? ਅਜਿਹਾ ਦਾਅਵਾ ਹੈ ਕਿ ਕਲੋਨ ਵਿਧੀ ਨਾਲ ਪੈਦਾ ਹੋਇਆ ਬੱਚਾ ਉਸਦੇ ਮੂਲ ਦੀ ‘ਕਾਪੀ‘ ਹੀ ਹੋਵੇਗਾ ਉਹੀ ਗੁਣ ਤੇ ਉਹੀ ਵਿਚਾਰ। ਤਾਂ ਫਿਰ ਕੀ ਉਹ ਕੋਈ ਬਿਨਾਂ ਸਿੱਖਿਆ ਪ੍ਰਾਪਤ ਕੀਤਿਆਂ ਸਭ ਕੁਝ ਪੜ੍ਹ ਲਿਖ ਸਕੇਗਾ?
* ਮਨੁੱਖ ਵਿਚ ਦੋ ਕਿਸਮ ਦੇ ਗੁਣ ਹੁੰਦੇ ਹਨ। ਇੱਕ ਪੈਦਾਇਸ਼ੀ ਗੁਣ ਹੁੰਦੇ ਹਨ ਅਤੇ ਦੂਜੇ ਵਾਤਾਵਰਣ ਤੋਂ ਪ੍ਰਾਪਤ ਗੁਣ ਹੁੰਦੇ ਹਨ। ਕਲੋਨਡ ਬੱਚੇ ਵਿਚ ਪੈਦਾਇਸ਼ੀ ਗੁਣ ਤਾਂ ਹੋਣਗੇ ਪਰ ਮਾਹੌਲ ਤੋਂ ਉਹ ਗੁਣ ਹੀ ਪ੍ਰਾਪਤ ਕਰ ਸਕੇਗਾ ਜਿਹੋ-ਜਿਹਾ ਉਸਦਾ ਮਾਹੌਲ ਹੋਵੇਗਾ।
? ਬਹੁਤ ਸਾਰੇ ਲੋਕਾਂ ਦੇ ਵਾਲ ਬਚਪਨ ਵਿਚ ਹੀ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਦੀ ਰੋਕਥਾਮ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ।
* ਜਦੋਂ ਸਾਡੀ ਚਮੜੀ ਵਿਚ ਮੈਲਾਨਿਨ ਨਾਂ ਦੇ ਪਦਾਰਥ ਦੀ ਕਮੀ ਹੋ ਜਾਂਦੀ ਹੈ ਤਾਂ ਵਾਲ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਦਾ ਇਲਾਜ ਕੁਝ ਹਾਲਤਾਂ ਵਿਚ ਹੋ ਜਾਂਦਾ ਹੈ ਅਤੇ ਬਹੁਤ ਸਾਰੀਆਂ ਹਾਲਤਾਂ ਵਿਚ ਨਹੀਂ ਵੀ ਹੁੰਦਾ।
* ਲੰਮਾ ਪੈ ਕੇ ਟੀ. ਵੀ ਦੇਖਣ ਨਾਲ ਅੱਖਾਂ ਦੀ ਦਿੱਖ ਵਿਗੜਦੀ ਹੈ।
? ਗਰਭ ਅਵਸਥਾ ਸਮੇਂ ਐਕਸ-ਰੇ ਨਹੀਂ ਕਰਵਾਉਣਾ ਚਾਹੀਦਾ। ਕਿਉਂ ਕੀ ਪ੍ਰਭਾਵ ਪੈ ਸਕਦਾ ਹੈ?
* ਗਰਭ ਅਵਸਥਾ ਵਿਚ ਬੱਚੇ ਦੇ ਨਾਜ਼ੁਕ ਅੰਗ ਸ਼ੁਰੂਆਤ ਹਾਲਤ ਵਿਚ ਹੀ ਹੁੰਦੇ ਹਨ ਜਿਸ ਨਾਲ ਥੋੜ੍ਹੀ ਜਿਹੀ ਮਾਤਰਾ ਵਿਚ ਐਕਸ ਕਿਰਨਾਂ ਉਨ੍ਹਾਂ ਤੇ ਮਾਰੂ ਪ੍ਰਭਾਵ ਪਾ ਸਕਦੀਆਂ ਹਨ।
? ਮਿੱਤਰ ਜੀ, ਦਵਾਉ ਕੀ ਹੈ ਜਿਹੜਾ ਕਿ ਮਨੁੱਖ ਨੂੰ ਸੌਂਦੇ ਸਮੇਂ ਪੈਂਦਾ ਹੈ ਤਾਂ ਮਨੁੱਖ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਸ ਨੂੰ ਕਿਸੇ ਨੇ ਪਕੜ ਲਿਆ ਹੋਵੇ।
* ਮਨ, ਮਨੁੱਖ ਦਾ ਕਦੇ ਨਾ ਸੌਣ ਵਾਲਾ ਅੰਗ ਹੈ। ਇਹ 24 ਘੰਟੇ ਕਲਪਨਾਵਾਂ ਕਰਦਾ ਹੀ ਰਹਿੰਦਾ ਹੈ। ਇਸ ਲਈ ਇਨ੍ਹਾਂ ਚੰਗੀਆਂ ਮਾੜੀਆਂ ਕਲਪਨਾਵਾਂ ਦਾ ਪ੍ਰਭਾਵ ਸਾਡੇ ਸਰੀਰ ਤੇ ਪੈਂਦਾ ਹੈ ਅਤੇ ਮਨ ਹੀ ਇਹ ਪ੍ਰਭਾਵ ਸਾਡੇ ਦਿਲ ਤੇ ਵੀ ਪਾਉਂਦਾ ਹੈ। ਇਸ ਲਈ ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਹੈ, ਕਈ ਵਾਰ ਵਿਅਕਤੀਆਂ ਨੂੰ ਦਬਾ ਮਹਿਸੂਸ ਹੁੰਦਾ ਹੈ ਕਿ ਜਿਵੇਂ ਕਿਸੇ ਨੇ ਉਨ੍ਹਾਂ ਨੂੰ ਪਕੜ ਲਿਆ ਹੋਵੇ।
? ਸਾਡੇ ਦਿਲ ਨੂੰ ਕੰਮ ਕਰਨ ਲਈ ਊਰਜਾ ਕੌਣ ਦਿੰਦਾ ਹੈ।
* ਜੋ ਪਦਾਰਥ ਅਸੀਂ ਖਾਂਦੇ ਹਾਂ, ਉਹ ਖੂਨ ਰਾਹੀਂ ਸਾਡੇ ਸਰੀਰ ਦੇ ਵੱਖ-ਵੱਖ ਭਾਗਾਂ ਵਿਚ ਜਾਂਦੇ ਹਨ। ਇਸ ਤਰ੍ਹਾਂ ਸਾਡੇ ਸਰੀਰ ਦੇ ਸਾਰੇ ਸੈੱਲਾਂ ਨੂੰ ਖੁਰਾਕ ਮਿਲ ਜਾਂਦੀ ਹੈ। ਇਹ ਖੁਰਾਕ ਹੀ ਦਿਲ ਲਈ ਊਰਜਾ ਦਾ ਸੋਮਾ ਹੈ।
? ਤੁਹਾਡੇ ਜਿਹਾ ਦਿਮਾਗ ਪਾਉਣ ਲਈ ਕੀ ਕਰਨਾ ਚਾਹੀਦਾ ਹੈ।
* ਮੇਰਾ ਦਿਮਾਗ ਤਾਂ ਕੋਈ ਬਹੁਤ ਵਧੀਆ ਨਹੀਂ। ਇਹ ਆਮ ਵਿਅਕਤੀਆਂ ਵਰਗਾ ਹੀ ਹੈ ਪਰ ਪੜ੍ਹਨ-ਲਿਖਣ ਦੀ ਆਦਤ ਨੂੰ ਰੋਜ਼ਾਨਾ ਜ਼ਿੰਦਗੀ ਨਾਲ ਜੋੜ ਕੇ ਸਮਾਜ ਵਿਚ ਵਾਪਰ ਰਹੇ ਵਰਤਾਰਿਆਂ ਦਾ ਨਿਰੀਖਣ ਕਰਨਾ, ਚੀਰ-ਫਾੜ ਕਰਨਾ ਮੇਰੀ ਆਦਤ ਬਣ ਚੁੱਕੀ ਹੈ। ਜੇ ਤੁਸੀ ਵੀ ਜ਼ਿੰਦਗੀ ਵਿਚ ਆਪਣਾ ਨਜ਼ਰੀਆ ਅਜਿਹਾ ਬਣਾ ਲਵੋਗੇ ਤਾਂ ਤੁਹਾਡਾ ਦਿਮਾਗ ਵੀ ਮੇਰੇ ਦਿਮਾਗ਼ ਵਰਗਾ ਜਾਂ ਮੈਥੋਂ ਵੀ ਵਧੀਆ ਹੋ ਸਕਦਾ ਹੈ।
? ਕਈ ਇਨਸਾਨਾਂ ਦੇ ਦੰਦ ਉੱਚੇ-ਨੀਵੇਂ ਅਤੇ ਟੇਢੇ ਹੁੰਦੇ ਹਨ, ਅਜਿਹਾ ਕਿਉਂ ਹੁੰਦਾ ਹੈ।
* ਦੰਦਾਂ ਅਤੇ ਜੁਬਾੜਿਆਂ ਦੀ ਬਣਤਰ ਵੀ ਸਾਨੂੰ ਵਿਰਾਸਤ ਵਿਚ ਮਿਲੇ ਜੀਨਾਂ ਕਰਕੇ ਮਿਲਦੀ ਹੈ। ਕਈ ਵਾਰ ਅਸੀਂ ਸੱਟਾਂ ਵੀ ਖਾ ਲੈਂਦੇ ਹਾਂ। ਇਸ ਲਈ ਸਾਡੇ ਦੰਦ ਸਮੇਂ ਤੋਂ ਪਹਿਲਾਂ ਨਿਕਲ ਜਾਂਦੇ ਹਨ। ਉਨ੍ਹਾਂ ਦੀ ਥਾਂ ਲੈਣ ਲਈ ਕੁਝ ਹੋਰ ਦੰਦ ਆਉਣੇ ਸ਼ੁਰੂ ਹੋ ਜਾਂਦੇ ਹਨ ਪਰ ਉੱਪਰਲੀ ਸਪੇਸ ਵੱਧ-ਘੱਟ ਜਾਂ ਨਾ ਹੋਣ ਕਰਕੇ ਦੰਦ ਟੇਢੇ-ਮੇਢੇ ਹੋ ਜਾਂਦੇ ਹਨ ਪਰ ਅੱਜ ਕੱਲ੍ਹ ਆਰਥੋ-ਡੈਂਟਿਟਸ ਦੰਦਾਂ ਦੀ ਬਣਤਰ ਨੂੰ ਤਾਰਾਂ ਰਾਹੀਂ ਠੀਕ ਕਰਨ ਦੇ ਸਮੱਰਥ ਹੁੰਦੇ ਹਨ ਪਰ ਇਹ ਇੱਕ ਮਹਿੰਗਾ ਸੌਦਾ ਹੈ। ਸਿਰਫ ਸਮਰੱਥ ਪਰਿਵਾਰ ਹੀ ਇਸ ਸੁਵਿਧਾ ਦਾ ਫਾਇਦਾ ਉਠਾ ਸਕਦੇ ਹਨ।
? ਕੀ ਵਾਲ ਰੱਖਣੇ ਸਿਹਤ ਲਈ ਲਾਹੇਵੰਦ ਹਨ। ਜੇ ਹਾਂ ਤਾਂ ਕਿਉਂ ਜੇ ਨਹੀਂ ਤਾਂ ਕਿਉਂ।
* ਵਾਲ ਪ੍ਰੋਟੀਨ ਦੇ ਮੁਰਦਾ ਸੈੱਲ ਹੁੰਦੇ ਹਨ। ਸਰੀਰ ਮਰੇ ਹੋਏ ਸੈੱਲਾਂ ਨੂੰ ਵਾਲਾਂ ਰਾਹੀਂ ਬਾਹਰ ਕੱਢਦਾ ਹੈ। ਇਸ ਲਈ ਵਿਗਿਆਨਕ ਦ੍ਰਿਸ਼ਟੀ ਤੋਂ ਇਹ ਕੋਈ ਫਾਇਦੇਮੰਦ ਨਹੀਂ ਪਰ ਸਮਾਜਿਕ ਦ੍ਰਿਸ਼ਟੀ ਤੋਂ ਇਹ ਮਹੱਤਵਪੂਰਨ ਵੀ ਹੋ ਸਕਦੇ ਹਨ ਜਿਵੇਂ ਜੇ ਕੋਈ ਇਸਤਰੀ ਸਾਡੇ ਸਮਾਜ ਵਿਚ ਆਪਣੇ ਸਿਰ ‘ਤੇ ਉਸਤਰਾ ਫਿਰਵਾ ਕੇ ਪਿੰਡ ਜਾਂ ਸ਼ਹਿਰ ਵਿਚ ਘੁੰਮਣਾ ਸ਼ੁਰੂ ਕਰ ਦੇਵੇ ਤਾਂ ਤੁਸੀਂ ਉਸ ਨੂੰ ਕੀ ਕਹੋਗੇ?
? ਮਨੁੱਖ ਦਾ ਕੱਦ ਗਿੱਠਾ ਕਿਉਂ ਰਹਿੰਦਾ ਹੈ? ਜਦ ਕਿ ਉਸ ਦੇ ਮਾਂ-ਬਾਪ ਦਾ ਕੱਦ ਲੰਬਾ ਹੁੰਦਾ ਹੈ। ਤੇ ਗਿੱਠੇ ਬੰਦੇ ਨੂੰ ਲੰਬਾ ਕਰਨ ਦਾ ਆਪਰੇਸ਼ਨ ਤੋਂ ਬਿਨਾਂ ਕੀ ਉਪਾ ਹੈ?
* ਜੀਵਾਂ ਵਿਚ ਅੱਧੇ ਗੁਣ, ਉਸ ਦੇ ਮਾਪਿਆਂ ਵਾਲੇ ਹੁੰਦੇ ਹਨ, ਉਸ ਤੋਂ ਅੱਧੇ ਉਸ ਦੇ ਦਾਦਾ, ਦਾਦੀ, ਨਾਨਾ, ਨਾਨੀ ਵਾਲੇ ਹੁੰਦੇ ਹਨ, ਉਸ ਤੋਂ ਅੱਧੇ ਪੜਨਾਨਾ, ਪੜਨਾਨੀ, ਪੜਦਾਦਾ, ਪੜਦਾਦੀ ਵਾਲੇ ਹੁੰਦੇ ਹਨ। ਇਨ੍ਹਾਂ ਸਭ ਦੇ ਗੁਣ ਮਨੁੱਖ ਵਿਚ ਪਏ ਰਹਿੰਦੇ ਹਨ। ਇਨ੍ਹਾਂ ਗੁਣਾਂ ਵਿਚੋਂ ਕੁਝ ਗੁਣ ਪ੍ਰਗਟ ਹੋ ਜਾਂਦੇ ਹਨ। ਬਾਕੀ ਮਨੁੱਖ ਦੇ ਵਿਚ ਗੁਪਤ ਹੀ ਹੋ ਕੇ ਪਏ ਰਹਿੰਦੇ ਹਨ। ਕਿਸੇ ਅਗਲੀ ਪੀੜ੍ਹੀ ਵਿਚ ਜਾ ਕੇ ਇਹ ਪ੍ਰਗਟ ਹੋ ਜਾਂਦੇ ਹਨ। ਇਸ ਕਰਕੇ ਮਾਪੇ ਲੰਬੇ ਹੋਣ ਦੇ ਬਾਵਜੂਦ ਕੁਝ ਆਦਮੀ ਗਿੱਠੇ ਰਹਿ ਜਾਂਦੇ ਹਨ। ਗਿੱਠੇ ਬੰਦੇ ਨੂੰ ਲੰਬਾ ਕਰਨ ਦਾ ਸਰਜਰੀ ਤੋਂ ਬਿਨਾਂ ਕੋਈ ਢੰਗ ਨਹੀਂ।
? ਦੋਵਾਂ ਕੁੜੀ-ਮੁੰਡੇ ਨੂੰ ਜੇਕਰ ਏਡਜ਼ ਨਹੀਂ ਹੋਈ ਤਾਂ ਕੁੜੀ ਦੇ ਮੂੰਹ ਵਿਚ ਛਾਲੇ ਹੋਏ ਹਨ ਤਾਂ ਉਨ੍ਹਾਂ ਦੋਵਾਂ ਦੇ ਚੁੰਮਣ ਕਰਨ ਨਾਲ ਉਨ੍ਹਾਂ ਨੂੰ ਏਡਜ਼ ਹੋ ਸਕਦੀ ਹੈ।
* ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ।
? ਕੁੜੀਆਂ ਵਿਚ ਮੁੰਡਿਆਂ ਮੁਕਾਬਲੇ ਜ਼ਿਆਦਾ ਸਹਿਣ-ਸ਼ਕਤੀ ਅਤੇ ਗਰਮੀ ਹੁੰਦੀ ਹੈ? ਕੀ ਇਹ ਸੱਚ ਹੈ, ਜੇ ਹੈ ਤਾਂ ਕਿਵੇਂ।
* ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ, ਕਿ ਕੁੜੀਆਂ ਮੁੰਡਿਆਂ ਨਾਲੋਂ ਵੱਧ ਸਹਿਣਸ਼ੀਲ ਹੁੰਦੀਆਂ ਹਨ। ਜੇ ਇਉਂ ਕਹਿ ਲਿਆ ਜਾਵੇ ਕਿ ਗਰੀਬ ਆਦਮੀ ਅਮੀਰ ਆਦਮੀਆਂ ਦੇ ਮੁਕਾਬਲੇ ਵੱਧ ਸਹਿਣਸ਼ੀਲ ਹੁੰਦੇ ਹਨ, ਇਹ ਗਲਤ ਨਹੀਂ ਹੋਵੇਗਾ। ਇਸ ਲਈ ਜਿਹੜੀਆਂ ਨਸਲਾਂ, ਕੌਮਾਂ ਜਾਂ ਜਾਤਾਂ ਦੱਬੀਆਂ-ਕੁਚਲੀਆਂ ਹੁੰਦੀਆਂ ਹਨ, ਉਹਨਾਂ ਦਾ ਵੱਧ ਸਹਿਣਸ਼ੀਲ ਹੋਣਾ ਇਸੇ ਵਧੀਕੀ ਦਾ ਇੱਕ ਪ੍ਰਤੀਕ ਹੈ। ਮੇਰਾ ਖਿਆਲ ਹੈ ਕੁੜੀਆਂ ਵਿੱਚ ਗਰਮੀ ਵੱਧ ਨਹੀਂ ਹੁੰਦੀ।
? ਸੁਪਨੇ ਅੰਦਰ ਹਮਲਾਵਰ ਤੋਂ ਬਚਣ ਲਈ ਚਾਹੁੰਦਿਆਂ ਹੋਇਆਂ ਇਨਸਾਨ ਭੱਜ ਕਿਉਂ ਨਹੀਂ ਸਕਦਾ ਅਤੇ ਲੜਖੜਾ ਕੇ ਡਿੱਗਦਾ ਰਹਿੰਦਾ ਹੈ। ਅਜਿਹਾ ਕਿਉਂ ਹੁੰਦਾ ਹੈ?
* ਅਸਲ ਵਿਚ ਸੁਪਨੇ ਮਨ ਦੀ ਕਲਪਨਾ ਸ਼ਕਤੀ ਨਾਲ ਸੰਬੰਧਿਤ ਹੁੰਦੇ ਹਨ। ਕਲਪਨਾਵਾਂ ਨੇ ਜਿੱਧਰ ਨੂੰ ਤੁਰਨਾ ਹੁੰਦਾ ਹੈ। ਸੁਪਨਿਆਂ ਨੇ ਉਹੀ ਰੰਗ ਸਿਰਜਣਾ ਹੁੰਦਾ ਹੈ।
? ਅਸੀਂ ਸਾਹ ਰਾਹੀਂ ਆਕਸੀਜਨ ਲੈਂਦੇ ਹਾਂ ਪਰ ਉਹ ਕਾਰਬਨ ਡਾਈਆਕਸਾਈਡ ਵਿਚ ਕਿਵੇਂ ਬਦਲ ਜਾਂਦੀ ਹੈ।
* ਸਾਡੇ ਸਰੀਰ ਦੁਆਰਾ ਖਾਧਾ ਗਿਆ ਭੋਜਨ ਖੂਨ ਵਿਚ ਚਲਿਆ ਜਾਂਦਾ ਹੈ। ਖ਼ੂਨ ਵਿਚਲੇ ਭੋਜਨ ਦਾ ਆਕਸੀਕਰਨ ਸਾਹ ਕਿਰਿਆ ਦੁਆਰਾ ਲਈ ਗਈ ਹਵਾ ਵਿਚਲੀ ਆਕਸੀਜਨ ਕਰਕੇ ਹੁੰਦਾ ਹੈ। ਇਸ ਆਕਸੀਕਰਨ ਕਿਰਿਆ ਕਾਰਨ ਸਾਹ ਵਿਚਲੀ ਆਕਸੀਜਨ ਦਾ ਕੁਝ ਭਾਗ ਕਾਰਬਨ ਡਾਈਆਕਸਾਈਡ ਵਿਚ ਬਦਲ ਜਾਂਦਾ ਹੈ।