ਚੰਡੀਗੜ੍ਹ – ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ 50 ਸਾਲ ਪਹਿਲਾਂ ਪੰਜਾਬ ਯੂਨੀਵਰਿਸਟੀ ਵਿੱਚ ਵਿਦਿਆਰਥੀਆਂ ਨੂੰ ਆਖਰੀ ਵਾਰ ਪੜ੍ਹਾਇਆ ਸੀ। ਹੁਣ ਉਹ ਫਿਰ ਤੋਂ ਸਟੂਡੈਂਟਸ ਨੂੰ ਪੜ੍ਹਾਉਣ ਲਈ ਤਿਆਰ ਹੋ ਗਏ ਹਨ। ਉਹ ਜਵਾਹਰ ਲਾਲ ਨਹਿਰੂ ਚੇਅਰ ਦੇ ਪ੍ਰਮੁੱਖ ਹੋਣਗੇ। ਜੇਐਨਯੂ ਦੇ ਅਧਿਕਾਰੀ ਪ੍ਰੋ. ਅਰੁਣ ਕੁਮਾਰ ਗ੍ਰੋਵਰ ਅਨੁਸਾਰ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਯੂਨੀਵਰਿਸਟੀ ਦੇ ਉਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ, ਜਿਸ ਪ੍ਰਸਤਾਵ ਵਿੱਚ ਉਨ੍ਹਾਂ ਤੋਂ ਪਿੱਛਲੇ ਲੰਬੇ ਸਮੇਂ ਤੋਂ ਚੇਅਰ ਪ੍ਰੋਫੈਸਰ ਦਾ ਖਾਲੀ ਪਿਆ ਅਹੁਦਾ ਸੰਭਾਲਣ ਦੀ ਬੇਨਤੀ ਕੀਤੀ ਗਈ ਸੀ।
ਵਰਨਣਯੋਗ ਹੈ ਕਿ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ 1954 ਵਿੱਚ ਪੰਜਾਬ ਯੂਨੀਵਰਿਸਟੀ ਤੋਂ ਅਰਥਸ਼ਾਸਤਰ ਵਿੱਚ ਐਮਏ ਪਾਸ ਕੀਤਾ ਸੀ ਅਤੇ 1957 ਵਿੱਚ ਅਰਥਸ਼ਾਸਤਰ ਦੇ ਸੀਨੀਅਰ ਲੈਕਚਰਾਰ ਦੇ ਰੂਪ ਵਿੱਚ ਕੰਮ ਸੰਭਾਲਿਆ ਸੀ। ਸੰਯੁਕਤ ਰਾਸ਼ਟਰ ਸਕਤਰੇਤ ਵਿੱਚ ਆਰਥਿਕ ਮਾਮਲਿਆਂ ਦੇ ਅਧਿਕਾਰੀ ਨਿਯੁਕਤ ਹੋਣ ਤੋਂ ਪਹਿਲਾਂ ਤੱਕ ਉਹ ਇੱਥੇ ਹੀ ਸੇਵਾ ਕਰਦੇ ਰਹੇ। ਜੇਐਨਯੂ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਡਾ. ਮਨਮੋਹਨ ਸਿੰਘ ਵਿਦਿਆਰਥੀਆਂ ਦੇ ਰੂਬਰੂ ਹੋਣਗੇ। ਉਪਕੁਲਪਤੀ ਨੇ ਅਰਥਸ਼ਾਸਤਰ ਵਿਭਾਗ ਦੇ ਮੁੱਖੀ ਨੂੰ ਕਿਹਾ ਹੈ ਕਿ ਉਹ ਯੂਨੀਵਰਿਸਟੀ ਕੈਂਪਸ ਵਿੱਚ ਸਾਬਕਾ ਪ੍ਰਧਾਨਮੰਤਰੀ ਦੇ ਲੈਕਚਰ ਸਬੰਧੀ ਰੂਪਰੇਖਾ ਅਤੇ ਸਮਾਂ ਤੈਅ ਕਰਨਗੇ। ਡਾ. ਮਨਮੋਹਨ ਸਿੰਘ ਜੀ ਦੇ ਬਿਜ਼ੀ ਸ਼ੈਡਯੂਲ ਨੂੰ ਵੇਖਦੇ ਹੋਏ ਵੀਡੀਓ ਕਾਨਫਰੈਂਸਿੰਗ ਦੇ ਵਿਕਲਪ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।