ਅੱਜਕੱਲ੍ਹ ਟੀ.ਵੀ. ‘ਤੇ, ਅਖਬਾਰਾਂ ‘ਤੇ, ਅਤੇ ਹਰ ਕਿਸੇ ਦੇ ਮੂੰਹੋਂ ਇੱਕੋ ਹੀ ਗਲ ਨਿਕਲ ਕੇ ਆ ਰਹੀ ਹੈ ਕਿ ਸਰਕਾਰ ਨਿਕੰਮੀ ਹੈ। ਸਰਕਾਰ ਨੇ ਤਾਂ ਦੇਸ਼ ਨੂੰ ਖਾ ਲਿਆ। ਸਰਕਾਰਾਂ ਤਾਂ ਲੁੱਟ ਮਾਰ ਹੀ ਕਰਦੀਆਂ ਹਨ। ਸਰਕਾਰਾਂ ਨੇ ਆਮ ਆਦਮੀ ਦੀ ਗਲ ਤਾਂ ਕੀ ਸੁਨਣੀ ਹੈ, ਇਹ ਤਾਂ ਆਮ ਆਦਮੀ ਨੂੰ ਹੀ ਖਾਣ ‘ਤੇ ਲੱਗੀਆਂ ਪਈਆਂ ਹਨ। ਜਦ ਮੈਂ ਅਜਿਹੀਆਂ ਗਲਾਂ ਲੋਕਾਂ ਦੇ ਮੂੰਹੋਂ ਸੁਣਦਾ ਹਾਂ, ਤਾਂ ਮੈਨੂੰ ਬਹੁਤ ਹੈਰਾਨੀ ਹੁੰਦੀ ਹੈ। ਮੈਂ ਅਜਿਹਿਆਂ ਲੋਕਾਂ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ “ਜੇ ਤੁਹਾਨੂੰ ਕੋਈ ਸਰਕਾਰ ਵਧੀਆ ਨਹੀਂ ਲਗ ਰਹੀ, ਤਾਂ ਫਿਰ ਤੁਸੀਂ ਉਹ ਸਰਕਾਰ ਵੋਟਾਂ ਦੀ ਤਾਕਤ ਨਾਲ ਬਦਲ ਕਿਉਂ ਨਹੀਂ ਦਿੰਦੇ?”
ਮੈਂ ਕਈ ਪਿੰਡਾਂ ਵਿੱਚ ਦੇਖਿਆ ਹੈ ਕਿ ਵੈਸੇ ਤਾਂ ਪਿੰਡ ਵਾਲੇ ਇੱਕ ਸਰਕਾਰ ਤੋਂ ਬਹੁਤ ਨਫਰਤ ਕਰਦੇ ਹਨ, ਸਾਰਾ ਦਿਨ ਇੱਕ ਸਰਕਾਰ ਦੀਆਂ ਆਲੋਚਨਾਵਾਂ ਕਰਦੇ ਹਨ ਅਤੇ ਦੂਜੇ ਪਾਸੇ, ਜਦ ਚੋਣਾਂ ਆਉਂਦੀਆਂ ਹਨ, ਤਾਂ ਆਪਣੀਆਂ ਵੋਟਾਂ ਦੁਆਰਾ ਫਿਰ ਉਸੇ ਹੀ ਸਰਕਾਰ ਨੂੰ ਜਿੱਤਾ ਦਿੰਦੇ ਹਨ, ਅਤੇ ਫਿਰ ਰੋਜਾਨਾ ਦੀ ਜ਼ਿੰਦਗੀ ਵਿੱਚ, ਉਸੇ ਸਰਕਾਰ ਦੀ ਆਲੋਚਨਾ ਕਰਦੇ ਰਹਿੰਦੇ ਹਨ। ਹੁਣ ਸਵਾਲ ਇਹ ਉਠਦਾ ਹੈ ਕਿ ਇਹ ਸੱਭ ਕਿਉਂ ਹੋ ਰਿਹਾ ਹੈ। ਜਵਾਬ ਬਿਲਕੁਲ ਸਾਫ ਹੈ। ਕਿਉਂਕਿ ਲੋਕ ਹੀ ਇਹ ਸੱਭ ਚਾਹੁੰਦੇ ਹਨ। ਇੱਕ ਨੇਤਾ ਧੱਕੇ ਨਾਲ ਤਾਂ ਸਾਰੇ ਲੋਕਾਂ ਤੋਂ ਆਪਣੇ ਲਈ ਵੋਟ ਪਵਾ ਨਹੀਂ ਸਕਦਾ। ਲੋਕ ਤਾਂ ਆਪਣੀ ਮਰਜੀ ਨਾਲ ਹੀ ਕਿਸੇ ਨੂੰ ਵੋਟ ਪਾਉਂਦੇ ਹਨ। ਇੱਕ ਪਾਸੇ ਤਾਂ ਲੋਕ ਕਿਸੇ ਸਰਕਾਰ ਨੂੰ ਗਾਲ੍ਹਾਂ ਕੱਢਦੇ ਰਹਿੰਦੇ ਹਨ ਅਤੇ ਦੂਜੇ ਪਾਸੇ ਜਦੋਂ ਕੋਈ ਨੇਤਾ ਥੋੜ੍ਹਾਂ ਨਸ਼ਾ ਯਾ ਥੋੜ੍ਹਾ ਪੈਸਾ ਦੇ ਦੇਵੇ, ਤਾਂ ਝੱਟ ਹੀ ਉਹੀ ਲੋਕ ਆਪਣੀ ਵੋਟ ਵੇਚ ਦਿੰਦੇ ਹਨ। ਕੋਈ ਮਕਾਨ ਦੀ ਰਿਪੇਅਰ ਗ੍ਰਾਂਟ ਦੇ ਮੂੰਹ ਨੂੰ ਆਪਣੀ ਵੋਟ ਪਾ ਦਿੰਦਾ ਹੈ, ਕੋਈ 100 ਰੁਪਏ ਵੱਧ ਪੈਨਸ਼ਨ ਦੇ ਮੂੰਹ ਨੂੰ, ਕੋਈ ਬਿਜਲੀ ਮੁਫਤ ਹੋਣ ਦੇ ਮੂੰਹ ਨੂੰ ਅਤੇ ਕੋਈ ਨਸ਼ੇ ਦੇ ਮੂੰਹ ਨੂੰ। ਆਪਾਂ ਆਪਣੇ ਛੋਟੇ ਛੋਟੇ ਲਾਲਚਾਂ ਪਿੱਛੇ ਉਸ ਸਰਕਾਰ ਨੂੰ ਵੋਟ ਪਾ ਦਿੰਦੇ ਹਾਂ, ਜਿਸਨੂੰ ਆਪਾਂ ਪਸੰਦ ਨਹੀਂ ਕਰਦੇ। ਅਤੇ ਆਪਾਂ ਛੋਟੇ ਲਾਲਚ ਦੀ ਪੂਰਤੀ ਲਈ, ਵੱਡੇ ਫਾਇਦੇ ਨੂੰ ਲੱਤ ਮਾਰ ਬੈਠਦੇ ਹਾਂ। ਆਪਾਂ ਆਪਣੇ ਛੋਟੇ ਲਾਲਚਾਂ ਅਤੇ ਨੇਤਾਵਾਂ ਦੀਆ ਗਲਾਂ ਵਿੱਚ ਹੀ ਉਲਝ ਕੇ ਰਹਿ ਜਾਂਦੇ ਹਾਂ। ਅਤੇ ਫਿਰ ਜਦੋਂ ਆਪਣੀ ਜ਼ਿੰਦਗੀ ਵਿੱਚ ਕੋਈ ਵੱਡੀ ਸਮੱਸਿਆ ਆ ਜਾਂਦੀ ਹੈ, ਤਾਂ ਆਪਾਂ ਝੱਟ ਹੀ ਸਾਰਾ ਦੋਸ਼ ਸਰਕਾਰ ‘ਤੇ ਮੱੜ੍ਹ ਦਿੰਦੇ ਹਾਂ। ਹੁਣ ਤੁਸੀਂ ਮੈਨੂੰ ਦੱਸੋ ਕੀ ਅਸਲ ਦੋਸ਼ੀ ਕੌਣ ਹੈ?
ਸਰਕਾਰ ਸਿਰਫ ਉਹੋ ਹੀ ਕੰਮ ਕਰਦੀ ਹੈ ਜਿਸ ਨਾਲ ਉਸਨੂੰ ਘੱਟ ਤੋਂ ਘੱਟ ਪੈਸੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਵੋਟ ਮਿਲੇ। ਜੇ ਸਰਕਾਰ ਨੂੰ 200 ਰੁਪਏ ਦੇਣ ਨਾਲ ਇੱਕ ਵੋਟ ਮਿਲ ਜਾਂਦੀ ਹੈ, ਤਾਂ ਫਿਰ ਉਹ ਕਰੋੜਾਂ ਰੁਪਏ ਲਾ ਕੇ ਦੇਸ਼ ਦੀ ਤਰੱਕੀ ਕਿਉਂ ਕਰੇ? ਜੇ ਸਰਕਾਰ ਨੂੰ ਥੋੜ੍ਹਾਂ ਜਿਹਾ ਨਸ਼ਾ ਵੰਡ ਕੇ ਵਧੇਰੀਆਂ ਵੋਟਾਂ ਮਿਲ ਜਾਂਦੀਆਂ ਹਨ, ਤਾਂ ਫਿਰ ਉਹ ਰੋਜ਼ਗਾਰ ਪੈਦਾ ਕਰਨ ‘ਤੇ ਅਰਬਾਂ ਰੁਪਏ ਕਿਉਂ ਖਰਚ ਕਰੇ? ਅਸਲ ਵਿੱਚ ਸਰਕਾਰ ਚੋਣਾਂ ਸਮੇਂ ਨਸ਼ਾ ਨਹੀਂ ਵੰਡਦੀ, ਅਸਲ ਵਿੱਚ ਸਰਕਾਰ ਨੂੰ ਆਪਾਂ ਹੀ ਕਹਿੰਦੇ ਹਾਂ ਕਿ ਉਹ ਨਸ਼ਾ ਵੰਡੇ। ਇਹ ਆਪਾਂ ਹੀ ਹਾ ਜੋ 200 ਰੁਪਏ ਵਿੱਚ ਆਪਣਾ ਜ਼ਮੀਰ, ਆਪਣੀਆਂ ਵੋਟਾਂ ਵੇਚਦੇ ਹਾਂ। ਜੇ ਆਪਾਂ 200 ਰੁਪਏ ਨਾ ਲਈਏ ਤਾਂ ਮੈਨੂੰ ਤੁਸੀਂ ਦੱਸੋ, ਕੀ ਕੋਈ ਅਜਿਹਾ ਨੇਤਾ ਹੈ, ਜੋ ਧੱਕੇ ਨਾਲ ਤੁਹਾਡੀ ਵੋਟ ਖਰੀਦ ਲਵੇ!
ਨੇਤਾ ਵੋਟ ਖਰੀਦਦੇ ਹਨ, ਕਿਉਂਕਿ ਅਸੀਂ ਵੋਟ ਵੇਚਦੇ ਹਾਂ। ਜੇ ਅਸੀਂ ਆਪਣੀ ਵੋਟ ਨਾਂ ਵੇਚੀਏ ਤਾਂ ਉਹਨਾਂ ਦੇ ਖਰੀਦਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦੇਸ਼ ਵਿੱਚ ਹੋਣ ਵਾਲੇ ਭ੍ਰਿਸ਼ਟਾਚਾਰ ਦੀ ਦੋਸ਼ੀ ਸਰਕਾਰ ਨਹੀਂ, ਆਪਾਂ ਖੁਦ ਹਾਂ। ਸਰਕਾਰ ਨੂੰ ਜਾਗਣ ਦੀ ਜ਼ਰੂਰਤ ਨਹੀਂ, ਆਪਾਂ ਨੂੰ ਜਾਗਣ ਦੀ ਜ਼ਰੂਰਤ ਹੈ। ਜਿਸ ਦਿਨ ਆਪਾਂ ਜਾਗ ਪਏ, ਜਿਸ ਦਿਨ ਆਪਾਂ ਆਪਣੀਆਂ ਵੋਟਾਂ ਵੇਚਣੀਆਂ ਬੰਦ ਕਰ ਦਿੱਤੀਆਂ, ਤਾਂ ਸਰਕਾਰ ਤਾਂ ਆਪਣੇ ਆਪ ਹੀ ਜਾਗ ਪਵੇਗੀ। ਜਿਸ ਦਿਨ ਸਰਕਾਰ ਨੂੰ ਪਤਾ ਚਲ ਗਿਆ ਕਿ ਹੁਣ ਉਹ ਨਸ਼ੇ ਦੇ ਸਿਰ ‘ਤੇ ਵੋਟਾਂ ਨਹੀਂ ਖਰੀਦ ਸਕਦੀ, ਤਾਂ ਮੈਨੂੰ ਤੁਸੀਂ ਦੱਸੋ “ਫਿਰ ਕੌਣ ਨਸ਼ਾ ਵੰਡੇਗਾ?” ਜੇ ਆਪਾਂ ਸਿਆਣੇ ਹੋ ਗਏ ਤਾਂ ਫਿਰ ਕੌਣ ਵੋਟਾਂ ਸਮੇਂ ਪੈਸੇ ਵੰਡੇਗਾ? ਸਰਕਾਰ ਨੂੰ ਫਿਰ ਮਜਬੂਰਨ ਉਹੋ ਹੀ ਕੰਮ ਕਰਨਾ ਪਵੇਗਾ, ਜੋ ਅਸੀਂ ਚਾਹਾਂਗੇ। ਆਪਾਂ ਆਪਣੀ ਵੋਟ ਜ਼ਰੂਰ ਵੇਚਾਂਗੇ, ਪਰ ਥੋੜ੍ਹੇ ਨਸ਼ੇ ਯਾ ਛੋਟੇ ਲਾਲਚ ਦੀ ਪੂਰਤੀ ਲਈ ਨਹੀਂ, ਬਲਕਿ ਇੱਕ ਵੱਡੇ ਮਕਸਦ ਵਾਸਤੇ, ਉਹ ਹੈ “ਦੇਸ਼ ਦੀ ਤਰੱਕੀ ਵਾਸਤੇ, ਸਚਾਈ ਦੀ ਰੱਖਿਆ ਵਾਸਤੇ।” ਫਿਰ ਜਿਹੜੀ ਸਰਕਾਰ ਸਚਾਈ ਦੀ ਰੱਖਿਆ ਕਰੇਗੀ, ਦੇਸ਼ ਦੀ ਤਰੱਕੀ ਕਰੇਗੀ, ਫਿਰ ਉਸਨੂੰ ਹੀ ਅਸੀਂ ਆਪਣੀ ਵੋਟ ਵੇਚਾਂਗੇ।
ਹੁਣ ਸਵਾਲ ਇਹ ਉੱਠਦਾ ਹੈ ਕਿ ਆਪਾਂ ਆਪਣੇ ਆਪ ਨੂੰ ਸਿਆਣੇ ਕਿਵੇਂ ਬਣਾਈਏ? ਜਲਦ ਤੋਂ ਜਲਦ ਆਪਣਾ ਦਿਮਾਗ ਤੇਜ ਕਿਵੇਂ ਕਰੀਏ? ਜਵਾਬ ਬਿਲਕੁਲ ਸਰਲ ਅਤੇ ਸਾਫ ਹੈ। ਵੱਧ ਤੋਂ ਵੱਧ ਚੰਗੀਆਂ ਕਿਤਾਬਾਂ ਪੱੜ੍ਹੋ। 24 ਘੰਟੇ ਚੌਕਸ ਰਹੋ। ਮਨੋਵਿਗਿਆਨਿਕ ਕਸਰਤਾਂ ਕਰੋ। ਮੈਡੀਟੇਸ਼ਨ ਕਰੋ। ਸਾਧਨਾ ਕਰੋ। 24 ਘੰਟੇ ਆਪਣੀ ਹਰ ਸੋਚ ਅਤੇ ਹਰ ਸੰਵੇਗ ਨੂੰ ਮਹਿਸੂਸ ਕਰਦੇ ਰਹੋ। ਆਪਣੀ ਬਾਹਰਲੀ ਅਤੇ ਅੰਦਰੂਨੀ ਜਾਗਰੁਕਤਾ ਵਧਾਓ। ਸਿਰਫ ਇਹੋ ਹੀ ਤਰੀਕਾ ਹੈ ਆਪਣੇ ਆਪ ਨੂੰ ਸਿਆਣੇ ਬਨਾਉਣ ਦਾ, ਅਤੇ ਆਪਣੀ ਹਰ ਸਮੱਸਿਆ ਦਾ ਹੱਲ ਲੱਭਣ ਦਾ।