ਤਲਵੰਡੀ ਸਾਬੋ – ਲੋਕਾਂ ਵਿਚ ਕਿਤਾਬਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ, ਲੇਖਕਾਂ ਅਤੇ ਪਾਠਕਾਂ ਵਿਚਕਾਰ ਸਾਂਝ ਵਧਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਵਿਹੜੇ ਵਿਚ ਦੋ ਰੋਜ਼ਾ ਪੁਸਤਕ ਮੇਲੇ ਦਾ ਆਯੋਜਨ ਕੀਤਾ ਗਿਆ । ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਸ੍ਰ. ਸੁਖਰਾਜ ਸਿੰਘ ਸਿੱਧੂ ਅਤੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਪੁਸਤਕ ਮੇਲੇ ਦਾ ਆਗਾਜ਼ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਪਰੋ-ਵਾਈਸ ਚਾਂਸਲਰ ਡਾ. ਜਗਪਾਲ ਸਿੰਘ, ਡਿਪਟੀ ਰਜਿਸਟਰਾਰ ਡਾ. ਅਮਿਤ ਟੁਟੇਜਾ, ਡੀਨ ਅਕਾਦਮਿਕਸ ਡਾ. ਭੁਪਿੰਦਰ ਸਿੰਘ ਧਾਲੀਵਾਲ, ਡਾਇਰੈਕਟਰ ਫਾਇਨਾਂਸ ਡਾ. ਨਰਿੰਦਰ ਸਿੰਘ, ਐਜੂਕੇਸ਼ਨ ਕਾਲਜ ਦੇ ਡੀਨ ਡਾ. ਅਰੁਣ ਕੁਮਾਰ ਕਾਂਸਲ, ਲੋਕ ਸੰਪਰਕ ਅਧਿਕਾਰੀ ਪ੍ਰੋ. ਸੁੱਖਦਵਿੰਦਰ ਸਿੰਘ ਕੌੜਾ, ਪ੍ਰਿੰਸੀਪਲ ਪੌਲੀਟੈਕਨਿਕ ਕਾਲਜ ਪ੍ਰੋ. ਮਹਿਬੂਬ ਸਿੰਘ ਗਿੱਲ, ਇੰਜੀਨੀਅਰਿੰਗ ਕਾਲਜ ਦੇ ਡੀਨ ਡਾ. ਗੁਰਭਿੰਦਰ ਸਿੰਘ ਬਰਾੜ, ਪ੍ਰਬੰਧਕੀ ਅਧਿਕਾਰੀ ਗੁਰਦੇਵ ਸਿੰਘ ਕੋਟਫੱਤਾ ਆਦਿ ਸ਼ਾਮਿਲ ਸਨ। ਮੇਲੇ ਵਿੱਚ ਵੱਡੀ ਗਿਣਤੀ ਵਿਚ ਵਿਦਿਆਰਥੀ ਤੇ ਸਟਾਫ਼ ਮੈਂਬਰ ਸ਼ਾਮਿਲ ਹੋਏ ਜਦਕਿ ਮੇਲੇ ਦਾ ਪ੍ਰਬੰਧ ਡਿਪਾਰਟਮੈਂਟ ਆੱਫ਼ ਲਾਇਬ੍ਰੇਰੀ ਸਾਇੰਸਜ਼ ਵੱਲੋਂ ਕੀਤਾ ਗਿਆ, ਜਿਸ ਦੌਰਾਨ ਮੈਡਮ ਸੁਖਵਿੰਦਰ ਕੌਰ, ਮੈਡਮ ਕਿਰਨਾ ਕੁਮਾਰੀ, ਮੈਡਮ ਨੀਲਕਮਲਾ, ਗੁਰਲਾਲ ਸਿੰਘ ਆਦਿ ਸਟਾਫ ਮੈਂਬਰਾਂ ਨੇ ਸ਼ਲਾਘਾਯੋਗ ਕਾਰਗੁਜ਼ਾਰੀ ਨਿਭਾਈ।
ਇਸ ਪੁਸਤਕ ਮੇਲੇ ਵਿੱਚ ਵੱਖ-ਵੱਖ ਪਬਲਿਸ਼ਰਾਂ ਗਰੇਸੀਅਸ, ਸੰਗਮ, ਨਵਰੰਗ ਅਤੇ ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ ਆਦਿ ਨੇ ਪੁਸਤਕਾਂ ਦੀਆਂ ਸਟਾਲਾਂ ਲਗਾਈਆਂ ਜਿਨ੍ਹਾਂ ਵਿਚ ਕਾਰਲ ਮਾਰਕਸ, ਵੀ.ਏ. ਲੈਨਿਨ, ਫੀਲਡ ਕਾਸਟਰੋ, ਚੀ ਗਵੇਰਾ, ਸ਼ਹੀਦ ਭਗਤ ਸਿੰਘ, ਪੰਜਾਬੀ ਦੇ ਸਾਰੇ ਹੀ ਨਾਮਵਰ ਲੇਖਕਾਂ ਦੀਆਂ ਰਸ਼ੀਅਨ ਅਤੇ ਹੋਰ ਕੌਮਾਂਤਰੀ ਪੱਧਰ ਦਾ ਅਨੁਵਾਦ ਸਾਹਿਤ, ਸਿੱਖ ਫਲਸਫਾ, ਇਸਲਾਮਿਕ ਫਲਸਫ਼ੇ ਤੋਂ ਇਲਾਵਾ ਰਾਜਨੀਤਕ, ਆਰਥਿਕ ਵਿਗਿਆਨ ਦੇ ਨਾਲ ਨਾਲ ਸਾਹਿਤ, ਸੱਭਿਆਚਾਰਕ, ਗੀਤ, ਗਜ਼ਲਾਂ, ਕਵਿਤਾਵਾਂ ਨਾਟਕਾਂ ਖੇਤੀਬਾੜੀ ਸਰੀਰਕ ਸਿੱਖਿਆ, ਰਸੋਈ ਸਿੱਖਿਆ, ਦਾਲਾਂ, ਸਬਜ਼ੀਆਂ, ਫਲਾਂ, ਦੇਸੀ ਦਵਾਈਆਂ ਬਨਾਉਣ ਦੀਆਂ ਕਿਤਾਬਾਂ, ਯੋਗਾ, ਫ਼ੈਸ਼ਨ ਨਾਲ ਸਬੰਧਿਤ ਰਸਾਲੇ ਤੇ ਕਿਤਾਬਾਂ ਖਿੱਚ ਦਾ ਕੇਂਦਰ ਰਹੀਆਂ। ਮੇਲੇ ਦੇ ਆਯੋਜਕ ਲਾਇਬ੍ਰੇਰੀਅਨ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਪੁਸਤਕ ਮੇਲੇ ਦੀ ਸਿਫਤ ਇਹ ਹੈ ਸਭ ਕੌਮੀ, ਅੰਤਰ ਰਾਸ਼ਟਰੀ ਪ੍ਰਸਿੱਧ ਲੇਖਕਾਂ ਦੀਆਂ ਪੁਸਤਕਾਂ ਇੱਕੋ ਛੱਤ ਹੇਠ ਮਿਲ ਰਹੀਆਂ ਹਨ।
ਵਿਦਿਆਰਥੀਆਂ ਲਈ ਏਨੀਆਂ ਕਿਤਾਬਾਂ ਨੂੰ ਇਕੋ ਥਾਂ ‘ਤੇ ਦੇਖਣ ਦਾ ਇਹ ਮੌਕਾ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਦੂਜੀ ਵਾਰ ਪ੍ਰਦਾਨ ਕੀਤਾ।ਆਪਣੇ ਗਿਆਨ ਵਿਚ ਵਾਧਾ ਕਰਨ ਲਈ ਵਿਦਿਆਰਥੀਆਂ ਅਤੇ ਅਧਿਆਪਕ ਪਾਠਕਾਂ ਨੇ ਦਿਲ ਖੋਲ੍ਹ ਕੇ ਇਹਨਾਂ ਕਿਤਾਬਾਂ ਨੂੰ ਦੇਖਿਆ ਤੇ ਲੋੜ ਮੁਤਾਬਿਕ ਖਰੀਦਿਆ । ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਪੁਸਤਕ ਮੇਲੇ ਦਾ ਅਨੰਦ ਮਾਣਿਆ।ਮੈਨੇਜਿੰਗ ਡਾਇਰੈਕਟਰ ਸ੍ਰ. ਸੁਖਰਾਜ ਸਿੰਘ ਸਿੱਧੂ ਨੇ ‘ਕਿਤਾਬਾਂ ਦੀ ਜ਼ਿੰਦਗੀ ਵਿਚ ਅਹਿਮੀਅਤ’ ਨੂੰ ਦਰਸਾਉਂਦਿਆਂ ਨਿੱਗਰ ਸਭਿਆਚਾਰ ਸਿਰਜਣ ਦਾ ਸੱਦਾ ਦੇਂਦਿਆਂ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਅਤੇ ਗਿਆਨ ਸਹਾਰੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ ।
ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਆਪਣੇ ਵਿਦਿਆਰਥੀ ਜੀਵਨ ਵਿਚੋਂ ਉਦਾਹਰਣਾਂ ਦੇ ਕੇ ਨੌਜਵਾਨਾਂ ਨੂੰ ਕਿਤਾਬਾਂ ਨਾਲ ਜੁੜਨ ਤੇ ਇਹਨਾਂ ਰਾਹੀਂ ਬਿਹਤਰ ਰਾਹ ਤਲਾਸ਼ਣ ਲਈ ਪ੍ਰੇਰਨਾਮਈ ਸ਼ਬਦ ਕਹੇ।