ਲੁਧਿਆਣਾ : ਇਥੋਂ 30 ਕਿਲੋਮੀਟਰ ਦੂਰ ਗੁਰੂ ਹਰਿਗੋਬਿੰਦ ਹਰਿਪ੍ਰਕਾਸ਼ ਕਾਲਜ ਆਫ ਐਜੂਕੇਸ਼ਨ ਸਿਧਵਾਂ ਖੁਰਦ ਵਿਖੇ ਬੀ ਐੱਡ ਅਤੇ ਐੱਮ ਐੱਡ ਦੇ ਵਿਦਿਆਰਥੀਆਂ ਨੂੰ ਅਸਰਦਾਰ ਸੰਚਾਰ ਯੋਗਤਾ ਬਾਰੇ ਵਿਸਥਾਰ ਭਾਸ਼ਣ ਦਿੰਦਿਆਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਪਦਾਰਥਵਾਦ ਦੀ ਦੌੜ ਨੇ ਸਾਡਾ ਆਪਣੇ ਆਪ ਨਾਲੋਂ ਵੀ ਨਾਤਾ ਤੋੜ ਦਿੱਤਾ ਅਤੇ ਅਸੀਂ ਮਨੁੱਖ ਦੀ ਥਾਂ ਮਸ਼ੀਨ ਵਾਂਗ ਵਿਹਾਰ ਕਰ ਰਹੇ ਹਾਂ। ਉਹਨਾਂ ਆਖਿਆ ਕਿ ਮਨੁੱਖ ਦਾ ਸਭ ਤੋਂ ਪਹਿਲਾ ਸੰਚਾਰ ਆਪਣੇ ਘਰ ਪਰਿਵਾਰ ਅਤੇ ਮਨ ਨਾਲ ਮਜ਼ਬੂਤ ਹੋਣਾ ਚਾਹੀਦਾ ਹੈ। ਸਮਾਜ ਨਾਲ ਸੰਚਾਰ ਬਾਅਦ ਦੀ ਗੱਲ ਹੈ। ਉਹਨਾਂ ਆਖਿਆ ਕਿ ਮਾਤ ਭਾਸ਼ਾ ਵਿਚਲੇ ਗਿਆਨ ਨੂੰ ਮੂਲਧਨ ਵਾਂਗ ਵਰਤ ਕੇ ਵਿਸ਼ਵਕੋਸ਼ੀ ਗਿਆਨ ਨੂੰ ਹੋਰਨਾਂ ਜ਼ੁਬਾਨਾਂ ਅਤੇ ਸੰਚਾਰ ਮਾਧਿਅਮਾਂ ਤੋਂ ਹਾਸਿਲ ਕਰਨ ਦੇ ਨਾਲ ਨਾਲ ਪੁਸਤਕ ਸਭਿਆਚਾਰ ਦਾ ਵਿਕਾਸ ਵੀ ਜ਼ਰੂਰੀ ਹੈ ਕਿਉਂਕਿ ਸ਼ਬਦ ਸਭਿਆਚਾਰ ਨਾਲ ਸਾਡਾ ਤੀਸਰਾ ਨੇਤਰ ਖੁੱਲਦਾ ਹੈ।
ਪ੍ਰੋ.ਗਿੱਲ ਨੇ ਆਖਿਆ ਕਿ ਅਸੀਂ ਨੰਗੀ ਅੱਖ ਨਾਲ ਵੇਖਣ ਵਾਲੇ ਸੰਸਾਰ ਨੂੰ ਮਾਨਣ ਦੇ ਆਦੀ ਹੋ ਗਏ ਹਾਂ ਪਰ ਅਸਲ ਆਨੰਦ ਤੀਸਰੇ ਨੇਤਰ ਰਾਹੀਂ ਵੇਖੇ ਵਿਕਾਸ ਨਾਲ ਹੀ ਸੰਭਵ ਹੈ। ਗੁਰੂ ਨਾਨਕ ਦੇਵ ਜੀ ਨੇ ਪੰਜ ਸਦੀਆਂ ਪਹਿਲਾਂ ਸਿੱਧ ਗੋਸ਼ਟੀਆਂ ਕਰਕੇ ਸਾਨੂੰ ਸਹਿਣਸ਼ੀਲਤਾ ਦਾ ਪਾਠ ਪੜ੍ਹਾਇਆ ਸੀ ਪਰ ਅੱਜ ਦੇ ਸਾਧੂ ਸਰੂਪ ਵਾਲੇ ਸ਼ੈਤਾਨ ਲੋਕ ਦੇਸ਼ ਭਗਤੀ ਦੇ ਨਾਂ ਤੇ ਸਾਨੂੰ ਉਲਟ ਪਾਠ ਪੜ੍ਹਾ ਰਹੇ ਹਨ। ਇਸ ਤਰ੍ਹਾਂ ਦੀ ਦੇਸ਼ ਭਗਤੀ ਕੌਮੀ ਜਜ਼ਬੇ ਨੂੰ ਫਿੱਕਾ ਪਾਉਂਦੀ ਹੈ। ਉਹਨਾਂ ਆਖਿਆ ਕਿ ਸਿਧਵਾਂ ਦੇ ਵਿਦਿਅਕ ਅਦਾਰਿਆਂ ਨੇ ਕੌਮੀ ਪੱਧਰ ਤੇ ਔਰਤ ਸ਼ਕਤੀਕਰਨ ਅਤੇ ਖੇਡਾਂ ਦੇ ਖੇਤਰ ਵਿੱਚ ਉ¦ਪੀਅਨ ਖਿਡਾਰੀ ਅਤੇ ਅਧਿਕਾਰੀ ਪੜ੍ਹਾਏ ਹਨ। ਇਸ ਸੰਸਥਾ ਦੀ ਟਕਸਾਲੀ ਮੋਹਰ ਪਛਾਨਣਯੋਗ ਹੈ। ਉਹਨਾਂ 20 ਤੋਂ ਵੱਧ ਯੋਗ ਵਿਦਿਆਰਥਣਾਂ ਨੂੰ ਕਾਲਜ ਪ੍ਰਬੰਧਕ ਕਮੇਟੀ ਵੱਲੋਂ ਵਜ਼ੀਫੇ ਵੀ ਪ੍ਰਦਾਨ ਕੀਤੇ। ਵਿਦਿਆਰਥੀਆਂ ਦੀ ਮੰਗ ਤੇ ਉਹਨਾਂ ਨੇ ਭਰੂਣ ਹੱਤਿਆ ਦੇ ਖਿਲਾਫ ਲਿਖੀ ਆਪਣੀ ਕਵਿਤਾ ਲੋਰੀ ਵੀ ਸੁਣਾਈ। ਕਾਲਜ ਪ੍ਰਿੰਸੀਪਲ ਡਾ: ਬਲਜੀਤ ਕੌਰ ਗਿੱਲ, ਡਾ: ਪਰਵੀਨ ਗਰੋਵਰ, ਡਾ: ਸੀਮਾ ਵਾਈਸ ਪ੍ਰਿੰਸੀਪਲ ਅਤੇ ਪ੍ਰੋ .ਗੁਰਵਿੰਦਰ ਸਿੰਘ ਨੇ ਪ੍ਰੋ. ਗਿੱਲ ਨੂੰ ਕਾਲਜ ਵੱਲੋਂ ਸਨਮਾਨਿਤ ਕੀਤਾ।
ਕਾਲਜ ਪ੍ਰਿੰਸੀਪਲ ਡਾ. ਬਲਜੀਤ ਕੌਰ ਗਿੱਲ ਨੇ ਧੰਨਵਾਦੀ ਸ਼ਬਦ ਬੋਲਦਿਆਂ ਕਿਹਾ ਕਿ ਪ੍ਰੋ. ਗਿੱਲ ਵੱਲੋਂ ਵਿਦਿਆਰਥੀਆਂ ਨੂੰ ਜੀਵਨ ਦੇ ਅਸਲੀ ਮੁੱਲਾਂ ਨਾਲ ਸਾਂਝ ਪੁਆਉਣ ਲਈ ਉਹ ਸਦਾ ਰਿਣੀ ਰਹਿਣਗੇ।