ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਆਪਣੇ ਜੀਵਨ ਮੈਂਬਰ ਪ੍ਰੋ. ਕ੍ਰਿਸ਼ਨ ਸਿੰਘ ਨੂੰ ਮਦਰ ਟਰੇਸਾ ਐਵਾਰਡ ਮਿਲਣ ’ਤੇ ਉਨ੍ਹਾਂ ਨੂੰ ਮੁਬਾਰਕਾਂ ਦਿੰਦਿਆਂ ਮਾਣ ਕੀਤਾ। ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਪ੍ਰੋ. ਕ੍ਰਿਸ਼ਨ ਸਿੰਘ ਦੀਆਂ ਵਿੱਦਿਅਕ ਪ੍ਰਾਪਤੀਆਂ ਅਤੇ ਸਾਹਿਤਕ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ’ਯਾਦਾਂ ਦੇ ਝਰੋਖੇ ’ਚੋਂ ਉ¤ਭਰਦੇ ਮਾਨਵੀ ਸਰੋਕਾਰ’, ‘ਗੁਰਮਤਿ ਦਰਸ਼ਨ ਦੇ ਮਾਨਵੀ ਸਰੋਕਾਰ’, ‘ਪਰਮਜੀਤ ਸੋਹਲ ਕਾਵਿ ਦਾ ਪਾਠਗਤ ਵਿਸ਼ਲੇਸ਼ਣ’, ‘ਪ੍ਰੋ. ਕੁਲਵੰਤ ਜਗਰਾਉਂ ਦੀ ਕਾਵਿ ਚੇਤਨਾ’, ‘ਸਾਹਿਤ ; ਸੰਵਾਦ ਤੇ ਸਰੋਕਾਰ’ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ।
ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਅਨੂਪ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ ਨੇ ਪ੍ਰੋ. ਕ੍ਰਿਸ਼ਨ ਸਿੰਘ ਦੀਆਂ ਵਿੱਦਿਅਕ ਖੇਤਰ ਵਿਚ, ਪ੍ਰਬੰਧ ਦੇ ਖੇਤਰ ਅਤੇ ਸਾਹਿਤਕ ਪ੍ਰਾਪਤੀਆਂ ਕਾਰਨ ਅੰਤਰਰਾਸ਼ਟਰੀ ਬਿਜ਼ਨੈਸ ਕਾਉਂਸਲ ਦੁਆਰਾ ਦਿੱਤੇ ਗਏ ਸਨਮਾਨ ਨੂੰ ਅਕਾਡਮੀ ਦਾ ਮਾਣ ਸਮਝਦਿਆਂ ਆਖਿਆ ਕਿ ਪ੍ਰੋ. ਕ੍ਰਿਸ਼ਨ ਸਿੰਘ ਇਕ ਮਿਹਨਤੀ, ਸੂਝਵਾਨ ਅਤੇ ਸੁਹਿਰਦ ਅਧਿਆਪਕ ਹਨ। ਜਿਨ੍ਹਾਂ ਨੂੰ ਇਹ ਸਨਮਾਨ ਦੇ ਕੇ ਉਪਰੋਕਤ ਕਾਉਂਸਲ ਨੇ ਇਕ ਸਹੀ ਸ਼ਖ਼ਸੀਅਤ ਦੀ ਚੋਣ ਕੀਤੀ ਹੈ।
ਪ੍ਰੋ. ਕ੍ਰਿਸ਼ਨ ਸਿੰਘ ਨੂੰ ਮੁਬਾਰਕਾਂ ਦੇਣ ਵਾਲਿਆਂ ਵਿਚ ਡਾ. ਸ. ਸ. ਜੌਹਲ, ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ, ਪ੍ਰੋ. ਨਰਿੰਜਨ ਤਸਨੀਮ, ਪ੍ਰਿੰ. ਪ੍ਰੇਮ ਸਿੰਘ ਬਜਾਜ, ਸੁਰਿੰਦਰ ਕੈਲੇ, ਤ੍ਰੈਲੋਚਨ ਲੋਚੀ, ਡਾ. ਗੁਰਚਰਨ ਕੌਰ ਕੋਚਰ, ਡਾ. ਗੁਲਜ਼ਾਰ ਸਿੰਘ ਪੰਧੇਰ, ਸੁਰਿੰਦਰ ਰਾਮਪੁਰੀ, ਜਨਮੇਜਾ ਸਿੰਘ ਜੌਹਲ ਸਮੇਤ ਸਥਾਨਕ ਲੇਖਕ ਸ਼ਾਮਲ ਸਨ।