋਏ ਕੋਈ 60 ਹਜ਼ਾਰ ਦੇ ਕਰੀਬ ਸਿੱਖ ਜਿੰਮੀਦਾਰਾਂ ਨੂੰ ਮੁਤੱਸਵੀ ਸੋਚ ਅਧੀਨ ਉਹਨਾਂ ਤੋਂ ਜ਼ਮੀਨਾਂ ਖੋਹਕੇ ਉਜਾੜ ਦਿੱਤਾ ਸੀ । ਇਥੇ ਹੀ ਬਸ ਨਹੀਂ ਹੁਣ ਇਸੇ ਸ੍ਰੀ ਮੋਦੀ ਵੱਲੋ ਹਿੰਦ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਉਤੇ “ਭਾਰਤ ਮਾਤਾ ਦੀ ਜੈ, ਜੈ ਹਿੰਦ, ਜੈ ਸ੍ਰੀ ਰਾਮ” ਜਿਹੇ ਕੱਟੜ ਹਿੰਦੂ ਪ੍ਰੋਗਰਾਮਾਂ ਨੂੰ ਲਾਗੂ ਕਰਕੇ ਘੱਟ ਗਿਣਤੀ ਕੌਮਾਂ ਨੂੰ ਗੁਲਾਮੀਅਤ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਅਤੇ ਹਰ ਖੇਤਰ ਵਿਚ ਉਹਨਾਂ ਨਾਲ ਜ਼ਬਰ-ਜੁਲਮ ਤੇ ਬੇਇਨਸਾਫ਼ੀਆ ਕੀਤੀਆ ਜਾ ਰਹੀਆਂ ਹਨ । ਅਜਿਹੇ ਅਮਲ ਮਨੁੱਖਤਾ ਵਿਰੋਧੀ ਅਤੇ ਇਨਸਾਨੀਅਤ ਕਦਰਾ-ਕੀਮਤਾ ਦਾ ਕਤਲ ਕਰਨ ਵਾਲੇ ਹਨ । ਹੁਣ ਜੋ ਉਹਨਾਂ ਵੱਲੋ ਬ੍ਰਸਲਜ਼ ਹਮਲੇ ਦੇ ਪੀੜਤਾਂ ਨੂੰ ਫੁੱਲ ਮਾਲਾ ਭੇਟ ਕਰਕੇ ਨਤਮਸਤਕ ਹੋਇਆ ਜਾ ਰਿਹਾ ਹੈ, ਉਹ ਕੇਵਲ ਇਕ ਵਿਖਾਵੇ ਮਾਤਰ ਕਾਰਵਾਈ ਹੈ । ਜਦੋਕਿ ਮੋਦੀ ਉਤੇ ਮੁਸਲਿਮ ਕੌਮ ਦੇ ਕਾਤਲ ਅਤੇ ਸਿੱਖ ਕੌਮ ਦੇ ਉਜਾੜੇ ਦੇ ਦੋਸ਼ ਅੱਜ ਵੀ ਕਾਇਮ ਹਨ । ਅਜਿਹੇ ਇਨਸਾਨ ਨੂੰ ਬੈਲਜੀਅਮ ਦੀ ਹਕੂਮਤ ਵੱਲੋਂ ਜਾਂ ਅਮਰੀਕਾ ਦੀ ਹਕੂਮਤ ਵੱਲੋਂ ਬੁਲਾਕੇ ਸਨਮਾਨ ਕਰਨਾ, ਹਿੰਦ ਵਿਚ ਵੱਸਣ ਵਾਲੀ ਮੁਸਲਿਮ ਅਤੇ ਸਿੱਖ ਕੌਮ ਦੇ ਅੱਲ੍ਹੇ ਜਖ਼ਮਾਂ ਉਤੇ ਲੂਣ ਛਿੜਕਣ ਦੇ ਤੁੱਲ ਅਮਲ ਹਨ । ਜਦੋਕਿ ਅਜਿਹੇ ਮਨੁੱਖਤਾ ਦੇ ਕਾਤਲ ਨੂੰ ਨਾ ਅਮਰੀਕਾ ਅਤੇ ਨਾ ਹੀ ਬੈਲਜੀਅਮ ਵਰਗੇ ਮੁਲਕਾਂ ਵੱਲੋ ਕਿਸੇ ਤਰ੍ਹਾਂ ਦਾ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੈਲਜੀਅਮ ਵਿਖੇ ਮੋਦੀ ਵੱਲੋ ਉਥੇ ਦੇ ਪੀੜਤਾਂ ਲਈ ਹਮਦਰਦੀ ਪ੍ਰਗਟਾਉਣ ਦੀ ਕਾਰਵਾਈ ਨੂੰ ਮਗਰਮੱਛ ਦੇ ਹੰਝੂ ਕਰਾਰ ਦਿੰਦੇ ਹੋਏ ਮੋਦੀ ਵਰਗੇ ਮਨੁੱਖਤਾ ਦੇ ਕਾਤਲ ਨੂੰ ਅਮਰੀਕਾ, ਬੈਲਜੀਅਮ ਜਾਂ ਯੂਰਪਿੰਨ ਯੂਨੀਅਨ ਦੇ ਮੁਲਕਾਂ ਵੱਲੋਂ ਆਪਣੇ ਮੁਲਕਾਂ ਵਿਚ ਬੁਲਾਕੇ ਸਨਮਾਨ ਦੇਣ ਦੇ ਹੋ ਰਹੇ ਅਮਲਾਂ ਉਤੇ ਡੂੰਘੀ ਹੈਰਾਨੀ ਅਤੇ ਦੁੱਖ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਦੋਂ ਸ੍ਰੀ ਮੋਦੀ ਨੇ ਗੁਜਰਾਤ ਵਿਚ ਮੁਸਲਮਾਨਾਂ ਦਾ ਕਤਲੇਆਮ ਕੀਤਾ ਸੀ ਤਾਂ ਅਮਰੀਕਾ ਦੀ ਹਕੂਮਤ ਨੇ ਮਨੁੱਖਤਾ ਦੇ ਇਸ ਕਾਤਲ ਨੂੰ ਅਮਰੀਕਾ ਦਾ ਵੀਜਾ ਦੇਣ ਤੋਂ ਇਨਕਾਰ ਕਰਕੇ ਇਨਸਾਨੀਅਤ ਤੇ ਮਨੁੱਖੀ ਪੱਖੀ ਕਦਰਾ-ਕੀਮਤਾ ਨੂੰ ਕੌਮਾਂਤਰੀ ਪੱਧਰ ਤੇ ਮਜ਼ਬੂਤ ਕਰਨ ਦਾ ਉਦਮ ਕੀਤਾ ਸੀ । ਲੇਕਿਨ ਹੁਣ ਉਸੇ ਅਮਰੀਕਾ ਵੱਲੋ ਮੋਦੀ ਨੂੰ ਵੀਜਾ ਦੇ ਦਿੱਤਾ ਗਿਆ ਹੈ । ਜਦੋਕਿ ਅੱਜ ਵੀ ਮੁਸਲਿਮ ਕੌਮ ਦੇ ਕਤਲ ਦੇ ਦੋਸ਼ਾਂ ਤੋਂ ਸ੍ਰੀ ਮੋਦੀ ਮੁਸਲਿਮ ਕੌਮ ਦੀਆਂ ਨਜ਼ਰਾਂ ਵਿਚ ਅਜੇ ਤੱਕ ਬਰੀ ਨਹੀਂ ਹੋਏ । ਦੂਸਰਾ ਜੋ ਯੂਰਪਿੰਨ ਯੂਨੀਅਨ ਦੇ ਮੁਲਕ ਹਨ, ਉਹਨਾਂ ਵੱਲੋਂ ਹਮੇਸ਼ਾਂ ਮਨੁੱਖੀ ਹੱਕਾਂ ਅਤੇ ਇਨਸਾਨੀ ਕਦਰਾ-ਕੀਮਤਾ ਦੀ ਪੈਰਵੀ ਕੀਤੀ ਜਾਂਦੀ ਆ ਰਹੀ ਹੈ । ਲੇਕਿਨ ਜੋ ਹੁਣ ਯੂਰਪਿੰਨ-ਹਿੰਦ ਸੰਮੇਲਨ ਹੋ ਰਿਹਾ ਹੈ, ਉਸ ਵਿਚ ਮੋਦੀ ਵਰਗੇ ਕਾਤਲ ਦੀ ਸਮੂਲੀਅਤ ਹੋਣਾ ਮਨੁੱਖੀ ਕਦਰਾ-ਕੀਮਤਾ ਅਤੇ ਮਨੁੱਖੀ ਹੱਕਾਂ ਦੀ ਰਖਵਾਲੀ ਦੇ ਗੰਭੀਰ ਵਿਸ਼ੇ ਤੇ ਕੌਮਾਂਤਰੀ ਪੱਧਰ ਤੇ ਵੱਡਾ ਪ੍ਰਸ਼ਨ ਚਿੰਨ੍ਹ ਲੱਗਦਾ ਨਜ਼ਰ ਆ ਰਿਹਾ ਹੈ । ਜਿਵੇ ਯੂਰਪਿੰਨ ਮੁਲਕਾਂ ਦੀ ਕੌਮਾਂਤਰੀ ਪੱਧਰ ਤੇ ਮਨੁੱਖੀ ਹੱਕਾਂ ਦੇ ਸੰਬੰਧ ਵਿਚ ਅਕਸ ਬਣਿਆ ਹੋਇਆ ਹੈ, ਅਜਿਹੇ ਸਮੇਂ ਇਕ ਕਾਤਲ ਬਿਰਤੀ ਵਾਲੇ ਹਿੰਦ ਦੇ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਨੂੰ ਅਜਿਹੇ ਸੰਮੇਲਨਾਂ ਵਿਚ ਬੁਲਾਕੇ ਯੂਰਪਿੰਨ ਯੂਨੀਅਨ ਦੇ ਮੁਲਕਾਂ ਦੀਆਂ ਵੱਡੀਆਂ ਸਖਸ਼ੀਅਤਾਂ ਦੀ ਸਾਂਖ ਉਤੇ ਵੀ ਡੂੰਘਾਂ ਅਸਰ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਕਿਉਂਕਿ ਦਾਗੀ ਇਨਸਾਨ ਨੂੰ ਚੰਗੀਆਂ ਸਖਸ਼ੀਅਤਾਂ ਦੀ ਇਕੱਤਰਤਾ ਵਿਚ ਸ਼ਾਮਿਲ ਕਰਨਾ ਵੀ ਉਹਨਾ ਦੀਆਂ ਸਖਸ਼ੀਅਤਾਂ ਨੂੰ ਵੀ ਸੱ਼ਕੀ ਬਣਾ ਦਿੰਦਾ ਹੈ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ, ਬੈਲਜੀਅਮ ਅਤੇ ਯੂਰਪਿੰਨ ਯੂਨੀਅਨ ਕਿ ਮਨੁੱਖੀ ਕਦਰਾ-ਕੀਮਤਾ ਤੇ ਮਨੁੱਖੀ ਹੱਕਾਂ ਦੀ ਰੱਖਿਆ ਦੇ ਬਿਨ੍ਹਾਂ ਤੇ ਜੋਰਦਾਰ ਅਪੀਲ ਕਰਦਾ ਹੈ ਕਿ ਮੋਦੀ ਵਰਗੇ ਮਨੁੱਖਤਾ ਦੇ ਕਾਤਲ ਨੂੰ ਇਹਨਾਂ ਮੁਲਕਾਂ ਦੀਆਂ ਵੱਡੀਆਂ ਇਕੱਤਰਤਾਵਾਂ ਜਾਂ ਸਟੇਜ਼ਾਂ ਉਤੇ ਬਿਲਕੁਲ ਨਾ ਬੁਲਾਇਆ ਜਾਵੇ । ਬਲਕਿ ਅਜਿਹੇ ਕਾਤਲ ਤੇ ਮੁਤੱਸਵੀ ਸੋਚ ਵਾਲੇ ਹਿੰਦ ਦੇ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਦੀਆਂ ਮਨੁੱਖਤਾ ਮਾਰੂ ਪਾਲਸੀਆ ਦਾ ਅਤੇ ਅਮਲਾਂ ਦਾ ਕੌਮਾਂਤਰੀ ਪੱਧਰ ਤੇ ਜੋਰਦਾਰ ਵਿਰੋਧ ਕਰਕੇ ਕੌਮਾਂਤਰੀ ਪੱਧਰ ਤੇ ਮਨੁੱਖੀ ਹੱਕਾਂ ਦੀ ਰਖਵਾਲੀ ਕੀਤੀ ਜਾਵੇ ।