ਲਖਨਊ – ਉਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ 25 ਸਾਲ ਪਹਿਲਾਂ 10 ਸਿੱਖ ਸ਼ਰਧਾਲੂਆਂ ਨੂੰ ਅੱਤਵਾਦੀ ਦੱਸ ਕੇ ਨਕਲੀ ਮੁਠਭੇੜ ਵਿੱਚ ਮਾਰਨ ਦੇ ਆਰੋਪ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਸਪੈਸ਼ਲ ਅਦਾਲਤ ਨੇ 47 ਪੁਲਿਸ ਕਰਮਚਾਰੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸੀਬੀਆਈ ਦੀ ਸਪੈਸ਼ਲ ਅਦਾਲਤ ਦੇ ਜਸਟਿਸ ਲਲੂ ਸਿੰਹ ਨੇ ਇਨ੍ਹਾਂ ਪੁਲਿਸ ਕਰਮਚਾਰੀਆਂ ਨੂੰ ਸ਼ੁਕਰਵਾਰ ਨੂੰ ਹੀ ਦੋਸ਼ੀ ਕਰਾਰ ਦੇ ਦਿੱਤਾ ਸੀ।
ਜਿਕਰਯੋਗ ਹੈ ਕਿ 12 ਜੁਲਾਈ 1991 ਨੂੰ ਨਾਨਕਮੱਤਾ, ਪਟਨਾ ਸਾਹਿਬ, ਹਜ਼ੂਰ ਸਾਹਿਬ ਅਤੇ ਹੋਰ ਤੀਰਥ ਸਥਾਨਾਂ ਦੇ ਦਰਸ਼ਨ ਕਰਦੇ ਹੋਏ 25 ਸ਼ਰਧਾਲੂਆਂ ਦਾ ਇੱਕ ਜੱਥਾ ਬੱਸ ਦੁਆਰਾ ਵਾਪਿਸ ਪਰਤ ਰਿਹਾ ਸੀ ਤਾਂ ਕਛਲਾ ਘਾਟ ਦੇ ਕੋਲ ਪੁਲਿਸ ਕਰਮਚਾਰੀਆਂ ਨੇ ਸਿੱਖ ਨੌਜਵਾਨਾਂ ਨੂੰ ਬੱਸ ਵਿੱਚੋਂ ਉਤਾਰ ਲਿਆ ਅਤੇ ਜੰਗਲ ਵਿੱਚ ਲਿਜਾ ਕੇ ਝੂਠਾ ਪੁਲਿਸ ਮੁਕਾਬਲਾ ਵਿਖਾ ਕੇ ਇਨ੍ਹਾਂ ਨਿਰਦੋਸ਼ ਸਿੱਖਾਂ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਇਨ੍ਹਾਂ ਕਤਲ ਕੀਤੇ ਗਏ ਸਿੱਖਾਂ ਦੇ ਖਿਲਾਫ਼ ਜਾਨਲੇਵਾ ਹਮਲਾ ਕਰਨ ਦੀ ਰਿਪੋਰਟ ਵੀ ਦਰਜ਼ ਕਰਵਾਈ ਸੀ। ਜੁਲਮ ਦੀਆਂ ਸਾਰੀਆਂ ਹਦਾਂ ਪਾਰ ਕਰਦੇ ਹੋਏ ਇਨ੍ਹਾਂ ਕਾਨੂੰਨ ਦੇ ਰੱਖਵਾਲਿਆਂ ਪੁਲਿਸ ਵਾਲਿਆਂ ਨੇ ਇਨ੍ਹਾਂ ਨਿਰਦੋਸ਼ ਸਿੱਖਾਂ ਦੀ ਹੱਤਿਆ ਤੋਂ ਬਾਅਦ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਲਾਵਾਰਿਸ ਵਿਖਾ ਕੇ ਝੱਟਪਟ ਦਾਹ ਸੰਸਕਾਰ ਵੀ ਕਰ ਦਿੱਤਾ।ਇਹ ਸੱਭ ਕੁਝ ਤਰੱਕੀਆਂ ਲੈਣ ਖਾਤਿ ਕੀਤਾ ਗਿਆ।ਹਾਈਕੋਰਟ ਦੇ ਆਦੇਸ਼ ਤੇ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਗਈ।
ਪਹਿਲੀ ਅਪਰੈਲ ਨੂੰ ਦੋਸ਼ੀ ਕਰਾਰ ਦਿੱਤੇ ਗਏ 20 ਆਰੋਪੀਆਂ ਨੂੰ ਜੋ ਕਿ ਉਸ ਸਮੇਂ ਅਦਾਲਤ ਵਿੱਚ ਹਾਜਿ਼ਰ ਸਨ, ਉਸੇ ਸਮੇਂ ਹੀ ਜੇਲ੍ਹ ਭੇਜ ਦਿੱਤਾ ਅਤੇ 27 ਦੋਸ਼ੀਆਂ ਦੇ ਖਿਲਾਫ਼ ਵਾਰੰਟ ਜਾਰੀ ਕਰਦੇ ਹੋਏ ਉਨ੍ਹਾਂ ਨੂੰ 4 ਅਪਰੈਲ ਨੂੰ ਹਾਜਿ਼ਰ ਹੋਣ ਦੇ ਆਦੇਸ਼ ਦਿੱਤੇ ਸਨ। ਇਸ ਕੇਸ ਵਿੱਚ ਕੁਲ 57 ਆਰੋਪੀ ਸਨ, ਪਰ ਕੇਸ ਦੌਰਾਨ 10 ਦੀ ਮੌਤ ਹੋ ਗਈ।