ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪਰਧਾਨ ਸ੍. ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਨਗਰ ਨਿਗਮ ਤੇ ਪੁਲੀਸ ਵੱਲੋ ਗੁਰੂਦੁਆਰਾ ਸੀਸ ਗੰਜ ਵਿਖੇ ਕਰੀਬ ਅੱਧੀ ਸਦੀ ਤੋਂ ਵੀ ਪਹਿਲਾਂ ਤੋ ਬਣੇ ਆ ਰਹੇ ਪਿਆਉ ਨੂੰ ਦਿੱਲੀ ਦੀ ਭਾਜਪਾ ਸਰਕਾਰ ਦੇ ਅਸ਼ੀਰਵਾਦ ਵਾਲੀ ਨਵੀਂ ਦਿੱਲੀ ਨਗਰ ਨਿਗਮ ਵੱਲੋ ਢਾਹੁਣ ਦੀ ਕੀਤੀ ਗਈ ਕਾਰਵਾਈ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਨੂੰ ਜਿੰਮੇਵਾਰ ਠਹਿਰਾਉਦਿਆ ਕਿਹਾ ਕਿ ਅਜਿਹੇ ਪ੍ਰਬੰਧਕਾਂ ਨੂੰ ਅਹੁਦਿਆ ਨਾਲ ਚਿਬੜੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਉਹ ਨੈਤਿਕਤਾ ਦੇ ਆਧਾਰ ਤੇ ਤੁਰੰਤ ਆਹਹੁਦਿਆਂ ਤੋਂ ਅਸਤੀਫੇ ਦੇ ਕੇ ਸੰਗਤ ਤੋਂ ਮੁਆਫੀ ਮੰਗਣ।
ਜਾਰੀ ਇੱਕ ਬਿਆਨ ਰਾਹੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਦੋਵੇਂ ਆਹੁਦੇਦਾਰਾਂ ਸ੍ਰ. ਪਰਮਜੀਤ ਸਿੰਘ ਸਰਨਾ ਤੇ ਸ੍ਰ. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸੇ ਚੌਂਕ ਵਿੱਚ ਹੀ ਆਪਣੀ ਸ਼ਹਾਦਤ ਦੇ ਕੇ ਉਸ ਜਨੇਉ ਦੀ ਰਾਖੀ ਕੀਤੀ ਸੀ ਜਿਸ ਜਨੇਉ ਨੂੰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਨਣ ਤੋ ਇਨਕਾਰ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਅੱਜ ਕੇਂਦਰ ਵਿੱਚ ਉਹਨਾਂ ਦੀ ਜਨੇਉਧਾਰੀਆ ਦੀ ਸਰਕਾਰ ਹੈ ਕਿ ਦਿੱਲੀ ਨਗਰ ਨਿਗਮ ਤੇ ਵੀ ਉਸ ਦਾ ਹੀ ਕਬਜ਼ਾ ਹੈ। ਉਹਨਾਂ ਕਿਹਾ ਕਿ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਉਸ ਪਾਤਸ਼ਾਹ ਦੇ ਦਰਬਾਰ ਦੇ ਇੱਕ ਹਿੱਸੇ ਨੂੰ ਢਾਹਿਆ ਗਿਆ ਹੈ ਜਿਸ ਪਾਤਸ਼ਾਹ ਦੀ ਬਦੋਲਤ ਹੀ ਅੱਜ ਨਰਿੰਦਰ ਮੋਦੀ ਜਨੇਉ ਪਾ ਕੇ ਦੇਸ਼ ਦੀ ਸੱਤਾ ‘ਤੇ ਕਾਬਜ ਹਨ। ਉਹਨਾਂ ਕਿਹਾ ਕਿ ਜੇਕਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾ ਹੁੰਦੀ ਤਾਂ ਅੱਜ ਜਨੇਉਧਾਰੀ ਨਰਿੰਦਰ ਕੁਮਾਰ ਮੋਦੀ ਦੀ ਥਾਂ ਨਰਿੰਦਰ ਖਾਨ ਮੋਦੀ ਹੁੰਦਾ। ਉਹਨਾਂ ਕਿਹਾ ਕਿ ਪਿਆਉ ਤਾਂ ਭਾਂਵੇ ਸੰਗਤਾਂ ਨੇ ਦੁਬਾਰਾ ਖੜਾ ਕਰ ਦਿੱਤਾ ਹੈ ਪਰ ਸਰਕਾਰ ਵੱਲੋਂ ਦੁਬਾਰਾ ਕੋਈ ਹਰਕਤ ਕੀਤੇ ਜਾਣ ਨਾਲ ਹਾਲਾਤ ਤਨਾਅਪੂਰਣ ਹੋ ਸਕਦੇ ਹਨ।
ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਾਦਲ ਮਾਰਕਾ ਧਿਰ ਨੂੰ ਵੀ ਆੜੇ ਹੱਥੀ ਲੈਦਿਆ ਉਹਨਾਂ ਕਿਹਾ ਕਿ ਦਿੱਲੀ ਕਮੇਟੀ ਨੂੰ ਇਸ ਬਾਰੇ ਪਹਿਲਾਂ ਹੀ ਜਾਣਕਾਰੀ ਸੀ ਕਿ ਅਦਾਲਤ ਕੋਲੋ ਆਦੇਸ਼ ਲੈ ਕੇ ਨਵੀਂ ਦਿੱਲੀ ਨਗਰ ਨਿਗਮ ਅਜਿਹੀ ਘਿਨਾਉਣੀ ਹਰਕਤ ਕਰ ਸਕਦੀ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਜਾਣਕਾਰੀ ਮੁਤਾਬਕ ਨਵੀ ਦਿੱਲੀ ਨਗਰ ਨਿਗਮ ਨੇ ਕਮੇਟੀ ਨੂੰ ਨੋਟਿਸ ਵੀ ਭੇਜਿਆ ਫਿਰ ਵੀ ਕਮੇਟੀ ਵਾਲੇ ਜਾਣ ਬੁੱਝ ਕੇ ਹੱਥ ਤੇ ਹੱਥ ਧਰ ਤੇ ਬੈਠੇ ਰਹੇ। ਉਹਨਾਂ ਕਿਹਾ ਕਿ ਘਟਨਾ ਤੋਂ ਕਈ ਘੰਟੇ ਬਾਅਦ ਜਦੋਂ ਦਿੱਲੀ ਕਮੇਟੀ ਦੇ ਪ੍ਰਬੰਧਕ ਮੌਕੇ ਤੇ ਪੁੱਜੇ ਤਾਂ ਸੰਗਤਾਂ ਦੇ ਰੋਹ ਤੋਂ ਡਰਦੇ ਹੋਏ ਉਹ ਕਮਰਿਆਂ ਵਿੱਚ ਜਾ ਵੜੇ। ਉਹਨਾਂ ਕਿਹਾ ਕਿ ਹਾਈਕੋਰਟ ਵਿੱਚ ਜਦੋਂ ਨਜਾਇਜ਼ ਕਬਜ਼ਿਆ ਬਾਰੇ ਸੁਣਵਾਈ ਹੋ ਰਹੀ ਸੀ ਤਾਂ ਉਸ ਸਮੇਂ ਹੀ ਦਿੱਲੀ ਕਮੇਟੀ ਨੂੰ ਪਾਰਟੀ ਬਣ ਕੇ ਕੇਸ ਦੀ ਪੈਰਵਾਈ ਕਰਨੀ ਚਾਹੀਦੀ ਸੀ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਪੂਰੀ ਤਰ੍ਹਾ ਗੁਰਧਾਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਨਾਕਾਮ ਰਹੀ ਹੈ ਤੇ ਆਹੁਦੇਦਾਰਾਂ ਵਿੱਚ ਜੇਕਰ ਗੁਰੂ ਪ੍ਰਤੀ ਕੋਈ ਸ਼ਰਧਾ ਤੇ ਜ਼ਮੀਰ ਵਿੱਚ ਨੈਤਿਕਤਾ ਹੈ ਤਾਂ ਉਹਨਾਂ ਨੂੰ ਤੁਰੰਤ ਆਪਣੇ ਆਹੁਦਿਆਂ ਤੋਂ ਅਸਤੀਫੇ ਦੇ ਕੇ ਪਸ਼ਚਾਤਾਪ ਦਾ ਇੱਕ ਅਖੰਡ ਪਾਠ ਕਰਵਾ ਕੇ ਆਪਣੀ ਗਲਤੀ ਦੀ ਮੁਆਫੀ ਸਮੁੱਚੀ ਸੰਗਤ ਕੋਲ ਜਨਤਕ ਤੌਰ ‘ਤੇ ਮੰਗਣੀ ਚਾਹੀਦੀ ਹੈ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਯੂਥ ਵਿੰਗ ਇਕਾਈ ਦੀ ਦਿੱਲੀ ਐਸਟੇਟ ਦੇ ਪ੍ਰਧਾਨ ਸ੍ਰ. ਦਮਨਦੀਪ ਸਿੰਘ ਨੇ ਕਿਹਾ ਕਿ ਨੌਜਵਾਨਾਂ ਵਿੱਚ ਇਸ ਘਟਨਾ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਹ ਗੁਰਧਾਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਲਈ ਤਿਆਰ ਹਨ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਨਿਪੁੰਸਕ ਪ੍ਰਬੰਧਕ ਹਰ ਮੁੱਦੇ ਤੇ ਫੇਲ ਹੋਏ ਹਨ ਤੇ ਦਿੱਲੀ ਦੀਆਂ ਸੰਗਤਾਂ ਮੌਕੇ ਦੀ ਭਾਲ ਵਿੱਚ ਹਨ ਤੇ ਸਮਾਂ ਆਉਣ ਤੇ ਇਹਨਾਂ ਨੂੰ ਸੱਤਾ ਤੋਂ ਲਾਂਭੇ ਜਰੂਰ ਕਰ ਦੇਣਗੀਆਂ। ਉਹਨਾਂ ਕਿਹਾ ਕਿ ਪਿਆਉ ਤਾਂ ਉਸੇ ਜਗ੍ਹਾ ਤੇ ਹੀ ਬਣੇਗਾ ਪਰ ਦਿੱਲੀ ਕਮੇਟੀ ਸੰਗਤਾਂ ਨੂੰ ਜਵਾਬ ਜਰੂਰ ਦੇਵੇ ਕਿ ਉਹਨਾਂ ਨੇ ਸਮੇਂ ਸਿਰ ਕਾਰਵਾਈ ਕਿਉ ਨਹੀ ਕੀਤੀ। ਉਹਨਾਂ ਅਕਾਲੀ ਦਲ ਬਾਦਲ ਨਾਲ ਸਬੰਧਿਤ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਵੀ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ ਬੀਬੀ ਜੀ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਅਕਾਲੀ ਦਲ ਮੁੱਢਲੇ ਰੂਪ ਵਿੱਚ ਸਿਰਫ ਗੁਰਧਾਮਾਂ ਦੀ ਰਾਖੀ ਲਈ ਹੀ ਹੋਂਦ ਵਿੱਚ ਆਇਆ ਸੀ ਪਰ ਅੱਜ ਅਕਾਲੀ ਦਲ ਗੁਰਧਾਮਾਂ ਦੀ ਅਜ਼ਮਤ ਤੇ ਮੰਤਰੀਆਂ ਦੇ ਆਹੁਦੇ ਉਹਨਾਂ ਜਨੇਉਧਾਰੀਆ ਕੋਲੋ ਹੀ ਮੰਗ ਕੇ ਲੈ ਰਹੇ ਹਨ ਜਿਹੜੇ ਗੁਰੂ ਸਾਹਿਬ ਦੇ ਦਰਬਾਰ ਦੇ ਹਿੱਸੇ ਨੂੰ ਢਾਹੁਣ ਲਈ ਦੋਸ਼ੀ ਹਨ।