ਚੰਡੀਗੜ੍ਹ – “ਸਹਿਜਧਾਰੀ ਸਿੱਖ, ਸਿੱਖ ਕੌਮ ਦਾ ਅਤਿ ਮਹੱਤਵਪੂਰਨ ਅੰਗ ਹਨ। ਉਹਨਾਂ ਦੇ ਕੀਮਤੀ ਵਿਚਾਰਾਂ ਤੇ ਉਹਨਾਂ ਪੜ੍ਹੇ-ਲਿਖੇ ਸਹਿਜਧਾਰੀ ਬੁੱਧੀਜੀਵੀ ਸਖਸ਼ੀਅਤਾਂ ਦੇ ਸਤਿਕਾਰ-ਮਾਣ ਨੂੰ ਕਾਇਮ ਰੱਖਣ ਹਿੱਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਚੱਲ ਰਹੇ ਲੋਅਰ ਹਾਊਸ ਦੇ ਨਾਲ-ਨਾਲ ਅਪਰ ਹਾਊਸ ਵੀ ਉਸੇ ਸਮੇਂ ਕਾਇਮ ਕੀਤਾ ਜਾਵੇਗਾ, ਜਦੋ ਸਿੱਖ ਕੌਮ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਨੂੰ ਆਉਣ ਵਾਲੀਆਂ ਐਸ.ਜੀ.ਪੀ.ਸੀ. ਦੀਆਂ ਚੋਣਾਂ ਵਿਚ ਬਹੁਮੱਤ ਬਖ਼ਸਣ ਦਾ ਮੌਕਾ ਦੇਵੇਗੀ । ਜਿਸਦੀ ਕਿ ਸਾਨੂੰ ਪੂਰਨ ਉਮੀਦ ਹੈ ਕਿ ਜਦੋਂ ਵੀ ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਹੋਈਆਂ ਤਾਂ ਹਿੰਦੂਤਵ ਤਾਕਤਾਂ ਦੇ ਗੁਲਾਮ ਬਣਕੇ ਚੱਲਣ ਵਾਲੇ ਬਾਦਲ ਦਲੀਆਂ ਵਿਰੁੱਧ ਸਿੱਖ ਕੌਮ ਸਾਨੂੰ ਸਪੱਸਟ ਫਤਵਾ ਦੇ ਕੇ ਐਸ.ਜੀ.ਪੀ.ਸੀ. ਦਾ ਪ੍ਰਬੰਧ ਚਲਾਉਣ ਦੀ ਜਿੰਮੇਵਾਰੀ ਅਵੱਸ ਸੌਪੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ “ਸਹਿਜਧਾਰੀ ਸਿੱਖਾਂ” ਨੂੰ ਸਿੱਖ ਕੌਮ ਦਾ ਇਕ ਵਿਸੇ਼ਸ਼ ਮਹੱਤਵਪੂਰਨ ਅੰਗ ਕਰਾਰ ਦਿੰਦੇ ਹੋਏ ਭਵਿੱਖ ਵਿਚ ਉਹਨਾਂ ਦੇ ਸਤਿਕਾਰ ਅਤੇ ਉਹਨਾ ਦੇ ਵਿਚਾਰਾਂ ਨੂੰ ਸਿੱਖ ਕੌਮ ਦੇ ਹੋਣ ਵਾਲੇ ਫੈਸਲਿਆ ਵਿਚ ਸਮੂਲੀਅਤ ਦਾ ਉਚੇਚਾ ਪ੍ਰਬੰਧ ਕਰਨ ਦੀ ਗੱਲ ਕਰਦੇ ਹੋਏ ਅੱਜ ਆਪਣੇ ਧਾਰਮਿਕ ਬਿਆਨ ਵਿਚ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਿਵੇ ਦੁਨੀਆਂ ਦੇ ਹਰ ਮੁਲਕ ਦੀ ਪਾਰਲੀਮੈਂਟ ਵਿਚ ਲੋਅਰ ਹਾਊਸ ਅਤੇ ਅਪਰ ਹਾਊਸ ਹੁੰਦੇ ਹਨ, ਉਸੇ ਤਰ੍ਹਾਂ ਅਸੀਂ ਵੀ ਆਪਣੀ ਸਿੱਖ ਪਾਰਲੀਮੈਂਟ ਐਸ.ਜੀ.ਪੀ.ਸੀ. ਦੇ ਅਜੋਕੇ ਲੋਅਰ ਹਾਊਸ ਦੇ ਨਾਲ-ਨਾਲ ਅਪਰ ਹਾਊਸ ਵੀ ਹਰ ਕੀਮਤ ਤੇ ਕਾਇਮ ਕਰਾਂਗੇ । ਜਿਸ ਵਿਚ ਸਹਿਜਧਾਰੀ ਸਿੱਖਾਂ ਨਾਲ ਸੰਬੰਧਤ ਪੜ੍ਹੇ-ਲਿਖੇ ਬੁੱਧੀਜੀਵੀਆਂ ਨੂੰ ਲੋਅਰ ਹਾਊਸ ਰਾਹੀ ਚੁਣਕੇ ਅਪਰ ਹਾਊਸ ਵਿਚ ਭੇਜਾਗੇ । ਜਦੋ ਵੀ ਐਸ.ਜੀ.ਪੀ.ਸੀ. ਦੇ ਲੋਅਰ ਹਾਊਸ ਵਿਚ ਕਿਸੇ ਵੀ ਵਿਸ਼ੇ ਤੇ ਜਾਂ ਮਤੇ ਤੇ ਬਹੁਸੰਮਤੀ ਜਾਂ ਸਰਬਸੰਮਤੀ ਨਾ ਹੋ ਸਕੇ ਤਾਂ ਉਸ ਮਤੇ ਨੂੰ ਅਸੀਂ ਪੂਰੇ ਵਿਧੀ-ਵਿਧਾਨ ਅਨੁਸਾਰ ਐਸ.ਜੀ.ਪੀ.ਸੀ. ਦੇ ਅਪਰ ਹਾਊਸ ਵਿਚ ਭੇਜਣ ਦਾ ਪ੍ਰਬੰਧ ਕਰਾਂਗੇ । ਅਜਿਹੇ ਕਿਸੇ ਮਤੇ ਨੂੰ ਜੇਕਰ ਅਪਰ ਹਾਊਸ ਪ੍ਰਵਾਨ ਕਰੇਗਾ ਤਾਂ ਉਸ ਨੂੰ ਲਾਗੂ ਕੀਤਾ ਜਾਇਆ ਕਰੇਗਾ । ਜੇਕਰ ਅਪਰ ਹਾਊਸ ਮਤੇ ਨੂੰ ਅਪ੍ਰਵਾਨ ਕਰੇਗਾ ਤਾਂ ਉਸ ਨੂੰ ਰੱਦ ਸਮਝਿਆ ਜਾਵੇਗਾ । ਅਜਿਹੇ ਦਿੱਤੇ ਜਾਣ ਵਾਲੇ ਸਤਿਕਾਰ-ਮਾਣ ਨੂੰ ਉਚੇਚੇ ਤੌਰ ਤੇ ਕਾਇਮ ਰੱਖਿਆ ਜਾਵੇਗਾ । ਸਿੱਖ ਕੌਮ ਨਾਲ ਤੇ ਗੁਰੂਘਰਾਂ ਨਾਲ ਸੰਬੰਧਤ ਕੋਈ ਵੀ ਫੈਸਲਾ ਅਪਰ ਹਾਊਸ ਦੀ ਪ੍ਰਵਾਨਗੀ ਤੋ ਬਿਨ੍ਹਾਂ ਕਾਨੂੰਨੀ ਮਾਨਤਾ ਪ੍ਰਵਾਨ ਨਹੀਂ ਕਰੇਗਾ । ਜਿਵੇ ਬੀਤੇ ਸਮੇਂ ਵਿਚ ਐਸ.ਜੀ.ਪੀ.ਸੀ. ਦੇ ਅਜੋਕੇ ਹਾਊਸ ਅਤੇ ਅੰਤਰਿੰਗ ਕਮੇਟੀ ਨੇ ਸਿਰਸੇ ਵਾਲੇ ਸਾਧ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾਂ ਭੰਗ ਕਰਕੇ ਮੁਆਫ਼ ਕਰ ਦਿੱਤਾ ਸੀ, ਅਜਿਹੇ ਮਹੱਤਵਪੂਰਨ ਫੈਸਲੇ ਅਪਰ ਹਾਊਸ ਦੀ ਪ੍ਰਵਾਨਗੀ ਤੋ ਬਿਨ੍ਹਾਂ ਲਾਗੂ ਨਹੀਂ ਹੋ ਸਕਣਗੇ ।
ਉਹਨਾਂ ਕਿਹਾ ਕਿ ਸਿੱਖ ਕੌਮ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੌਮਾਂਤਰੀ ਰੁਤਬੇ, ਸਿੱਖੀ ਮਰਿਯਾਦਾਵਾਂ ਤੇ ਪ੍ਰੰਪਰਾਵਾਂ ਦੇ ਸੰਬੰਧ ਵਿਚ ਲੋਅਰ ਹਾਊਸ ਵਿਚੋ ਲੰਘਕੇ ਅਪਰ ਹਾਊਸ ਵਿਚ ਜਾਣਗੇ, ਫਿਰ ਦੋਵੇ ਹਾਊਸਾਂ ਦੀ ਪ੍ਰਵਾਨਗੀ ਬਾਅਦ ਹੀ ਕਿਸੇ ਮਤੇ ਜਾਂ ਫੈਸਲੇ ਨੂੰ ਲਾਗੂ ਕਰਨ ਦਾ ਪ੍ਰਬੰਧ ਹੋਵੇਗਾ । ਅਜਿਹਾ ਅਮਲ ਕਰਨ ਨਾਲ ਜਿਥੇ ਸਹਿਜਧਾਰੀ ਸਿੱਖਾਂ ਵਿਚਲੇ ਬੁੱਧੀਜੀਵੀ ਵਰਗ ਦੇ ਵਿਚਾਰਾਂ ਨੂੰ ਵਿਸ਼ੇਸ਼ ਸਤਿਕਾਰ ਮਿਲੇਗਾ, ਉਥੇ ਕੋਈ ਵੀ ਸਿੱਖ ਕੌਮ ਸੰਬੰਧੀ ਗਲਤ ਫੈਸਲਾ ਹੋਣ ਦੀ ਸੰਭਾਵਨਾ ਬਿਲਕੁਲ ਖ਼ਤਮ ਹੋ ਜਾਵੇਗੀ । ਸ. ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿਚ ਹਿੰਦ, ਪੰਜਾਬ ਅਤੇ ਬਾਹਰਲੇ ਮੁਲਕਾਂ ਵਿਚ ਬੈਠੇ ਗੁਰਸਿੱਖਾਂ, ਸਹਿਜਧਾਰੀ ਸਿੱਖਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਡੇ ਵੱਲੋਂ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੇ ਵਿਧੀ-ਵਿਧਾਨ ਨੂੰ ਸਹੀ ਕਰਨ ਅਤੇ ਸਹਿਜਧਾਰੀ ਸਿੱਖ ਜੋ ਸਿੱਖ ਕੌਮ ਦਾ ਮਹੱਤਵਪੂਰਨ ਅੰਗ ਹਨ, ਉਹਨਾਂ ਦੇ ਸੰਬੰਧ ਵਿਚ ਦਿੱਤੀ ਗਈ ਉਪਰੋਕਤ ਪਾਲਸੀ ਤੇ ਆਪਣੇ ਵਿਚਾਰ ਸਾਡੀ ਈਮੇਲ sad_amritsar@yahoo.co.in ਤੇ ਜ਼ਰੂਰ ਸਾਂਝੇ ਕਰਨ, ਤਾਂ ਕਿ ਅਸੀਂ ਗੁਰਸਿੱਖਾਂ ਅਤੇ ਸਹਿਜਧਾਰੀ ਸਿੱਖਾਂ ਵੱਲੋ ਆਏ ਵਿਚਾਰਾਂ ਨੂੰ ਵੀ ਭਵਿੱਖ ਵਿਚ ਮੱਦੇਨਜ਼ਰ ਰੱਖਦੇ ਹੋਏ ਅਗਲੇਰੇ ਕੌਮੀ ਫੈਸਲਿਆ ਵਿਚ ਉਹਨਾਂ ਤੋਂ ਫਾਇਦਾ ਲੈ ਸਕੀਏ ।