ਨਵੀਂ ਦਿੱਲੀ : ਹੈਰੀਟੇਜ਼ ਇਮਾਰਤ ਵਿਚ ਸ਼ੁਮਾਰ ਗੁਰਦੁਆਰਾ ਸੀਸਗੰਜ਼ ਸਾਹਿਬ ਦੇ ਬਾਹਰ ਪੁਰਾਤਨ ਬਣੇ ਹੋਏ ਪਿਆਉ ਨੂੰ ਨਜਾਇਜ਼ ਨਿਰਮਾਣ ਦੇ ਨਾਂ ਤੇ ਢਾਹੁਣ ਦੀ ਸਥਾਨਕ ਨਗਰ ਨਿਗਮ ਦੀ ਕੋਸ਼ਿਸ਼ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਾਰਮਿਕ ਥਾਂ ਤੇ ਹਮਲਾ ਕਰਾਰ ਦਿੱਤਾ ਹੈ। ਬਿਨਾ ਕੋਈ ਨੋਟਿਸ ਜਾਰੀ ਕੀਤੇ ਉੱਤਰੀ ਦਿੱਲੀ ਨਗਰ ਨਿਗਮ ਅਤੇ ਲੋਕ ਨਿਰਮਾਣ ਵਿਭਾਗ ਦਿੱਲੀ ਸਰਕਾਰ ਵੱਲੋਂ ਸੈਕੜਿਆਂ ਦੀ ਤਇਦਾਦ ਵਿਚ ਪੁਲਿਸ ਕਰਮਚਾਰੀਆਂ ਦੇ ਨਾਲ ਦਿੱਲੀ ਹਾਈਕੋਰਟ ਦੇ ਆਦੇਸ਼ ਤੇ ਸਵੇਰੇ 6 ਵਜੇ ਸ਼ੁਰੂ ਕੀਤੀ ਗਈ ਕਾਰਵਾਹੀ ਦੀ ਵੀ ਕਮੇਟੀ ਨੇ ਨਿਖੇਧੀ ਕੀਤੀ ਹੈ।
ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਅਦਾਲਤੀ ਆਦੇਸ਼ ਦੇ ਨਾਂ ਤੇ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਵਿੱਤਰ ਸ਼ਹੀਦੀ ਸਥਾਨ ਤੇ ਹਮਲਾ ਕਰਨ ਦੀ ਕਥਿਤ ਗਿਣੀ-ਮਿਥੀ ਸਾਜਿਸ਼ ਰਾਹੀਂ ਕਮੇਟੀ ਦੇ ਪ੍ਰਬੰਧ ਦੀ ਸੇਵਾ ਨਿਭਾ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦਾ ਆਰੋਪ ਲਗਾਇਆ ਹੈ। ਇਸ ਸਬੰਧ ਵਿਚ ਸਬੂਤ ਜਾਰੀ ਕਰਦੇ ਹੋਏ ਉਹਨਾਂ ਨੇ ਕੇਜਰੀਵਾਲ ਨੂੰ ਇਹਨਾਂ ਸਬੂਤਾਂ ਨੂੰ ਗਲਤ ਸਾਬਿਤ ਕਰਨ ਦੀ ਵੀ ਚੁਨੌਤੀ ਦਿੱਤੀ ਹੈ।
ਅੱਜ ਹੋਈ ਇਸ ਘਟਨਾ ਦੇ ਪਿਛੋਕੜ ਦੀ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਦਿੱਲੀ ਸਰਕਾਰ ਦੇ ਪ੍ਰੋਜੈਕਟ ਸ਼ਾਹਜਹਾਨਾਬਾਦ ਰੀਡਿਵਲੈਪਮੈਂਟ ਕਾੱਰਪੋਰੇਸ਼ਨ ਦੇ ਲਈ ਚਾਂਦਨੀ ਚੌਂਕ ਬਾਜ਼ਾਰ ਦੀ ਪਟਰੀ ਨੂੰ ਨਜਾਇਜ਼ ਕਬੱਜੇ ਤੋਂ ਮੁਕਤ ਕਰਵਾਉਣ ਲਈ ਲੋਕ ਨਿਰਮਾਣ ਵਿਭਾਗ ਦੇ ਪ੍ਰੋਜੈਕਟ ਅਤੇ ਪ੍ਰਸ਼ਾਸਨ ਦੇ ਡੀ.ਜੀ.ਐਮ. ਨਿਤਿਨ ਪਾਣੀਗ੍ਰਾਹੀ ਨੂੰ ਦਿੱਲੀ ਹਾਈਕੋਰਟ ਵੱਲੋਂ ਨੋਡਲ ਅਫਸਰ ਬਣਾਇਆ ਸੀ ਜੋ ਕਿ ਸਿੱਧਾ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸਤੇਂਦਰ ਜੈਨ ਨੂੰ ਜਵਾਬਦੇਹ ਹੈ। ਪਾਣੀਗ੍ਰਾਹੀ ਦੇ ਆਦੇਸ਼ ਤੇ ਹੀ ਨਿਗਮ ਵੱਲੋਂ ਤੋੜਕ ਦਸਤਾ ਅਦਾਲਤੀ ਆਦੇਸ਼ ਦੀ ਪਾਲਨਾ ਦੇ ਸੰਬੰਧ ਵਿਚ ਉਪਲਬਧ ਕਰਵਾਇਆ ਗਿਆ ਸੀ। ਉਹਨਾਂ ਨੇ ਪ੍ਰੌਜੈਕਟ ਦੀ ਡਾਈਰੈਕਟਰ ਅਤੇ ਚਾਂਦਨੀ ਚੌਂਕ ਦੀ ਵਿਧਾਇਕਾ ਅਲਕਾ ਲਾਂਬਾ ਦੀ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਾਲ ਇਸ ਪਿਆਊ ਨੂੰ ਤੋੜਨ ਦੀ ਹੋਈ ਮੀਟਿੰਗ ਦੇ ਮਿੰਨਟਸ ਵੀ ਜਾਰੀ ਕੀਤੇ। ਉਨਾਂ ਨੇ ਸਵਾਲ ਕੀਤਾ ਕਿ ਜੇਕਰ ਅਲਕਾ ਲਾਂਬਾ ਨੂੰ ਪਿਆਊ ਤੋਂ ਦਿੱਕਤ ਸੀ ਤੇ ਕੀ ਉਹ ਇਸ ਸੰਬੰਧ ਵਿਚ ਕਮੇਟੀ ਦੇ ਅਹੁਦੇਦਾਰਾਂ ਨਾਲ ਸੰਪਰਕ ਨਹੀਂ ਕਰ ਸਕਦੀ ਸੀ ? ਉਹਨਾਂ ਨੇ ਕਿਹਾ ਕਿ ਮੁਖਮੰਤਰੀ, ਮੰਤਰੀ ਅਤੇ ਵਿਧਾਇਕਾ ਸਿੱਧੇ ਤੌਰ ਤੇ ਗੁਰੂ ਘਰ ਤੇ ਹਮਲਾ ਕਰਨ ਦੇ ਕਥਿਤ ਸਾਜਿਸ਼ਕਰਤਾ ਹਨ ਇਸ ਲਈ ਉਹਨਾਂ ਨੂੰ ਸਾਹਮਣੇ ਆ ਕੇ ਇਸ ਮਸਲੇ ਤੇ ਆਪਣਾ ਰੁੱਖ ਸਪਸ਼ਟ ਕਰਨਾ ਚਾਹੀਦਾ ਹੈ।
ਪਿਆਊ ਦੇ ਢਾਹੇ ਗਏ ਹਿੱਸੇ ਨੂੰ 2 ਘੰਟੇ ਬਾਅਦ ਹੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਫਿਰ ਤੋਂ ਬਣਾਕੇ ਜਲ ਸੇਵਾ ਸ਼ੁਰੂ ਕਰਨ ਦਾ ਦਾਅਵਾ ਕਰਦੇ ਹੋਏ ਉਹਨਾਂ ਨੇ ਦਿੱਲੀ ਹਾਈਕੋਰਟ ਦੇ ਉਕਤ ਆਦੇਸ਼ ਨੂੰ ਉਪਰੀ ਅਦਾਲਤ ਵਿਚ ਕਮੇਟੀ ਵੱਲੋਂ ਚੁਨੌਤੀ ਦੇਣ ਦੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਪਿਆਊ ਦੇ ਸਬੰਧ ਵਿਚ 1991 ਦੀ ਨਗਰ ਨਿਗਮ ਤੋਂ ਕਮੇਟੀ ਦੇ ਕੋਲ ਮੰਜੂਰੀ ਹੈ ਤੇ ਆਲੇ ਦੁਆਲੇ ਦੇ ਸਾਰੇ ਦੁਕਾਨਦਾਰ, ਯਾਤਰੀ, ਸੈਲਾਨੀ ਅਤੇ ਗਾਹਕ ਹਜਾਰਾਂ ਦੀ ਗਿਣਤੀ ਵਿਚ ਇਸ ਪਿਆਊ ਤੋਂ ਠੰਡਾ ਪਾਣੀ ਪੀਕੇ ਰੋਜਾਨਾ ਆਪਣੀ ਪਿਆਸ ਬੁਝਾਉਂਦੇ ਹਨ। ਪਿਆਊ ਦੇ ਨਾਲ ਹੀ ਭਾਈ ਮਤੀ ਦਾਸ ਚੌਂਕ ਨੂੰ ਢਾਹੁਣ ਦੀ ਸੋਚ ਲੈ ਕੇ ਆਏ ਅਧਿਕਾਰੀਆਂ ਨੂੰ ਸਿੱਖ ਇਤਿਹਾਸ ਪੜਨ ਦੀ ਵੀ ਉਨ੍ਹਾਂ ਨੂੰ ਨਸੀਹਤ ਦਿੱਤੀ ਹੈ।
ਦਿੱਲੀ ਸਰਕਾਰ ਨੂੰ ਸਿੱਖਾਂ ਦੇ ਧਾਰਮਿਕ ਮਸਲਿਆਂ ਤੋਂ ਦੂਰ ਰਹਿਣ ਅਤੇ ਗੁਰਦੁਆਰਾ ਸਾਹਿਬ ਦੀ ਇਕ ਇੰਚ ਜਮੀਨ ਤੇ ਵੀ ਨਜ਼ਰ ਨਾ ਰੱਖਣ ਦੀ ਵੀ ਉਨਾਂ ਨੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ੋਸਲ ਮੀਡੀਆ ਤੇ ਪਿਆਊ ਨੂੰ ਤੋੜਨ ਦਾ ਨੋਟਿਸ ਕਮੇਟੀ ਨੂੰ 3 ਦਿਨ ਪਹਿਲੇ ਮਿਲਣ ਦਾ ਨਕਲੀ ਮੈਸੇਜ਼ ਵਾਇਰਲ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਕਮੇਟੀ ਵੱਲੋਂ ਸਾਈਬਰ ਸੈਲ ਵਿਚ ਸ਼ਿਕਾਇਤ ਕੀਤੀ ਜਾਵੇਗੀ। ਵਿਰੋਧੀ ਧਿਰਾਂ ਵੱਲੋਂ ਗੁਰਦੁਆਰਾ ਸਾਹਿਬ ਪੁੱਜ ਕੇ ਇਸ ਮਸਲੇ ਤੇ ਕੀਤੀ ਗਈ ਸਿਆਸਤ ਨੂੰ ਵੀ ਉਨਾਂ ਮੰਦਭਾਗਾ ਦੱਸਿਆ। ਉਨ੍ਹਾਂ ਸਵਾਲ ਕੀਤਾ ਕਿ ਉਹ ਗੁਰੂ ਘਰ ਦੀ ਜਮੀਨ ਬਚਾਉਣ ਦੀ ਨੀਅਤ ਨਾਲ ਆਏ ਸੀ ਜਾਂ ਆਪਣੀ ਬੰਜਰ ਸਿਆਸੀ ਜਮੀਨ ਨੂੰ ਸੰਗਤਾਂ ਦੀ ਭਾਵਨਾਵਾਂ ਭੜਕਾ ਕੇ ਉਪਜਾਊ ਕਰਨ ਆਏ ਸਨ ?