ਭਾਰਤ ਸਰਕਾਰ, ਜਾਂਚ ਏਜੰਸੀਆਂ ਅਤੇ ਹਿੰਦੂਤਵੀ ਸੰਗਠਨ ਪਠਾਨਕੋਟ ਹਵਾਈ ਅੱਡੇ ਤੇ ਹੋਏ ਹਮਲੇ ਨੂੰ ਪਾਕਿਸਤਾਨ ਵਲੋਂ ਆਏ ਖਾੜਕੂ ਘੁਸਪੈਠੀਆਂ ਵਲੋਂ ਕੀਤਾ ਗਿਆ ਦੱਸਕੇ ਪ੍ਰਚਾਰ ਕਰ ਰਹੀਆਂ ਹਨ, ਜੋ ਤੱਥਾਂ ਦੇ ਅਧਾਰਿਤ ਨਹੀਂ ਕਿਉਂਕਿ ਪੰਜਾਬ ਨਾਲ ਪਾਕਿਸਤਾਨ ਦੇ ਬਾਰਡਰ ਉਤੇ ਬੀ.ਐਸ.ਐਫ ਦਾ ਸਖ਼ਤ ਪਹਿਰਾ ਹੈ, ਇਸ ਫੋਰਸ ਨੇ ਦਾਅਵਾ ਵੀ ਕੀਤਾ ਹੈ ਕਿ ਜਿਸ ਵਕਤ ਇਹ ਹਮਲਾ ਹੋਇਆ, ਉਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਪਕਿਸਤਾਨ ਵਲੋਂ ਇਸ ਇਲਾਕੇ ਵਿੱਚ ਇੱਥੋ ਕੋਈ ਵੀ ਘੁਸਪੈਠ ਨਹੀਂ ਹੋਈ, ਪੂਰੀ ਮੁਸਤੈਦੀ ਨਾਲ ਫ਼ੋਰਸ ਆਪਣੀ ਡਿਉਟੀ ਤੇ ਕੰਮ ਕਰ ਰਹੀ ਹੈ। ਜਾਂਚ ਏਜੰਸੀਆਂ ਵੀ ਪਕਿਸਤਾਨ ਵਲੋਂ ਘੁਸਪੈਠੀਆਂ ਦੀਆਂ ਪੈੜ੍ਹਾਂ ਲੱਭਣ ਜਾਂ ਕੋਈ ਹੋਰ ਸਬੂਤ ਪ੍ਰਾਪਤ ਨਹੀਂ ਕਰ ਸਕੀਆਂ। ਪਠਾਨਕੋਟ ਏਰੀਆ ਵਿੱਚੋਂ ਪਹਿਲਾ ਤਬਦੀਲ ਹੋਇਆ ਐਸ.ਪੀ ਸਲਵਿੰਦਰ ਸਿੰਘ ਆਪਣੇ ਲਾਂਗਰੀ ਅਤੇ ਇਕ ਸੁਨਿਆਰੇ ਨਾਲ ਸਰਕਾਰੀ ਗੱਡੀ ਤੇ ਨੀਲੀ ਬੱਤੀ ਲਗਾਕੇ ਰਾਤ ਸਮੇਂ ਕਿਉ ਘੁੰਮ ਰਿਹਾ ਸੀ? ਪਾਕਿਸਤਾਨ ਅਤੇ ਭਾਰਤ ਵਿੱਚ ਸੋਨੇ ਦਾ ਭਾਅ ਤਕਰੀਬਨ ਬਰਾਬਰ ਹੈ, ਫਿਰ ਕੋਈ ਸਮਗਲਰ ਆਪਣੀ ਜਾਨ ਤਲੀ ਤੇ ਧਰਕੇ ਪਾਕਿਸਤਾਨ ਤੋਂ ਸੋਨਾ ਕਿਉ ਪਾਰ ਕਰਵਾਏਗਾ? ਫਿਰ ਇਸ ਜਵਾਹਰੀਏ ਦਾ ਐਸ ਪੀ ਨਾਲ ਰਾਤ ਸਮੇਂ ਕੀ ਕੰਮ ਸੀ ? ਬਾਦਲ ਹਕੂਮਤ ਆਪਣੀ ਪਾਰਟੀ ਦੇ ਜਥੇਦਾਰਾਂ ਨੂੰ ਹਲਕਾ ਇੰਚਾਰਜ ਲਗਾ ਕੇ ਸਿਆਸੀ ਘੇਰਾ ਮਜਬੂਤ ਕਰਨ ਲਈ ਪੰਜਾਬ ਪੁਲਿਸ ਨੂੰ ਵਰਤਦੀ ਹੈ, ਫਿਰ ਸਪੱਸ਼ਟ ਹੈ ਕਿ ਐਸ.ਪੀ ਸਲਵਿੰਦਰ ਸਿੰਘ ਦੇ ਵੀ ਬਹੁਤ ਸਾਰੇ ਸਿਆਸੀ ਲੀਡਰਾਂ ਨਾਲ ਸਬੰਧ ਹੋਣੇ ਵੀ ਸੁਭਾਵਿਕ ਹੈ। ਜਿਥੇ ਸਮਗਲਰ ਸਮਗਲਿੰਗ ਕਰਦੇ ਹਨ ਉਥੇ ਏਜੰਸੀਆਂ ਅਤੇ ਫੌ਼ਜ ਲਈ ਵੀ ਜਾਸੂਸੀ ਦਾ ਕੰਮ ਕਰਦੇ ਹਨ। ਇਸ ਐਸ.ਪੀ ਦੀ ਸਮਗਲਰਾਂ ਨਾਲ ਮਿਲੀ ਭੁਗਤ ਨਾਲ ਅਤੇ ਸਿਆਸੀ ਸ਼ਹਿ ਤੇ ਰਾਤ ਸਮੇਂ ਬਾਰਡਰ ਨੇੜੇ ਜਾਣ ਲਈ ਕੋਈ ਖਾਸ ਮਿਸ਼ਨ ਹੋ ਸਕਦਾ ਹੈ, ਜਿਸ ਦੀ ਜਾਣਕਾਰੀ ਸੈਂਟਰ, ਫੌ਼ਜ ਤੇ ਪੰਜਾਬ ਸਰਕਾਰ ਕੋਲ ਨਾ ਹੋਵੇ ਇਹ ਹੋ ਹੀ ਨਹੀਂ ਸਕਦਾ। ਇਸ ਐਸ.ਪੀ ਵਲੋਂ ਆਪਣੇ ਲਾਂਗਰੀ ਨੂੰ ਰਾਤ ਸਮੇਂ ਆਪਣੇ ਨਾਲ ਰੱਖਣਾ ਵੀ ਸਮਝ ਤੋਂ ਬਾਹਰ ਹੈ। ਜੇਕਰ ਮੰਨ ਵੀ ਲਿਆ ਜਾਵੇ ਕਿ ਖਾੜਕੂ ਪਾਕਿਸਤਾਨ ਵਿਚੋਂ ਆਏ ਅਤੇ ਉਹਨਾਂ ਨੇ ਐਸ ਪੀ ਦੀ ਗੱਡੀ ਖੋਹ ਕੇ ਆਪਣੇ ਕਬਜੇ ਵਿੱਚ ਕਰ ਲਈ। ਫਿਰ ਇੱਥੇ ਇਹ ਗਲ ਸ਼ੱਕ ਪੈਦਾ ਕਰਦੀ ਹੈ ਕਿ ਉਹਨਾਂ ਖਾੜਕੂਆਂ ਨੇ ਐਸ.ਪੀ, ਲਾਂਗਰੀ ਅਤੇ ਸੁਨਿਆਰੇ ਨੂੰ ਜਾਨੋ ਕਿਉ ਨਹੀਂ ਮਾਰਿਆ। ਕੀ ਉਨ੍ਹਾਂ ਖਾੜਕੂਆਂ ਨੂੰ ਇਨੀ ਸਮਝ ਨਹੀਂ ਸੀ ਕਿ ਇਹਨਾਂ ਨੂੰ ਜਿੰਦਾ ਛੱਡਣ ਨਾਲ ਫੌ਼ਜ ਤੇ ਪੁਲਿਸ ਅਲਰਟ ਹੋ ਜਾਵੇਗੀ, ਜਿਸ ਨਾਲ ਸਾਰੇ ਭੇਦ ਖੁਲ੍ਹ ਜਾਣਗੇ ਅਤੇ ਉੁਹ ਆਪਣੇ ਮਿਸ਼ਨ ਵਿੱਚ ਕਾਮਯਾਬ ਨਹੀਂ ਹੋ ਸਕਣਗੇ।
ਇਸ ਘਟਨਾ ਤੇ ਭਾਰਤ ਸਰਕਾਰ ਨੇ ਮਿਲਟਰੀ ਨੂੰ ਕੋਈ ਜਵਾਬੀ ਐਕਸ਼ਨ ਨਹੀਂ ਲੈਣ ਦਿੱਤਾ, ਸਗੋਂ ਹਾਦਸੇ ਪਿੱਛੋਂ ਗ੍ਰਹਿ ਵਜਾਰਤ ਦੇ ਹੁਕਮਾਂ ਤੇ ਦਿੱਲੀ ਤੋਂ ਫੋਰਸ ਮੰਗਵਾਈ ਗਈ ਜੋ ਕਈ ਤਰਾਂ ਦ ਸ਼ੱਕ ਪੈਦਾ ਕਰਦੀ ਹੈ। ਇਸ ਇਲਾਕੇ ਦੇ ਤਕੜੇ ਸਿਆਸਤਦਾਨਾਂ ਨਿਰਮਲ ਸਿੰਘ ਕਾਹਲੋਂ, ਗੁਰਬਚਨ ਸਿੰਘ ਬੱਬੇਹਾਲੀ, ਸੁੱਚਾ ਸਿੰਘ ਲੰਗਾਹ, ਵਿਨੋਦ ਖੰਨਾ ਐਮ.ਪੀ, ਸੇਵਾ ਸਿੰਘ ਸੇਖਵਾਂ ਅਤੇ ਲਖਵੀਰ ਸਿੰਘ ਲੋਧੀਨਗਲ ਆਦਿ ਕਈਆਂ ਦੇ ਸਮਗਲਰਾਂ ਨਾਲ ਸਬੰਧਾਂ ਨੂੰ ਵੀ ਅਣਡਿਠ ਕਰਨਾ ਇਸ ਘਟਨਾ ਦੀ ਜਾਂਚ ਵਿੱਚ ਵੱਡੀ ਰੁਕਾਵਟ ਹੈ। ਕਿਉਂਕਿ ਇਹ ਸੱਤਾਧਾਰੀ ਸੈਂਟਰ ਅਤੇ ਪੰਜਾਬ ਹਕੂਮਤ ਨਾਲ ਸਬੰਧਿਤ ਹਨ। ਇਸ ਘਟਨਾ ਵਿੱਚ ਮਾਰੇ ਗਏ ਘੁਸਪੈਠੀਆਂ ਦੀ ਮ੍ਰਿਤਕ ਦੇਹਾਂ ਨੂੰ ਇਸਲਾਮਿਕ ਰੀਤੀ ਰਿਵਾਜਾਂ ਦੇ ਅਨੁਸਾਰ ਦਫ਼ਨਾ ਦੇਣਾ ਚਾਹੀਦਾ ਸੀ। ਕਿਉਂਕਿ ਇਸਲਾਮ ਧਰਮ ਦੇ ਵਿੱਚ ਮੌਤ ਤੋਂ ਬਾਅਦ ਇਕ ਦਮ ਮ੍ਰਿਤਕ ਨੂੰ ਦਫ਼ਨਾਇਆ ਜਾਂਦਾ ਹੈ ਭਾਵੇਂ ਰਾਤ ਦਾ ਸਮਾਂ ਵੀ ਕਿਉਂ ਨਾ ਹੋਵੇ, ਅਜਿਹਾ ਹੋਣ ਨਾਲ ਇਸਲਾਮ ਨੂੰ ਮੰਨਣ ਵਾਲਿਆਂ ਦੇ ਅੰਦਰ ਭਾਰਤ ਅਤੇ ਪੰਜਾਬ ਪ੍ਰਤੀ ਨਫਰਤ ਘੱਟ ਸਕਦੀ ਸੀ, ਹੁਣ ਵੀ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਭਾਰਤ ਵਲੋਂ ਧਰਮ-ਨਿਰਪੱਖ ਹੋਣ ਦੇ ਪਾਏ ਜਾ ਰਹੇ ਰੌਲੇ ਦਾ ਜਨਾਜਾ ਨਿਕਲ ਜਾਵੇਗਾ। ਇਸ ਹਵਾਈ ਅੱਡੇ ਤੇ ਹੋਏ ਹਮਲੇ ਦੀ ਘਟਨਾ ਤੋਂ ਪਹਿਲਾਂ ਦੀਨਾ ਨਗਰ (ਗੁਰਦਾਸਪੁਰ) ਵਿੱਚ ਵਾਪਰੀ ਘਟਨਾ ਦੇ ਪੂਰੇ ਵੇਰਵੇ ਜਨਤਕ ਕਰਨ ਵਿੱਚ ਸੈਂਟਰ ਹਕੂਮਤ, ਪੰਜਾਬ ਸਰਕਾਰ ਅਤੇ ਮਿਲਟਰੀ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਉਪਰ ਦੱਸੇ ਵੇਰਵਿਆਂ ਤੋਂ ਸਾਫ ਹੰਦਾ ਹੈ ਕਿ ਸੈਂਟਰ ਹਕੂਮਤ, ਪੰਜਾਬ ਸਰਕਾਰ ਅਤੇ ਮਿਲਟਰੀ ਜਾਸੂਸੀ ਏਜੰਸੀਆਂ ਆਪਣੀ ਬਦਨਾਮੀ ਦੇ ਡਰੋਂ ਅਸਲੀਅਤ ਕੱਢਣ ਤੋਂ ਘਬਰਾਅ ਰਹੀਆਂ ਹਨ।
ਇਸ ਬਾਰੇ ਮੈਂ (ਸਿਮਰਨਜੀਤ ਸਿੰਘ ਮਾਨ) ਦੱਸਣਾ ਚਾਹੁੰਦਾ ਹਾਂ ਕਿ ਜਦੋਂ ਮੈ 1973 ਵਿੱਚ ਜਲੰਧਰ ਵਿਖੇ ਆਪਣੀ ਆਈ.ਪੀ.ਐਸ ਦੀ ਡਿਉਟੀ ਦੌਰਾਨ ਪੀ.ਏ.ਪੀ ਦਾ ਕਮਾਂਡੈਂਟ ਸੀ। ਉਸ ਵਕਤ ਮੇਰੀ ਡਿਉਟੀ ਲਗੀ ਕਿ ਮੈ ਪਠਾਨਕੋਟ ਏਅਰ ਬੇਸ ਦੀ ਹਿਫ਼ਾਜਤ ਲਈ ਉਥੇ ਜਾ ਕੇ ਪੀ.ਏ.ਪੀ ਫੋਰਸ ਤਾਇਨਾਤ ਕਰਾਂ ਇਸ ਲਈ ਮੈਂ, ਉਥੇ ਖੁਦ ਪੈਦਲ ਚੱਲ ਕੇ ਏਅਰ ਬੇਸ ਦੇ ਚਾਰੇ ਪਾਸੇ ਅਤੇ ਘੇਰੇ ਦਾ ਨਿਰੀਖਣ ਕੀਤਾ, ਇਸ ਢੰਗ ਨਾਲ ਪੀ.ਏ.ਪੀ ਦੇ ਨੌਜਵਾਨ ਲਗਾਏ, ਜਿਸ ਨਾਲ ਉਸ ਵੇਲੇ ਦੇ ਏਅਰ ਫੋਰਸ ਹਵਾਈ ਸਿਨੀਅਰ ਅਫਸਰ ਪੂਰੀ ਤਰਾਂ ਸੰਤੁਸ਼ਟ ਸੀ, ਇਸ ਤੋਂ ਇਲਾਵਾ ਮੈਂ ਇਹ ਇੰਤਜਾਮ ਵੀ ਕੀਤਾ ਕਿ ਇੱਕ ਚੌਕੀਂ ਤੋ ਦੂਜੀ ਚੌਕੀਂ ਤਕ ਦਿਨ-ਰਾਤ ਏਅਰ ਬੇਸ ਦੀ ਹੱਦ ਤੇ ਜਵਾਨਾ ਦੀ ਪਟਰੋਲਿੰਗ ਹੋਵੇ। ਇਸ ਦਾ ਸਾਰਾ ਸਟੈਡਿੰਗ ਆਂਰਡਰ ਬਣਾਕੇ ਇਸ ਹਵਾਈ ਅੱਡੇ ਦੀ ਸੁਰਿੱਖਆ ਬਾਰੇ ਏਅਰ ਫੋਰਸ ਦੇ ਕਮਾਂਡਰ ਦੇ ਵੀ ਦਸਖ਼ਤ ਹੋਏ ਸੀ ਜਿਸ ਦਾ ਮਤਲਬ ਹੈ ਕਿ ਮੇਰੇ ਇਸ ਕੰਮ ਤੋਂ ਦਸਖ਼ਤ ਕਰਨ ਤੋਂ ਪਹਿਲਾਂ ਇਹ ਅਫਸਰ ਪੂਰੀ ਤਰਾਂ ਸੰਤੁਸ਼ਟ ਸਨ। ਇਹ ਸਾਰੀ ਪੀ ਏ ਪੀ ਦੀ ਫੋਰਸ ਕਰੀਬ 1973 ਵਿੱਚ ਲਗਾਈ ਗਈ ਸੀ, ਜੇਕਰ ਉਸ ਵੇਲੇ ਤੋਂ ਹੁਣ ਤੱਕ ਦੇ ਨਵੇ ਪ੍ਰਬੰਧਾਂ ਉਤੇ ਏਅਰ ਫੋਰਸ ਦੇ ਸੀਨੀਅਰ ਅਫ਼ਸਰ ਖਬਰਦਾਰੀ ਤੇ ਚੌਕਸੀ ਵਰਤਦੇ ਤਾਂ ਮਤਲਬ ਹੀ ਨਹੀਂ ਸੀ ਕਿ ਇਥੇ ਘੁਸਪੈਠ ਹੋ ਜਾਂਦੀ। ਇਸ ਦੀ ਆਈ.ਬੀ (I.B) ਜਾਸੂਸੀ ਏਜੰਸੀ ਦੀ ਵੀ ਪੂਰੀ ਜਿਮੇਵਾਰੀ ਹੈ ਜੋ ਕਿ ਮੌਕੇ ਮੌਕੇ ਤੇ ਬਾਜ ਵਾਲੀ ਅੱਖ ਰੱਖਦੀ ਹੈ। ਉਸ ਏਜੰਸੀ ਦਾ ਵੀ ਇਸ ਮੌਕੇ ਇਸ ਦੀ ਹਿਫ਼ਾਜਤ ਰਖਣ ਵਿੱਚ ਅਸਫ਼ਲ ਹੋ ਜਾਣਾ ਬਹੁਤ ਵੱਡੀ ਕੁਤਾਹੀ ਮੰਨੀ ਜਾਣੀ ਚਾਹੀਦੀ ਹੈ।
ਹੁਣ ਜਿਵੇਂ-ਜਿਵੇਂ ਹਿੰਦੂਤਵਾ ਨਿਜ਼ਾਮ ਸਿੱਖ ਕੌਮ ਤੇ ਸ਼ੱਕ ਰੱਖਣ ਲੱਗ ਪਿਆ ਹੈ, ਇਸ ਨਾਲ ਸਕਿਉਰਟੀ ਤੇ ਫ਼ੌਜ ਦਾ ਗਰਾਫ਼ ਦਿਨੋ ਦਿਨ ਨੀਵਾਂ ਹੋ ਰਿਹਾ ਹੈ। ਜਦੋਂ ਕਦੇ ਪਾਕਿਸਤਾਨ ਅਤੇ ਚੀਨ ਦੀ ਫੌਜ ਭਾਰਤ ਦੇ ਜਵਾਨਾ ਦੇ ਆਹਮਣੇ ਸਾਹਮਣੇ ਹੁੰਦੀ ਹੈ,ਉਸ ਸਮੇ ਭਾਰਤ ਮਾਤਾ ਦੀ ਜੈ ਦੇ ਨਾਹਰੇ ਲਗਾਉਣ ਨਾਲ ਇਨ੍ਹਾਂ ਮੁਲਕਾਂ ਦੀ ਫ਼ੌਜ ਤੇ ਕੋਈ ਅਸਰ ਨਹੀ ਪੈਦਾਂ, ਤੇ ਜਦੋਂ ਬਾਰਡਰ ਲਾਇਨ ਤੇ ਸਿੱਖ ਬਟਾਲੀਅਨ ਇਹਨਾ ਦੇ ਆਹਮੋ ਸਾਹਮਣੇ ਆਂਉਦੀਆਂ ਹਨ ਤਾਂ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਦੀ ਗੂੰਜ ਦੇ ਨਾਲ ਇਹਨਾ ਦੇ ਹੌਂਸਲੇ ਪਸਤ ਹੋ ਜਾਦੇ ਹਨ। ਜਿਵੇਂ ਇਸ ਤੋਂ ਪਹਿਲਾ ਸਾਰਾਗੜੀ ਦਾ ਮੋਰਚਾ ਉਨ੍ਹਾਂ ਚਿਰ ਨਹੀਂ ਸੀ ਟੁਟਿਆਂ ਜਿਨਾ ਚਿਰ ਸਿੱਖ ਪਲਟਨ ਦ ਆਖਰੀ ਸਿੰਘ ਸ਼ਹੀਦ ਨਹੀ ਸੀ ਹੋਇਆ। ਇਸੇ ਤਰਾਂ ਜਦੋਂ 1965 ਚ ਪਾਕਿਸਤਾਨ ਦੇ ਪੈਟਨ ਟੈਂਕ ਖ਼ੇਮਕਰਨ ਤਕ ਪਹੁੰਚ ਚੁਕੇ ਸਨ ਤਾਂ ਮੋਗਾ ਜਿਲ੍ਹੇ ਦੇ ਪਿੰਡ ਬੱਧਨੀ ਵਿੱਚ ਪੈਦਾ ਹੋਏ ਮੇਜਰ ਜਰਨਲ ਗੁਰਬਖਸ਼ ਸਿੰਘ ਨੇ ਇਹ ਸਾਰੇ ਪੈਟਨ ਟੈਂਕ ਅਪਣੇ ਕਬਜੇ ਵਿੱਚ ਲੈ ਲਏ ਸਨ ਅਤੇ ਪਾਕਿਸਤਾਨ ਵਲੋਂ ਕੀਤੇ ਇਸ ਹਮਲੇ ਨੂੰ ਅਸਫ਼ਲ ਬਣਾ ਦਿੱਤਾ ਸੀ। ਇਸੇ ਜੰਗ ਦੇ ਵਿੱਚ ਜਦ ਭਾਰਤ ਦੇ ਫੌ਼ਜ ਦੇ ਵੱਡੇ ਜਰਨੈਲ ਜਰਨਲ ਚੌਧਰੀ ਨੇ ਆਪਣੀ ਫ਼ੌਜ ਨੂੰ ਹੁਕਮ ਦਿੱਤਾ ਕਿ ਫੌ਼ਜਾ ਬਿਆਸ ਦੇ ਖੱਬੇ ਕੰਢੇ ਤੇ ਆ ਜਾਣ ਅਮਿ੍ੰਤਸਰ ਤੇ ਗੁਰਦਾਸਪੁਰ ਦੇ ਜਿਲੇ ਫੌ਼ਜ ਤੋਂ ਬਗੈਰ ਛੱਡੇ ਜਾਣ ਤਾਂ ਫਿਰ ਵੈਂਸਟਰਨ ਕਮਾਂਡ ਦੇ ਬਹਾਦਰ ਸਿੱਖ ਲੈਫਟੀਲੈਂਟ ਜਰਨੈਲ ਹਰਬਖਸ਼ ਸਿੰਘ ਨੇ ਇਨ੍ਹਾਂ ਆਰਡਰਾਂ ਨੂੰ ਮੰਨਣ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਸਾਡੀ ਫੌ਼ਜ ਪੰਜਾਬ ਦੇ ਬਾਂਰਡਰ ਤੇ ਅਖੀਰਲੀ ਇੰਚ ਤੱਕ ਮੋਰਚੇ ਤੇ ਰਹਿੰਦਿਆਂ ਹੀ ਲੜੇਗੀ।
ਇਸੇ ਤਰ੍ਹਾਂ ਦੁਨੀਆਂ ਦੇ ਇਤਿਹਾਸ ਵਿੱਚ 1984 ਦਾ ਸਾਕਾ ਨੀਲਾ ਤਾਰਾ ਹੈ ਜਦੋਂ ਭਾਰਤ ਦੀ ਫੌ਼ਜ ਨੇ ਸੋਵੀਅਤ ਯੂਨੀਅਨ ਅਤੇ ਬਰਤਾਨੀਆਂ ਦੀਆਂ ਫੌ਼ਜਾਂ ਦਾ ਸਾਥ ਲੈਕੇ ਟੈਕਾਂ ਤੇ ਤੋਪਾਂ ਨਾਲ ਦਰਬਾਰ ਸਾਹਿਬ ਉੱਤੇ ਫੌ਼ਜੀ ਹਮਲਾ ਕੀਤਾ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਲਗਾਏ ਗਏ ਮੋਰਚੇ ਨੂੰ ਇਹ ਤਿਂਨੇ ਤਾਕਤਵਰ ਫ਼ੌਜਾਂ 72 ਘੰਟੇ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਦਾਖਲ ਨਹੀ ਸਨ ਹੋ ਸਕੀਆਂ ਜਿੰਨਾਂ ਚਿਰ ਸੰਤ ਜਰਨੈਲ ਸਿੰਘ ਨੇ 72 ਗੋਲੀਆਂ ਨਾਲ ਆਪਣਾ ਸੀਨਾ ਛਾਨਣੀ ਨਹੀ ਸੀ ਕਰਵਾਇਆ। ਸਿੱਖ ਕੌਮ ਦੀ ਆਜਾਦੀ ਲਈ ਅਖੀਰਲੇ ਦਮ ਤੱਕ ਲੜਦਿਆਂ ਇੰਨ੍ਹਾਂ ਜੁਝਾਰੂ ਜੋਧਿਆਂ ਨੇ ਕੌਮ ਦੀ ਅਣਖ਼ ਅਤੇ ਗੈਰਤ ਨੂੰ ਜਿੰਦਾ ਰੱਖਿਆ।
ਅਫ਼ਗਾਨਿਸਾਨ ਨੂੰ ਕਦੇ ਵੀ ਗੈਰ ਅਫ਼ਗਾਨੀ ਫੌ਼ਜਾਂ ਫ਼ਤਿਹ ਨਹੀਂ ਕਰ ਸਕੀਆਂ ਸਿਰਫ ਸਿੱਖ ਕੌਮ ਹੀ ਹੈ ਜਿਸ ਨੇ ਅਫ਼ਗਾਨਿਸਾਨ ਉਤੇ ਲੰਮਾ ਸਮਾਂ ਕਬਜਾ ਜਮਾ ਕੇ ਰਾਜ ਕੀਤਾ। ਬਰਤਾਨੀਆਂ ਅਤੇ ਰੂਸ ਨੇ ਵੀ ਬਹੁਤ ਯਤਨ ਕੀਤੇ ਜੋ ਸਫ਼ਲ ਨਹੀਂ ਹੋਏ ਅਮਰੀਕਾ ਅਤੇ ਨੈਟੋ ਤਾਕਤਾਂ ਨੇ ਵੀ ਜੋ਼ਰ ਅਜਮਾਇਆ ਜੋ ਕਾਮਯਾਬ ਨਹੀਂ ਹੋ ਸਕੇ। ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੀ ਹੱਦ ਸਿੱਖ ਰਾਜ ਸਮੇਂ ਨਿਸ਼ਚਿਤ ਹੋਈ ਹੱਦ ਅੱਜ ਵੀ ਕੈਮ ਹੈ, ਜੋ ਡਿਯੂਰੰਡ ਲਾਈਨ ਕਹਾਉਂਦੀ ਹੈ।
ਕਸ਼ਮੀਰ ਵੀ ਅਫ਼ਗਾਨਿਸਤਾਨ ਦਾ ਸੂਬਾ ਹੁੰਦਾ ਸੀ ਜਿਸ ਨੂੰ ਲਾਹੌਰ ਦਰਬਾਰ ਦੀਆਂ ਸਿੱਖ ਫੌ਼ਜਾਂ ਨੇ ਫ਼ਤਿਹ ਕੀਤਾ। 1947 ਵਿੱਚ ਇਸਲਾਮਿਕ ਪਾਕਿਸਤਾਨ ਅਤੇ ਹਿੰਦੂ ਭਾਰਤ ਹੋਂਦ ਵਿੱਚ ਆਏ ਉਸ ਤੋਂ ਬਾਅਦ ਇਹ ਦੋਨੋ ਕਸ਼ਮੀਰ ਨੂੰ ਸਬੂਤਾ ਨਹੀਂ ਰੱਖ ਸਕੇ ਅੱਜ ਕੁਝ ਹਿੱਸਾ ਭਾਰਤ ਦੇ ਕਬਜੇ ਹੇਠ, ਤੇ ਦੂਜਾ ਪਾਕਿਸਤਾਨ ਦੇ ਕਬਜੇ ਅਧੀਨ ਹੈ। ਸਿੱਖ ਕੌਮ ਨੇ ਇਥੇ ਬਿਨ੍ਹਾਂ ਕਿਸੇ ਮਿਲਟਰੀ ਤਾਕਤ ਤੋਂ ਰਾਜ ਕੀਤਾ ਹੋਇਆ ਹੈ।
ਹੁਣ ਜਿਹੜਾ ਭਾਰਤ ਮਾਣ ਕਰਦਾ ਹੈ ਕਿ ਉਸ ਕੋਲ ਪ੍ਰਮਾਣੂ ਹਥਿਆਰ ਹਨ ਪਰ ਇਹ ਅਮਰੀਕਾ, ਬਰਤਾਨੀਆਂ ਅਤੇ ਨੇਟੋ ਵਰਗੇ ਤਾਕਤਵਰ ਮੁਲਕਾ ਨੇ ਦੇਖ ਲਿਆ ਹੈ ਕਿ ਜਿਨ੍ਹਾਂ ਚਿਰ ਲੜਾਕੂ ਫੌ਼ਜ ਧਰਤੀ ਤੇ ਨਹੀਂ ਉਤਰਦੀ ਉਨਾਂ ਚਿਰ ਹਵਾਈ ਲੜਾਕੂ ਜਹਾਜ ਤੇ ਪ੍ਰਮਾਣੂ ਹਥਿਆਰਾਂ ਦੇ ਸਹਾਰੇ ਕਿਸੇ ਵੀ ਇਲਾਕੇ ਤੇ ਫ਼ਤਿਹ ਤੇ ਕਬਜਾ ਹਾਸਿਲ ਨਹੀ ਕੀਤੀ ਜਾ ਸਕਦੀ। ਇਰਾਨ,ਇਰਾਕ,ਸੀਰੀਆ,ਯਮਨ, ਅਫ਼ਗਾਨਿਸਤਾਨ ਤੋਂ ਸਪੱਸ਼ਟ ਹੋ ਚੁਕਾ ਹੈ ਕਿ ਲੜਾਕੂ ਇਨਫੈਨਟਰੀ ਫੌ਼ਜ ਦਾ ਮੈਦਾਨ ਵਿੱਚ ਉਤਰਨਾ ਅਤੇ ਇਲਾਕੇ ਨੂੰ ਕਬਜੇ ਵਿੱਚ ਰਖਣਾ ਬਹੁਤ ਜਰੂਰੀ ਹੈ। ਲਦਾਖ਼ ਇਲਾਕੇ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇ ਜਰਨਲ ਜੋਰਾਵਰ ਸਿੰਘ ਨੇ ਫ਼ਤਿਹ ਕੀਤਾ ਸੀ, ਪਰ ਅਫਸੋਸ ਹੈ ਕਿ ਭਾਰਤ ਨੇ 39000 ਸੁਕਾਇਰ ਕਿਲੋ ਮੀਟਰ ਆਕਸਾਈ ਚਿਨ (Aksai Chin) ਦੇ ਇਲਾਕੇ ਨੂੰ ਚੀਨ ਨੂੰ 1962 ਦੀ ਲੜਾਈ ਵਿੱਚ ਫ਼ਤਿਹ ਕਰਵਾ ਦਿੱਤਾ ਹੈ।
ਅਖੀਰ ਵਿੱਚ ਮੈਂ ਕਹਿਣਾ ਚਾਹੁੰਦਾ ਹਾਂ ਕਿ ਸਿੱਖ ਕੌਮ ਅਲਗ ਧਰਮ ਅਤੇ ਕੌਮ ਹੈ, ਸਿੱਖ ਹਮੇਸ਼ਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ, ਹੀ ਬੁਲਾ ਸਕਦਾ ਹੈਂ ਕਿਉਕਿ ਸਿੱਖ ਇੱਕ ਵਾਹਿਗੁਰੂ ਵਿੱਚ ਹੀ ਵਿਸ਼ਵਾਸ਼ ਰੱਖਦਾ ਹੈ, ਇਸ ਲਈ ਮੈਂ ਹੁਣ ਹਿੰਦੂਤਵ ਵੱਲੋਂ ਸਿੱਖ ਕੌਮ ਨੂੰ ਜ਼ਬਰੀ ਭਾਰਤ ਮਾਤਾ ਦੀ ਜੈ, ਜੈ ਸ਼੍ਰੀ ਰਾਮ, ਜੈ ਹਿੰਦ ਜਾਂ ਵੰਦੇ ਮਾਤਰਮ ਗਾਉਣ ਲਈ ਕੋਸਿ਼ਸ਼ਾ ਹੋ ਰਹੀ ਹਨ। ਇਹ ਸਿੱਖ ਕੌਮ ਨੂੰ ਮਨਜੂਰ ਨਹੀਂ ਹੈ। ਤਿਰੰਗੇ ਝੰਡੇ ਵਿੱਚ ਵੀ ਸਿੱਖ ਕੌਮ ਨੂੰ ਨੁਮੈਨਦਗੀ ਨਹੀ ਦਿੱਤੀ ਗਈ। ਇਸ ਵਿਚ ਹਿੰਦੂ, ਬੁੱਧ ਧਰਮ, ਜੈਨੀਆਂ ਤੇ ਮੁਸਲਮਾਨਾਂ ਨੂੰ ਆਪਣਾ-ਆਪਣਾ ਹਿੱਸਾ ਦਿੱਤਾ ਗਿਆ ਹੈ ਸਿੱਖਾਂ ਨੂੰ ਸਿਰਫ ਡੰਡਾ ਹੀ ਦਿੱਤਾ ਜਿਸ ਤੇ ਇਹ ਝੂਲਦਾ ਹੈ!