ਨਿਊਯਾਰਕ – ਚੀਨ ਵੱਲੋਂ ਸੰਯੁਕਤ ਰਾਸ਼ਟਰ ਸੰਘ ਵਿੱਚ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਤੇ ਬੈਨ ਲਗਾਉਣ ਦੇ ਪ੍ਰਸਤਾਵ ਤੇ ਵੀਟੋ ਕੀਤੇ ਜਾਣ ਦੀ ਭਾਰਤ ਨੇ ਸਖਤ ਆਲੋਚਨਾ ਕੀਤੀ ਹੈ। ਸੁਰੱਖਿਆ ਪ੍ਰੀਸ਼ਦ ਵਿੱਚ ਚੀਨ ਨੇ ਆਪਣੀ ਸਫਾਈ ਪੇਸ਼ ਕਰਦੇ ਹੋਏ ਕਿਹਾ ਸੀ ਕਿ ਮਸੂਦ ਅਜ਼ਹਰ ਦਾ ਮਾਮਲਾ ਸੁਰੱਖਿਆ ਪ੍ਰੀਸ਼ਦ ਦੇ ਦਾਇਰੇ ਵਿੱਚ ਨਹੀਂ ਆਉਂਦਾ।
ਯੂਐਨ ਦੀ ਕਮੇਟੀ ਵਿੱਚ ਪਿੱਛਲੇ ਮਹੀਨੇ ਅਜ਼ਹਰ ਮਸੂਦ ਨੂੰ ਬੈਨ ਕੀਤੇ ਜਾਣ ਸਬੰਧੀ ਹੋਈ ਵੋਟਿੰਗ ਦੌਰਾਨ 15 ਵਿੱਚੋਂ 14 ਮੈਂਬਰਾਂ ਨੇ ਇਸ ਦੇ ਹੱਕ ਵਿੱਚ ਵੋਟ ਦਿੱਤੇ ਸਨ ਪਰ ਚੀਨ ਨੇ ਇਸ ਦੇ ਵਿਰੋਧ ਵਿੱਚ ਵੀਟੋ ਕੀਤਾ ਸੀ। ਚੀਨ ਦੇ ਡਿਪਟੀ ਅਮੈਂਬਸਡਰ ਜਿਨਸਾਂਗ ਨੇ ਕਿਹਾ, ‘ਯੂਐਨ ਦੁਆਰਾ ਕਿਸੇ ਵਿਅਕਤੀ ਨੂੰ ਟੈਰਿਸਟ ਕਰਾਰ ਦਿੱਤਾ ਜਾਣਾ ਬਹੁਤ ਹੀ ਸੀਰੀਅਸ ਮਾਮਲਾ ਹੈ।’ ਚੀਨ ਨੇ ਇਹ ਵੀ ਕਿਹਾ, ‘ ਕੌਣ ਸਹੀ ਹੈ, ਕੌਣ ਗਲਤ, ਇਸ ਮੁੱਦੇ ਤੇ ਸਾਡਾ ਦੇਸ਼ ਜੱਜ ਨਹੀਂ ਹੋ ਸਕਦਾ।’
ਭਾਰਤ ਦੇ ਸਥਾਈ ਪ੍ਰਤੀਨਿਧੀ ਅਕਬਰੁਦੀਨ ਨੇ ਚੀਨ ਦੇ ਗੁਪਤ ਵੀਟੋ ਤੇ ਕਈ ਦਿਨਾਂ ਬਾਅਦ ਹੋਈ ਖੁਲ੍ਹੀ ਬਹਿਸ ਦੌਰਾਨ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੂੰ ਅੱਤਵਾਦੀਆਂ ਦੇ ਖਿਲਾਫ਼ ਬੰਧਸ਼ਾਂ ਨੂੰ ਰੋਕਣ ਦਾ ਕੋਈ ਕਾਰਣ ਨਹੀਂ ਦੱਸਿਆ ਗਿਆ। 15 ਮੈਂਬਰੀ ਕਮੇਟੀ ਦੇ ਹਰੇਕ ਮੈਂਬਰ ਕੋਲ ਵੀਟੋ ਦਾ ਅਧਿਕਾਰ ਹੈ। ਇਨ੍ਹਾਂ ਮੈਂਬਰਾਂ ਨੂੰ ਛੱਡ ਕੇ ਕਿਸੇ ਨੂੰ ਵੀ ਇਹ ਨਹੀਂ ਦੱਸਿਆ ਗਿਆ ਕਿ ਇਸ ਵੀਟੋ ਲਿਆਉਣ ਦਾ ਆਧਾਰ ਕੀ ਹੈ। ਇਹ ਵੀ ਕਿਹਾ ਗਿਆ ਕਿ ਅੱਤਵਾਦ ਤਾਂ ਅੱਤਵਾਦ ਹੀ ਹੈ, ਇਹ ਮਤਲੱਬ ਨਹੀਂ ਹੈ ਕਿ ਉਹ ਕਿਸੇ ਸੰਗਠਨ ਦੁਆਰਾ ਕੀਤਾ ਜਾ ਰਿਹਾ ਹੈ ਜਾਂ ਕੋਈ ਵਿਅਕਤੀ ਅੱਤਵਾਦ ਦੀਆਂ ਹਰਕਤਾਂ ਨੂੰ ਅੰਜਾਮ ਦੇ ਰਿਹਾ ਹੈ।