ਨਵੀਂ ਦਿੱਲੀ : ਦਿੱਲੀ ਦੇ ਸਕੂਲਾਂ ’ਚ ਵਿਸਾਖੀ ਦੀ 13 ਅਪ੍ਰੈਲ ਦੀ ਪਹਿਲਾਂ ਤੋਂ ਤੈਅ ਛੁੱਟੀ ਨੂੰ ਖ਼ਤਮ ਕਰਨ ਦੇ ਅੱਜ ਦਿੱਲੀ ਸਰਕਾਰ ਵੱਲੋਂ ਦਿੱਤੇ ਗਏ ਆਦੇਸ਼ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਖੇਧੀ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ਵਿਖੇ ਪੱਤਰਕਾਰਾਂ ਨੂੰ ਕਮੇਟੀ ਦੇ ਸਕੂਲਾਂ ਵਿੱਚ ਨਵੇਂ ਵਿੱਦਿਅਕ ਸੈਸ਼ਨ ਵਿਚ ਲਾਗੂ ਕੀਤੇ ਗਏ ਇਤਿਹਾਸਿਕ ਵਿੱਦਿਅਕ ਸੁਧਾਰਾਂ ਦੀ ਜਾਣਕਾਰੀ ਦੇਣ ਲਈ ਬੁਲਾਈ ਗਈ ਪ੍ਰੈਸ ਕਾਨਫਰੰਸ ਵਿੱਚ ਖਾਲਸਾ ਸਾਜਣਾ ਦਿਹਾੜੇ ਦੇ ਸਬੰਧ ਵਿੱਚ ਸਾਲਾਂ ਤੋਂ ਪਾਬੰਦੀਸ਼ੁਦਾ ਛੁੱਟੀ ਦੀ ਲਿਸਟ ’ਚ ਦਿੱਤੀ ਜਾ ਰਹੀ ਛੁੱਟੀ ਦਿੱਲੀ ਸਰਕਾਰ ਵੱਲੋਂ ਖਤਮ ਕਰਨ ਦਾ ਖੁਲਾਸਾ ਕੀਤਾ। ਜੀ.ਕੇ. ਦੇ ਨਾਲ ਸਕੂਲੀ ਸਿੱਖਿਆ ਕਾਉਂਸਿਲ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ ਨੇ ਵੀ ਪੱਤਰਕਾਰਾਂ ਨੂੰ ਕਮੇਟੀ ਵੱਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿੱਦਿਅਕ ਕੈਲੰਡਰ ਵਿੱਚ ਕੀਤੇ ਗਏ ਬਦਲਾਵਾਂ ਦੀ ਜਾਣਕਾਰੀ ਦਿੱਤੀ।
ਜੀ.ਕੇ. ਨੇ ਦੱਸਿਆ ਕਿ ਪਹਿਲਾਂ ਕਮੇਟੀ ਸਕੂਲਾਂ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਹੀ ਛੁੱਟੀ ਹੁੰਦੀ ਸੀ ਪਰ ਹੁਣ ਦਸ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਪੁਰਬ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਵੀ ਛੁੱਟੀ ਰਹੇਗੀ। ਜੀ।ਕੇ। ਨੇ ਕਿਹਾ ਕਿ ਪਹਿਲਾਂ ਸ਼੍ਰੀ ਗੁਰੂ ਅਰਜੁਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਕੂਲਾਂ ਵਿੱਚ ਜੋ ਛੁੱਟੀ ਹੁੰਦੀ ਸੀ ਉਸ ਵਿਚ ਹੁਣ ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀ ਸ਼ਾਮਿਲ ਕਰ ਦਿੱਤਾ ਗਿਆ ਹੈ ।
ਇਹਨਾਂ ਛੁੱਟੀਆਂ ਨੂੰ ਵਧਾਉਣ ਨਾਲ ਜੀ.ਕੇ. ਨੇ ਕਿਸੇ ਵੀ ਹਾਲਾਤ ਵਿਚ ਬੱਚਿਆਂ ਦੀ ਪੜਾਈ ਪ੍ਰਭਾਵਿਤ ਨਾ ਹੋਣ ਦਾ ਦਾਅਵਾ ਕਰਦੇ ਹੋਏ ਸਕੂਲਾਂ ਵਿੱਚ ਇਹਨਾਂ ਉਪਰਾਲਿਆਂ ਸਦਕਾ ਬੱਚਿਆਂ ਦੇ ਧਰਮ ਅਤੇ ਸਭਿਆਚਾਰ ਨਾਲ ਬਿਹਤਰ ਤਰੀਕੇ ਨਾਲ ਜੁੜਨ ਦੀ ਵੀ ਗੱਲ ਕਹੀ। ਜੀ।ਕੇ। ਨੇ ਕਿਹਾ ਕਿ ਇੱਕ ਪਾਸੇ ਅਸੀ ਸਿੱਖ ਧਰਮ ਦਾ ਸਕੂਲਾਂ ਵਿੱਚ ਪ੍ਰਚਾਰ-ਪ੍ਰਸਾਰ ਲਈ ਵਿੱਦਿਅਕ ਕੈਲੰਡਰ ਵਿੱਚ ਬਦਲਾਵ ਕਰ ਰਹੇ ਹਾਂ ਉਥੇ ਹੀ ਦੂਜੇ ਪਾਸੇ ਸਿੱਖਾਂ ਦੀ ਹਮਦਰਦ ਹੋਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਸਰਕਾਰ ਸਿੱਖ ਭਾਵਨਾਵਾਂ ਨੂੰ ਕੁਚਲਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੀ।
ਜੀ.ਕੇ. ਨੇ ਕਮੇਟੀ ਦੇ ਸਾਰੇ ਸਕੂਲਾਂ ਦਾ ਬੈਂਕ ਖਾਤਾ ਇਸ ਵਿੱਦਿਅਕ ਸੈਸ਼ਨ ਤੋਂ ਸੈਟ੍ਰਲਾਇਜਡ ਕਰਨ ਦੀ ਜਾਣਕਾਰੀ ਦਿੰਦੇ ਹੋਏ ਇਸਦੇ ਫਾਇਦਿਆਂ ਨੂੰ ਵੀ ਗਿਣਾਇਆ। ਜੀ.ਕੇ. ਨੇ ਦੱਸਿਆ ਕਿ 12 ਸਕੂਲਾਂ ਦਾ ਇੱਕੋ ਖਾਤਾ ਹੋਣ ਨਾਲ ਜਿੱਥੇ ਫੀਸ ਦੇ ਰੂਪ ਵਿੱਚ ਸਕੂਲਾਂ ਨੂੰ ਪ੍ਰਾਪਤ ਹੋਣ ਵਾਲੀ ਆਮਦਨ ਇੱਕ ਥਾਂ ਤੇ ਜਮਾ ਹੋਵੇਗੀ ਉਥੇ ਹੀ ਅਧਿਆਪਕਾਂ ਅਤੇ ਬਾਕੀ ਸਟਾਫ ਨੂੰ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਤਣਖਾਹ ਜਾਰੀ ਕਰਨ ਵਿੱਚ ਵੀ ਪਰੇਸ਼ਾਨੀ ਨਹੀਂ ਹੋਵੇਗੀ । ਕੁੱਝ ਸਕੂਲਾਂ ਦੇ ਘਾਟੇ ਵਿੱਚ ਹੋਣ ਦੇ ਕਾਰਨ ਸਟਾਫ ਨੂੰ ਤਣਖਾਹ ਮਿਲਣ ਵਿੱਚ ਕਦੇ ਕਦਾਈ ਹੁੰਦੀ ਰਹੀ ਦੇਰੀ ਦਾ ਵੀ ਇੱਕ ਬੈਂਕ ਖਾਤਾ ਹੋਣ ਤੇ ਪੱਕਾ ਹੱਲ ਨਿਕਲਣ ਦਾ ਜੀ.ਕੇ. ਨੇ ਦਾਅਵਾ ਕੀਤਾ।
ਕਾਲਕਾ ਨੇ 28-29 ਅਪ੍ਰੈਲ ਨੂੰ ਕਮੇਟੀ ਵੱਲੋਂ ਸਿਖਿਆ ਦਾ ਲੰਗਰ ਲਗਾਉਂਦੇ ਹੋਏ ਵਿਦਿਆਰਥੀਆਂ ਨੂੰ ਕੈਰੀਅਰ ਚੁਣਨ ਦਾ ਮੌਕਾ ਉਪਲੱਬਧ ਕਰਵਾਉਣ ਲਈ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਕੈਰੀਅਰ ਗਾਈਡਨੇਸ ਕੈਂਪ ਲਗਾਉਣ ਦੀ ਜਾਣਕਾਰੀ ਦਿੰਦੇ ਹੋਏ ਇਸ ਕੈਂਪ ਵਿੱਚ ਲਗਭਗ 500 ਤੋਂ 700 ਯੂਨੀਵਰਸਿਟੀਆਂ, ਕਾਲਜਾਂ ਅਤੇ ਉੱਚ ਵਿੱਦਿਅਕ ਅਦਾਰਿਆਂ ਵੱਲੋਂ ਸਟਾਲ ਲਗਾਉਣ ਦੀ ਵੀ ਗੱਲ ਕਹੀ। ਕਾਲਕਾ ਨੇ ਪੁਰਾਣੇ ਪ੍ਰਬੰਧਕਾਂ ਦੀ ਗਲਤੀ ਦੇ ਕਾਰਨ ਵਾਧੂ ਸਟਾਫ਼ ਸਕੂਲਾਂ ਵਿਚ ਹੋਣ ਕਰਕੇ ਕਮੇਟੀ ਦੇ ਸਕੂਲਾਂ ਵਿਚ ਪੈਦਾ ਹੋਇਆ ਮਾਲੀ ਘਾਟਾ ਹੁਣ ਮੌਜੂਦ ਕਮੇਟੀ ਦੀ ਕੋਸ਼ਿਸ਼ਾਂ ਦੇ ਕਾਰਨ ਲਗਭਗ ਖਤਮ ਹੋਣ ਦਾ ਦਾਅਵਾ ਕਰਦੇ ਹੋਏ ਛੇਤੀ ਹੀ ਇਸ ਸਬੰਧ ਵਿਚ ਜਰੂਰੀ ਆਂਕੜੇ ਕਮੇਟੀ ਵੱਲੋਂ ਜਾਰੀ ਕਰਨ ਦੀ ਗੱਲ ਕਹੀ। ਕਾਲਕਾ ਨੇ ਦੱਸਿਆ ਕਿ ਸਕੂਲਾਂ ਵਿਚ ਇਸ ਸਾਲ ਈ-ਗਵਰਨੇਸ ਲਾਗੂ ਹੋਣ ਨਾਲ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਬੱਚਿਆਂ ਦੀ ਵਿੱਦਿਅਕ ਹਾਲਾਤਾਂ ਦੀ ਜਾਣਕਾਰੀ ਰੋਜਾਨਾ ਮਿਲੇਗੀ।
ਜੀ.ਕੇ. ਨੇ ਇੱਕ ਸਵਾਲ ਦੇ ਜਵਾਬ ਵਿਚ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਸਰਕਾਰ ਦੇ ਗ੍ਰਹਿ ਸਕੱਤਰ ਵੱਲੋਂ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਮਸਲੇ ਤੇ ਦਿੱਲੀ ਕਮੇਟੀ ਦੇ ਵਫ਼ਦ ਨੂੰ ਮਿਲਣ ਦਾ ਸਮਾਂ ਨਾ ਦੇਣ ਦਾ ਵੀ ਆਰੋਪ ਲਗਾਇਆ। ਜੀ.ਕੇ. ਨੇ ਕਮੇਟੀ ਦੇ ਚਾਰੇ ਕਾਲਜਾਂ ਵਿਚ ਇਸ ਵਾਰ ਦੇ ਦਾਖਿਲੇ ਵਿਚ ਸਿੱਖ ਵਿਦਿਆਰਥੀਆਂ ਦੇ ਲਈ 50 ਫੀਸਦੀ ਸੀਟਾਂ ਰਾਖਵੀਆਂ ਰੱਖਣ ਦੀ ਵੀ ਜਾਣਕਾਰੀ ਦਿੱਤੀ। ਇਸ ਮੌਕੇ ਤੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਸੀਨੀਅਰ ਆਗੂ ਓਂਕਾਰ ਸਿੰਘ ਥਾਪਰ, ਕਮੇਟੀ ਮੈਂਬਰ ਕੁਲਮੋਹਨ ਸਿੰਘ, ਰਵਿੰਦਰ ਸਿੰਘ ਖੁਰਾਨਾ, ਤਨਵੰਤ ਸਿੰਘ, ਗੁਰਬਚਨ ਸਿੰਘ ਚੀਮਾ, ਗੁਰਮੀਤ ਸਿੰਘ ਲੁਬਾਣਾ, ਦਰਸ਼ਨ ਸਿੰਘ, ਕੁਲਦੀਪ ਸਿੰਘ ਸਾਹਨੀ, ਹਰਦੇਵ ਸਿੰਘ ਧਨੋਆ, ਅਕਾਲੀ ਆਗੂ ਵਿਕਰਮ ਸਿੰਘ, ਪੁਨੀਤ ਸਿੰਘ ਅਤੇ ਬੁਲਾਰਾ ਪਰਮਿੰਦਰ ਪਾਲ ਸਿੰਘ ਮੌਜੂਦ ਸਨ।