ਚੰਡੀਗੜ੍ਹ – “ਜੋ ਆਰ.ਐਸ.ਐਸ. ਤੇ ਬੀਜੇਪੀ ਦੇ ਹਿੰਦ ਵਿਚ ਪ੍ਰਚਾਰਕ ਹਨ, ਉਹਨਾਂ ਵੱਲੋ ਹੀ ਸਮੇਂ-ਸਮੇਂ ਤੇ ਇਥੇ ਵੱਸਣ ਵਾਲੀਆਂ ਘੱਟ ਗਿਣਤੀ ਮੁਸਲਿਮ, ਸਿੱਖ, ਇਸਾਈ ਅਤੇ ਰੰਘਰੇਟਿਆਂ ਵਿਰੁੱਧ ਨਫ਼ਰਤ ਭਰੀਆਂ ਭੜਕਾਊ ਬਿਆਨਬਾਜੀਆਂ ਕੀਤੀਆਂ ਜਾ ਰਹੀਆਂ ਹਨ । ਦੁੱਖ ਅਤੇ ਅਫਸੋਸ ਹੈ ਕਿ ਅਜਿਹੇ ਫਿਰਕੂਆਂ ਜਿਨ੍ਹਾਂ ਵੱਲੋਂ ਗੈਰ-ਸਮਾਜਿਕ ਬਿਆਨਬਾਜੀਆਂ ਜਾਂ ਤਕਰੀਰਾਂ ਕਰਕੇ ਇਥੋ ਦੇ ਮਾਹੌਲ ਨੂੰ ਅਤਿ ਵਿਸਫੋਟਕ ਬਣਾਇਆ ਜਾ ਰਿਹਾ ਹੈ ਅਤੇ ਘੱਟ ਗਿਣਤੀ ਕੌਮਾਂ ਵਿਰੁੱਧ ਨਫ਼ਰਤ ਪੈਦਾ ਕੀਤੀ ਜਾ ਰਹੀ ਹੈ, ਉਹਨਾਂ ਦੇ ਗੈਰ-ਕਾਨੂੰਨੀ ਅਮਲਾਂ ਵਿਰੁੱਧ ਮੋਦੀ ਦੀ ਹਕੂਮਤ ਅਤੇ ਇਥੋ ਦੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ । ਜਿਸ ਤੋ ਸਾਬਤ ਹੋ ਜਾਂਦਾ ਹੈ ਕਿ ਅਜਿਹੇ ਰਾਮਦੇਵ ਵਰਗੇ ਸਿਰਫਿਰਿਆ ਨੂੰ ਸਰਕਾਰੀ ਅਤੇ ਮੁਤੱਸਵੀ ਜਮਾਤਾਂ ਦੀ ਸਰਪ੍ਰਸਤੀ ਹਾਸਿਲ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸੈਟਰ ਦੀ ਮੋਦੀ ਹਕੂਮਤ, ਆਰ.ਐਸ.ਐਸ, ਸਿਵ ਸੈਨਾ, ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ, ਹਿੰਦੂ ਸੁਰੱਖਸਾ ਸੰਮਤੀ ਆਦਿ ਹਿੰਦੂਤਵ ਸੰਗਠਨਾਂ ਨੂੰ ਖ਼ਬਰਦਾਰ ਕਰਦਾ ਹੈ ਕਿ ਉਹਨਾਂ ਵੱਲੋ ਜ਼ਬਰੀ ਹਿੰਦੂਤਵ ਪ੍ਰੋਗਰਾਮ ਠੋਸਣ ਦੇ ਅਮਲਾਂ ਨੂੰ ਤਾਂ ਘੱਟ ਗਿਣਤੀ ਕੌਮਾਂ ਕਤਈ ਪ੍ਰਵਾਨ ਨਹੀਂ ਕਰਨਗੀਆਂ । ਪਰ ਅਜਿਹੇ ਫਿਰਕੂ ਪ੍ਰੋਗਰਾਮਾਂ ਦੀ ਬਦੌਲਤ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਮੋਦੀ ਹਕੂਮਤ ਆਰ.ਐਸ.ਐਸ. ਅਤੇ ਹੋਰ ਫਿਰਕੂ ਜਮਾਤਾਂ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੀਆਂ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਰਾਮਦੇਵ ਵੱਲੋ ਬੀਤੇ ਦਿਨੀ ਰੋਹਤਕ ਵਿਖੇ ਹੋਏ ਸੰਮੇਲਨ ਵਿਚ “ਭਾਰਤ ਮਾਤਾ ਦੀ ਜੈ” ਦਾ ਵਿਰੋਧ ਕਰਨ ਵਾਲਿਆ ਦੇ ਸਿਰ ਵੱਢ ਦੇਣ ਦੀ ਕੀਤੀ ਗਈ ਨਫ਼ਰਤਭਰੀ ਤੇ ਗੈਰ-ਕਾਨੂੰਨੀ ਬਿਆਨਬਾਜੀ ਨੂੰ ਪ੍ਰਵਾਨ ਨਾ ਕਰਨ ਅਤੇ ਹੋਰ ਜੈ ਹਿੰਦ, ਜੈ ਸ੍ਰੀ ਰਾਮ ਹਿੰਦੂ ਪ੍ਰੋਗਰਾਮਾਂ ਦਾ ਜੋਰਦਾਰ ਵਿਰੋਧ ਕਰਨ ਦੀ ਵਕਾਲਤ ਕਰਦੇ ਹੋਏ ਇਹਨਾਂ ਫਿਰਕੂਆਂ ਨੂੰ ਚੁਣੋਤੀ ਦਿੰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਸਿੱਖ ਕੌਮ ਅਜਿਹੇ “ਗਿੱਦੜਾਂ” ਵੱਲੋਂ ਦਿੱਤੀਆਂ ਜਾ ਰਹੀਆਂ ਅਸੱਭਿਅਕ ਅਤੇ ਗੈਰ-ਸਮਾਜਿਕ ਧਮਕੀਆਂ ਜਾਂ ਦਬਾਅ ਤੋਂ ਨਾ ਤਾਂ ਬੀਤੇ ਸਮੇਂ ਵਿਚ ਕਦੇ ਪ੍ਰਭਾਵ ਨੂੰ ਕਬੂਲਿਆ ਹੈ ਅਤੇ ਨਾ ਹੀ ਅਸੀਂ ਅੱਜ ਪ੍ਰਵਾਨ ਕਰ ਰਹੇ ਹਾਂ ਅਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਪ੍ਰਵਾਨ ਕਰਾਂਗੇ । ਉਹਨਾਂ ਕਿਹਾ ਕਿ ਜੋ ਦਿੱਲੀ ਵਿਖੇ ਪੁਲਿਸ ਦੀ ਗ੍ਰਿਫ਼ਤਾਰੀ ਤੋ ਡਰਕੇ ਔਰਤਾਂ ਵਾਲੇ ਕੱਪੜੇ ਪਾ ਕੇ ਭੱਜਣ ਦੀ ਤਿਆਰੀ ਕਰਦਾ ਭੜਿਆ ਗਿਆ ਹੋਵੇ, ਉਸ ਵੱਲੋਂ ਹਿੰਦੂ ਪ੍ਰੋਗਰਾਮਾਂ ਨੂੰ ਨਾ ਮੰਨਣ ਵਾਲਿਆਂ ਦੇ ਸਿਰ ਵੱਢ ਦੇਣ ਦੀ ਗੱਲ ਕਰਨਾ ਹਾਸੋਹੀਣਾ ਅਮਲ ਹੈ । ਲੇਕਿਨ ਫਿਰ ਵੀ ਅਸੀਂ ਅਜਿਹੇ ਮੁਤੱਸਵੀਆਂ ਅਤੇ ਫਿਰਕੂਆਂ ਦੇ ਗੈਰ ਸਮਾਜਿਕ ਕੀਤੇ ਜਾ ਰਹੇ ਐਲਾਨਾਂ ਨੂੰ ਖੁੱਲ੍ਹੇ ਰੂਪ ਵਿਚ ਚੁਣੋਤੀ ਦਿੰਦੇ ਹਾਂ ਕਿ ਉਹ ਸਿੱਖ ਕੌਮ ਦੇ ਬੀਤੇ ਗੌਰਵਮਈ ਤੇ ਕੁਰਬਾਨੀ ਭਰੇ ਇਤਿਹਾਸ ਤੇ ਨਜ਼ਰ ਮਾਰ ਲੈਣ, ਫਿਰ ਉਹਨਾਂ ਨੂੰ ਚਾਨਣ ਹੋ ਜਾਵੇਗਾ ਕਿ ਗੁਰੂ ਦੇ ਸਿੱਖ ਚੁਣੋਤੀਆਂ ਨੂੰ ਕਿਵੇ ਪ੍ਰਵਾਨ ਕਰਦੇ ਹਨ ਅਤੇ ਅਜਿਹੇ ਜ਼ਾਬਰਾਂ ਤੇ ਜ਼ਾਲਮਾਂ ਦਾ ਸਿੱਖੀ ਸਿਧਾਤਾਂ ਉਤੇ ਪਹਿਰਾ ਦਿੰਦੇ ਹੋਏ ਜੁਲਮ ਦਾ ਕਿਸ ਤਰ੍ਹਾਂ ਨਾਸ ਕਰਦੇ ਹਨ । ਉਹਨਾਂ ਕਿਹਾ ਕਿ ਸਾਨੂੰ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ “ਕਿਸਨ-ਬਿਸਨ ਮੈਂ ਕਬਹੁ ਨਾ ਧਿਆਓ” ਦੇ ਹੁਕਮ ਕੀਤੇ ਹਨ । ਸਿੱਖ ਕੌਮ ਕੇਵਲ ਇਕ ਅਕਾਲ ਪੁਰਖ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਉਸ ਵਾਹਿਗੁਰੂ ਵਿਚ ਯਕੀਨ ਰੱਖਦੀ ਹੈ । ਕਿਸੇ ਵੀ ਦੁਨਿਆਵੀ ਦੇਹਧਾਰੀ ਨੂੰ ਜਾਂ ਮਨੁੱਖਤਾ ਉਤੇ ਜ਼ਬਰ-ਜੁਲਮ ਕਰਨ ਵਾਲੇ ਹੁਕਮਰਾਨ ਦੀ ਅਧੀਨਗੀ ਪ੍ਰਵਾਨ ਨਹੀਂ ਕੀਤੀ । ਭਾਰਤ ਮਾਤਾ ਦੀ ਜੈ, ਜੈ ਹਿੰਦ, ਜੈ ਸ੍ਰੀ ਰਾਮ ਅਤੇ ਹੋਰ ਹਿੰਦੂਤਵ ਪ੍ਰੋਗਰਾਮ ਠੋਸਣ ਵਾਲੇ ਪਹਿਲੇ ਚੀਨ-ਭਾਰਤ ਦੀ ਸਰਹੱਦ ਤੇ ਜਾ ਕੇ, ਆਰ.ਐਸ.ਐਸ. ਵੱਲੋਂ ਨਵੀ ਵਰਦੀ ਕੋਡ ਪਹਿਨਕੇ ਜਾਣ ਅਤੇ ਜੋ ਇਹਨਾ ਦਾ 42000 ਸਕਿਅਰ ਕਿਲੋਮੀਟਰ ਇਲਾਕਾ ਬੀਤੇ ਲੰਮੇ ਸਮੇਂ ਤੋਂ ਕਬਜਾ ਕੀਤਾ ਹੋਇਆ ਹੈ, ਉਸ ਨੂੰ ਛੁਡਵਾ ਲੈਣ । ਫਿਰ ਇਹਨਾਂ ਨੂੰ ਗਿਆਨ ਹੋ ਜਾਵੇਗਾ ਕਿ ਇਹਨਾਂ ਦਾ ਹਸਰ ਕੀ ਹੁੰਦਾ ਹੈ ? ਉਹਨਾਂ ਕਿਹਾ ਕਿ ਇਹ ਸਿੱਖ ਕੌਮ ਹੀ ਹੈ ਜੋ ਸਰਹੱਦਾਂ ਤੇ ਦੁਸ਼ਮਣ ਤਾਕਤਾਂ ਅੱਗੇ ਕੰਧ ਬਣਕੇ ਖਲ੍ਹੋਦੀ ਆ ਰਹੀ ਹੈ, ਵਰਨਾ ਦੁਸ਼ਮਣ ਤਾਕਤਾਂ ਕਦੋ ਦੀਆਂ ਹਿੰਦ ਨੂੰ ਫਿਰ ਤੋ ਗੁਲਾਮ ਬਣਾ ਲੈਦੀਆਂ । ਇਸ ਤੋ ਵੱਡੀ ਹੋਰ ਕੀ “ਅਕ੍ਰਿਤਘਣਤਾ” ਹੋਵੇਗੀ ਕਿ ਮੁਗਲਾਂ ਕੋਲੋ ਇਹਨਾਂ ਦੀਆਂ ਧੀਆਂ-ਭੈਣਾਂ ਬਾਇੱਜ਼ਤ ਛੁਡਵਾਕੇ ਇਹਨਾਂ ਦੇ ਸਪੁਰਦ ਕਰਨ ਵਾਲੇ ਅਤੇ ਦੇਸ਼ ਦੀਆਂ ਸਰਹੱਦਾਂ ਤੇ ਰੱਖਿਆ ਕਰਨ ਵਾਲੀ ਤੇ ਮੁਲਕ ਦਾ ਢਿੱਡ ਭਰਨ ਵਾਲੀ ਸਿੱਖ ਕੌਮ ਉਤੇ ਇਹ ਜ਼ਬਰ ਜੁਲਮ ਤੇ ਬੇਇਨਸਾਫ਼ੀਆ ਕਰ ਰਹੇ ਹਨ ।