ਨਵੀਂ ਦਿੱਲੀ- ਪ੍ਰਸਿੱਧ ਅਭਿਨੇਤਰੀ ਕਰਿਸ਼ਮਾ ਕਪੂਰ ਅਤੇ ਉਸ ਦੇ ਪਤੀ ਸੰਜੇ ਕਪੂਰ ਵਿੱਚ ਤਲਾਕ ਦੇ ਮਾਮਲੇ ਤੇ ਆਪਸੀ ਸਮਝੌਤਾ ਹੋ ਗਿਆ ਹੈ। ਦੋਵਾਂ ਨੇ ਸੁਪਰੀਮ ਕੋਰਟ ਵਿੱਚ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਹੈ। ਦੋਵਾਂ ਦਰਮਿਆਨ ਬੱਚਿਆਂ ਦੀ ਕਸਟਡੀ ਅਤੇ ਉਨ੍ਹਾਂ ਦੇ ਭਵਿੱਖ ਲਈ ਪੈਸੇ ਸਬੰਧੀ ਕੁਝ ਮੱਤਭੇਦ ਸਨ, ਪਰ ਕੋਰਟ ਦੇ ਸਾਹਮਣੇ ਉਨ੍ਹਾਂ ਨੇ ਇਸਦਾ ਵੀ ਹਲ ਲੱਭ ਲਿਆ। ਦੋਵਾਂ ਬੱਚਿਆਂ ਸਮਾਇਰਾ ਅਤੇ ਕਿਆਨ ਦੀ ਕਸਟਡੀ ਭਾਂਵੇ ਕਰਿਸ਼ਮਾ ਕੋਲ ਹੀ ਰਹੇਗੀ ਪਰ ਸੰਜੇ ਵੀ ਜਦੋਂ ਉਸ ਦੀ ਮਰਜੀ ਹੋਵੇਗੀ ਆਪਣੇ ਬੱਚਿਆਂ ਨੂੰ ਮਿਲ ਸਕੇਗਾ।
ਮੁੰਬਈ ਵਿੱਚ ਸਥਿਤ ਸੰਜੇ ਦੇ ਪਿਤਾ ਦੇ ਨਾਮ ਤੇ ਜੋ ਘਰ ਹੈ, ਉਹ ਕਰਿਸ਼ਮਾ ਨੂੰ ਮਿਲ ਗਿਆ ਹੈ। ਇਸ ਦੇ ਨਾਲ ਹੀ ਦੋਵਾਂ ਬੱਚਿਆਂ ਦੇ ਨਾਮ ਤੇ 14 ਕਰੋੜ ਰੁਪੈ ਦੇ ਬਾਂਡ ਖ੍ਰੀਦੇ ਗਏ ਹਨ। ਇਨ੍ਹਾਂ ਬਾਂਡਾਂ ਦੁਆਰਾ ਬੱਚਿਆਂ ਦੇ ਖਰਚ ਲਈ ਹਰ ਮਹੀਨੇ 10 ਲੱਖ ਰੁਪੈ ਮਿਲਣਗੇ। ਕਰਿਸ਼ਮਾ ਨੇ ਸੰਜੇ ਅਤੇ ਉਸ ਦੇ ਪ੍ਰੀਵਾਰ ਦੇ ਖਿਲਾਫ਼ ਘਰੇਲੂ ਹਿੰਸਾ ਅਤੇ ਦਾਜ ਦਾ ਕੇਸ ਵਾਪਿਸ ਲੈ ਲਿਆ ਹੈ।
ਕਰਿਸ਼ਮਾ ਨੇ 29 ਸਿਤੰਬਰ, 2003 ਵਿੱਚ ਬਿਜ਼ਨੈਸਮੈਨ ਸੰਜੇ ਕਪੂਰ ਨਾਲ ਸ਼ਾਦੀ ਕੀਤੀ ਸੀ ਅਤੇ 2012 ਵਿੱਚ ਦੋਵੇਂ ਵੱਖ ਹੋ ਗਏ ਸਨ।ਕਰਿਸ਼ਮਾ ਇਸ ਸਮੇਂ ਮੁੰਬਈ ਵਿੱਚ ਆਪਣੀ ਮਾਂ ਬਬੀਤਾ ਨਾਲ ਰਹਿ ਰਹੀ ਹੈ। ਕਰਿਸ਼ਮਾ ਅਤੇ ਸੰਜੇ ਨੇ 2014 ਵਿੱਚ ਆਪਸੀ ਸਹਿਮਤੀ ਨਾਲ ਤਲਾਕ ਦੀ ਦਰਖਾਸਤ ਦਿੱਤੀ ਸੀ ਪਰ ਕੁਝ ਮੁੱਦਿਆਂ ਤੇ ਮੱਤਭੇਦ ਚੱਲ ਰਹੇ ਸਨ, ਜਿੰਨ੍ਹਾਂ ਦਾ ਹੁਣ ਹਲ ਢੂੰਢ ਲਿਆ ਗਿਆ ਹੈ।