ਬਰੈਂਪਟਨ – ਘੁੱਗ ਵੱਸਦੇ ਵਿਦੇਸ਼ੀ ਸਿੱਖ ਭਾਈਚਾਰੇ ਵਿੱਚ ਲਾਬੂੰ ਲਾਉਣ ਲਈ ਅਕਾਲੀ ਦਲ ਬਾਦਲ ਦੇ ਪ੍ਰਧਾਨ ਨੇ ਇੱਕ ਵਾਰ ਫੇਰ ਵਿਦੇਸ਼ਾਂ ਵਿੱਚ ਐਨ ਆਰ ਆਈ ਵਿੰਗ ਬਣਾਉਣ ਦਾ ਐਲਾਨ ਕੀਤਾ ਹੈ। ਇਸ ਐਲਾਨ ਦਾ ਨੋਟਿਸ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ ਈਸਟ) ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ, ਉਨਟਾਰੀਓ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਫਤਹਿਗੜ ਸਾਹਿਬ ਅਤੇ ਯੂਥ ਦੇ ਪ੍ਰਧਾਨ ਪਰਮਿੰਦਰ ਸਿੰਘ ਨੇ ਕਿਹਾ ਕਿ ਅਸੀਂ ਅਪੀਲ ਕਰਦੇ ਹਾਂ ਕਿ ਕੈਨੇਡਾ ਦੇ ਕਿਸੇ ਵੀ ਸਿੱਖ ਨੂੰ ਇਹ ਨਿਯੁਕਤੀ ਪ੍ਰਵਾਨ ਨਹੀਂ ਕਰਨੀ ਚਾਹੀਦੀ।
ਉਨ੍ਹਾਂ ਦੱਸਿਆ ਕਿ ਅਕਾਲੀ ਦਲ ਬਾਦਲ ਦੀ ਸਰਕਾਰ ਨੇ ਘਟੀਆਂ ਰਾਜਨੀਤੀ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸ਼ਹਿ ਦਿੱਤੀ ਅਤੇ ਸਿਮਰਨ ਕਰਦੇ ਸਿੱਖਾਂ ਤੇ ਗੋਲੀਆਂ ਚਲਾ ਕੇ ਸ਼ਹੀਦ ਕੀਤਾ। ਬੱਸਾਂ ਹੇਠਾਂ ਕੁਚਲ੍ਹ ਕੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਸਰਕਾਰ ਦੀ ਸ਼ਹਿ ਤੇ ਪੰਜਾਬ ਅਤੇ ਸਿੱਖੀ ਉਪਰ ਆਰ ਐਸ ਐਸ ਨੇ ਆਪਣਾ ਗਲਬਾ ਪਾਇਆ ਹੋਇਆ ਹੈ ਉਹ ਕਾਬਲ-ਏ-ਬਰਦਾਸ਼ਤ ਨਹੀਂ ਹੈ। ਪੰਜਾਬ ਵਿੱਚ ਥਾਂ ਥਾ ਤੇ ਸਿ਼ਵ ਸੈਨਾ ਦੇ ਗੁੰਡਿਆਂ ਵਲੋਂ ਸਿੱਖਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ, ਦਸਤਾਰਾਂ ਲਾਹੀਆਂ ਜਾ ਰਹੀਆਂ ਹਨ ਪਰ ਪ੍ਰਸਾਸ਼ਨ ਦੇ ਕੰਨ ਤੇ ਜੂੰ ਨਹੀਂ ਸਰਕਦੀ।
ਸੁਖਮਿੰਦਰ ਸਿੰਘ ਹੰਸਰਾ ਅਤੇ ਸਾਥੀਆਂ ਆਗੂਆਂ ਨੇ ਕਿਹਾ ਕਿ ਸੁਖਬੀਰ ਬਾਦਲ, ਜਿਸ ਦੇ ਰਿਸ਼ਤੇਦਾਰ ਦੇ ਨਸਿ਼ਆਂ ਦੀ ਤਸਕਰੀ ਦੇ ਕੱਚੇ ਚਿੱਠੇ ਬਾਹਰ ਆ ਰਹੇ ਹਨ ਉਨ੍ਹਾਂ ਦੀ ਪਾਰਟੀ ਵਲੋਂ ਬਣਾਈ ਹਾਈ ਪਾਵਰ ਕਮੇਟੀ ਵਿੱਚ ਸਮਾਜ ਦੇ ਕਈ ਇੱਜ਼ਤਦਾਰ ਵੀਰਾਂ ਦੇ ਨਾਮ ਸ਼ਾਮਲ ਹਨ। ਉਨ੍ਹਾਂ ਵੀਰਾਂ ਨੂੰ ਇਹ ਨਿਯੁਕਤੀਆਂ ਠੁਕਰਾਅ ਦੇਣੀਆਂ ਚਾਹੀਦੀਆਂ ਹਨ, ਜਿਸ ਨਾਲ ਸਮੁੱਚੀ ਦੁਨੀਆਂ ਵਿੱਚ ਇਹ ਪ੍ਰਭਾਵ ਜਾਵੇਗਾ ਕਿ ਸਿੱਖ ਪੁਜੀਸ਼ਨਾਂ ਦੇ ਨਹੀਂ ਕਿਰਦਾਰ ਦੇ ਭੁੱਖੇ ਹਨ। ਇਨ੍ਹਾਂ ਕਿਹਾ ਕਿ ਕੋਈ ਵੀ ਇਜ਼ਤਦਾਰ ਵੀਰ ਆਪਣੇ ਨਾਮ ਨੂੰ ਅਜਿਹੇ ਸਿੱਖ ਵਿਰੋਧੀ ਆਗੂਆਂ ਨਾਲ ਨਹੀਂ ਜੋੜ ਸਕਦਾ।
ਸੁਖਮਿੰਦਰ ਸਿੰਘ ਹੰਸਰਾ ਅਤੇ ਸਾਥੀਆਂ ਆਗੂਆਂ ਨੇ ਕਟਾਕਸ਼ ਕੀਤਾ ਕਿ ਕੈਨੇਡਾ ਵਰਗੇ ਅਤਿ ਦਾ ਸਤਿਕਾਰ ਦੇਣ ਵਾਲੇ ਦੇਸ਼ ਦੇ ਨਾਗਰਿਕਾਂ ਨੂੰ “ਐਨ ਆਰ ਆਈ” ਸ਼ਬਦ ਨਾਲ ਪੁਕਾਰਨਾ ਅਤਿ ਦੀ ਘਟੀਆ ਕਾਰਵਾਈ ਹੈ ਕਿਉਂਕਿ ਬਹੁਤਾਤ ਵਿੱਚ ਨਿਯੁਕਤ ਕੀਤੇ ਗਏ ਮੈਂਬਰ ਕਨੇਡੀਅਨ ਨਾਗਰਿਕ ਹਨ ਜਿੰਨ੍ਹਾਂ ਨੇ ਕਸਮ ਖਾ ਕੇ ਭਾਰਤ ਦੀ ਨਾਗਰਿਕਤਾ ਨੂੰ ਤਿਲਾਂਜ਼ਲੀ ਦਿੱਤੀ ਹੋਈ ਹੈ, ਫੇਰ ਉਹ “ਨਾਨ ਰੈਜੀਡੈਂਟ ਇੰਡੀਅਨ” ਭਾਵ ਐਨ ਆਰ ਆਈ ਕਿਸ ਤਰ੍ਹਾਂ ਹੋਏ? ਅਤੀਤ ਵਿੱਚ ਸਹਿਜਧਾਰੀ ਲਫਜ਼ ਨੂੰ ਸਾਡੇ ਸਮਾਜ ਵਿੱਚ ਘਸੋੜਿਆ ਗਿਆ ਸੀ ਜਿਸ ਦਾ ਅੱਜ ਸਮੁੱਚਾ ਸਿੱਖ ਸਮਾਜ ਖਮਿਆਜਾ ਭੁਗਤ ਰਿਹਾ ਹੈ, ਇਸੇ ਤਰ੍ਹਾਂ ਐਨ ਆਰ ਆਈ ਸ਼ਬਦ, ਬਾਹਰਲੇ ਮੁਲਕਾਂ ਵਿੱਚ ਸਿੱਖਾਂ ਦੀ ਛਵੀ ਨੂੰ ਖੋਰਾ ਲਾਉਣ ਲਈ ਘੜਿਆ ਗਿਆ ਹੈ ਜਿਸ ਨੂੰ ਰਾਜਨੀਤਕ ਪਾਰਟੀ ਵਲੋਂ ਇਸਤੇਮਾਲ ਕਰਨੇ ਇਸ ਊੋਰ ਮੋਹਰ ਲਾਉਣ ਦੀ ਘਟੀਆ ਹਰਕਤ ਕੀਤੀ ਗਈ ਹੈ।