ਫਤਿਹਗੜ੍ਹ ਸਾਹਿਬ – ” ਜਿਹੜੀ 2011 ਦੀ ਐਸ.ਜੀ.ਪੀ.ਸੀ. ਦੀ ਹੋਈ ਚੋਣ ਨੂੰ ਸੁਪਰੀਮ ਕੋਰਟ ਨੇ ਕਾਨੂੰਨੀ ਮਾਨਤਾ ਹੀ ਨਹੀਂ ਦਿੱਤੀ ਅਤੇ ਜਿਸ ਕੋਲ ਕੋਈ ਕਾਨੂੰਨੀ ਅਧਿਕਾਰ ਹੀ ਨਹੀਂ ਉਸ ਵਲੋਂ ਜਾਂ ਉਸਦੇ ਅਖੌਤੀ ਪ੍ਰਧਾਨ ਜਾਂ ਬਣਾਏ ਗਏ ਸਰਕਾਰੀ ਜੱਥੇਦਾਰਾਂ ਨੂੰ ਕੀ ਹੱਕ ਹੈ ਕਿ ਉਹ ਕੌਮ ਦੇ ਬਿਨ੍ਹਾਂ ਤੇ ਸਰਬੱਤ ਖਾਲਸਾ ਸੱਦ ਸਕਣ ਜਾਂ 10 ਨਵੰਬਰ 2015 ਨੂੰ 7 ਲੱਖ ਦੇ ਸਿੱਖਾਂ ਦੇ ਇੱਕਠ ਵਲੋਂ ਬਣਾਏ ਗਏ ਤਖ਼ਤਾਂ ਦੇ ਜੱਥੇਦਾਰ ਸਾਹਿਬਾਨ ਦੇ ਅਧਿਕਾਰਾਂ ਅਤੇ ਹੱਕਾਂ ਨੂੰ ਚੁਣੌਤੀ ਦੇ ਸਕਣ । ਪਹਿਲਾਂ ਵੀ ਕੌਮੀ ਤਾਕਤ ਦੇ ਜਰੀਏ 10 ਨਵਬੰਰ 2015 ਨੂੰ ਹੋਏ ਸਰਬੱਤ ਖਾਲਸਾ ਨੂੰ ਅਸਫਲ ਬਨਾਉਣ ਲਈ ਸ੍ਰ. ਬਾਦਲ, ਸ੍ਰੀ ਅਤੇ ਸਿਵਲ ਅਤੇ ਪੁਲਿਸ ਅਫਸਰਸ਼ਾਹੀ ਨੇ ਹਰ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਢੰਗਾਂ ਦੀ ਵਰਤੋਂ ਕਰਦੇ ਹੋਏ ਟਿੱਲ ਦਾ ਜੋਰ ਲਗਾਇਆ ਸੀ ਅਤੇ ਮੀਡੀਆ ਵਿੱਚ ਉਪਰੋਕਤ ਸਰਬੱਤ ਖਾਲਸਾ ਸਬੰਧੀ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਗਈਆਂ ਸਨ ।ਪਰ ਇਸਦੇ ਬਾਵਜੂਦ ਵੀ 7 ਲੱਖ ਪੰਥ ਦਰਦੀਆਂ ਨੇ ਉਸ ਸਰਬੱਤ ਖਾਲਸਾ ਵਿੱਚ ਸ਼ਮੂਲੀਅਤ ਕਰਕੇ 13 ਕੌਮੀ ਫੈਸਲੇ ਕੀਤੇ, ਜਿਨਾਂ ਵਿੱਚ ਤਖ਼ਤਾਂ ਦੇ ਜੱਥੇਦਾਰ ਸਾਹਿਬਾਨਾਂ ਦੀਆਂ ਨਿਯੁਕਤੀਆਂ ਵੀ ਮੁੱਖ ਸਨ । ਹੁਣ ਸਿੱਖ ਕੌਮ ਵਲੋਂ ਸਰਬੱਤ ਖਾਲਸਾ ਰਾਹੀ ਚੁਣੇ ਗਏ ਜੱਥੇਦਾਰ ਸਾਹਿਬਾਨਾਂ ਨੂੰ , ਨਾ ਮੋਦੀ ਹਕੂਮਤ, ਨਾ ਆਰ.ਐਸ.ਐਸ., ਨਾ ਬਾਦਲ ਦਲ ਜਾਂ ਬਾਦਲ ਬੀ.ਜੇ.ਪੀ. ਸਰਕਾਰ ਦੇ ਲਿਫਾਫਿਆਂ ਵਿਚੋਂ ਨਿੱਕਲੇ ਮੱਕੜ ਵਰਗੇ ਪ੍ਰਧਾਨ ਕਿਸੇ ਤਰ੍ਹਾਂ ਦੀ ਕੋਈ ਚੁਣੌਤੀ ਦੇਣ ਦਾ ਹੱਕ ਰੱਖਦੇ ਹਨ ।10 ਨਵੰਬਰ 2015 ਵਾਲੇ ਹੋਏ ਸਰਬੱਤ ਖਾਲਸਾ ਨੇ ਵੀ ਆਪਣੇ ਕੌਮੀ ਟੀਚੇ ਨੂੰ ਪ੍ਰਾਪਤ ਕੀਤਾ ਅਤੇ 10 ਨਵੰਬਰ 2016 ਨੂੰ ਹੋਣ ਜਾ ਰਿਹਾ ਸਰਬੱਤ ਖਾਲਸਾ ਵੀ ਕੌਮ ਦੀ ਸਹੀ ਦਿਸ਼ਾ ਵੱਲ ਦ੍ਰਿੜਤਾ ਨਾਲ ਅਗਵਾਈ ਕਰੇਗਾ । ਬਾਦਲ ਹਕੂਮਤ ਜਾਂ ਮੱਕੜ ਵਰਗੇ ਪੰਥ ਦੋਖੀ ਕੌਮੀ ਫੈਸਲਿਆਂ ਵਿੱਚ ਨਾ ਪਹਿਲੇ ਰੁਕਾਵਟ ਪਾ ਸਕੇ ਹਨ ਅਤੇ ਨਾਂ ਹੀ ਆਉਣ ਵਾਲੇ ਸਮੇਂ ਵਿੱਚ ਅਜਿਹਾ ਕਰ ਸਕਣਗੇ” ।
ਇਹ ਵਿਚਾਰ ਸ੍ਰ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼ੋ੍ਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਰ.ਐਸ.ਐਸ. ਅਤੇ ਬੀ.ਜੇ.ਪੀ. ਵਰਗੀ ਫਿਰਕੂ ਜਮਾਤਾਂ ਦੇ ਪਿੱਠੂ ਬਣੇ ਸ੍ਰ.ਬਾਦਲ ਅਤੇ ਸ੍ਰੀ ਮੱਕੜ ਵਰਗੇ “ਮਹੰਤ ਨਰਇਣੂ” ਦੀ ਸਿੱਖ ਕੌਮ ਵਿਰੋਧੀ ਭੂਮਿਕਾ ਨਿਭਾਉਣ ਵਾਲਿਆਂ ਨੂੰ ਸਿੱਖ ਕੌਮ ਦੇ ਬੀਤੇ ਇਤਿਹਾਸ ਦੇ ਕੌਮੀ ਦੁਸ਼ਮਨਾਂ ਦੇ ਹੋਏ ਹਸ਼ਰ ਦਾ ਚੇਤਾ ਕਰਾਉਂਦੇ ਹੋਏ ਪੰਥ ਦੋਖੀ ਕਾਰਵਾਈਆਂ ਤੋਂ ਤੌਬਾ ਕਰਨ ਅਤੇ ਖੁਦ ਹੀ ਸਿੱਖ ਕੌਮ ਦੀਆਂ ਭਾਵਨਾਵਾਂ ਅੱਗੇ ਸਿਰ ਝੁਕਾਉਣ ਦੀ ਨੇਕ ਰਾਇ ਦਿੰਦੇ ਹੋਏ ਪ੍ਰਗਟ ਕੀਤੇ । ਉਨਾਂ ਕਿਹਾ ਕਿ ਬੀ.ਜੇ.ਪੀ., ਆਰ.ਐਸ.ਐਸ., ਬਾਦਲ ਹਕੂਮਤ ਅਤੇ ਮੱਕੜ ਵਰਗੇ ਪੰਥ ਦੋਖੀ ਸਿੱਖ ਧਰਮ ਨੂੰ ਮੁਸਲਿਮ ਅਤੇ ਹਿੰਦੂ ਕੌਮ ਤੋਂ ਨੀਚਾ ਦਿਖਾਉਣ ਦੇ ਜੋ ਅਮਲ ਕਰਦੇ ਆ ਰਹੇ ਹਨ, ਉਸਨੂੰ ਸਿੱਖ ਕੌਮ ਨੇ ਨਾਂ ਤਾਂ ਪਹਿਲਾਂ ਕਦੇ ਪ੍ਰਵਾਨ ਕੀਤਾ ਹੈ ਅਤੇ ਨਾਂ ਹੀ ਹੁਣ ਕੌਮ ਅਜਿਹਾ ਬਰਦਾਸ਼ਤ ਕਰੇਗੀ । ਮਹੰਤ ਨਰਇਣੂ ਨਾ ਬੀਤੇ ਸਮੇਂ ਵਿੱਚ ਆਪਣੇ ਮੰਦਭਾਵਨਾ ਭਰੀ ਸੋਚ ਵਿੱਚ ਕਾਮਯਾਬ ਹੋਇਆ ਹੈ ਅਤੇ ਨਾ ਮੌਜੂਦਾ ਮਹੰਤ ਨਰਾਇਣੂ (ਮੱਕੜ) ਆਪਣੇ ਇਸ ਕੌਮ ਵਿਰੋਧੀ ਇਰਾਦੇ ਵਿੱਚ ਕਾਮਯਾਬ ਹੋ ਸਕੇਗਾ । ਨਵੰਬਰ 2016 ਦਾ ਸਰਬੱਤ ਖਾਲਸਾ ਹਰ ਕੀਮਤ ਤੇ ਹੋ ਕੇ ਰਹੇਗਾ ਅਤੇ ਕੌਮ ਸਰਬੱਤ ਖਾਲਸਾ ਦੇ ਫੈਸਲਿਆਂ ਨੂੰ ਲਾਗੂ ਕਰਨ ਵਿੱਚ ਮੋਹਰੀ ਹੋ ਕੇ ਭੂਮਿਕਾ ਨਿਭਾਏਗੀ । ਉਹਨਾਂ ਸਰਕਾਰੀ ਜੱਥੇਦਾਰਾਂ , ਐਸ.ਜੀ.ਪੀ.ਸੀ. ਦੇ ਮੌਜੂਦਾ ਪ੍ਰਧਾਨ ਮੱਕੜ ਨੂੰ ਖਬਰਦਾਰ ਕਰਦੇ ਹੋਏ ਕਿਹਾ ਕਿ ਉਹ ਆਪਣੀ ਸਰਕਾਰੀ ਪ੍ਰਸਤੀ ਵਾਲੀ ਐਸ.ਜੀ.ਪੀ.ਸੀ. ਦੀ ਪ੍ਰਧਾਨਗੀ ਦੀ ਮਿਆਦ ਨੂੰ ਗੈਰ ਕਾਨੂੰਨੀ ਤਰੀਕੇ ਵਧਾਉਣ ਹਿੱਤ ਗੁਰੂ ਸਾਹਿਬਾਨ ਵਲੋਂ ਸੰਤਾਂ ਨੂੰ ਬਖਸ਼ੀ ਹੋਈ “21 ਵਿਸਵੇ” ਦੇ ਵੱਡੇ ਰੁਤਬੇ ਨੂੰ ਅਪਮਾਨਿਤ ਕਰਨ ਦੀ ਕੋਸ਼ਿਸ਼ ਨਾ ਕਰਨ ਤਾਂ ਬਿਹਤਰ ਹੋਵੇਗਾ । ਵਰਨਾ ਖਾਲਸਾ ਪੰਥ ਸੰਗਤ ਅਤੇ ਕੌਮੀ ਰੂਪ ਦੀ ਆਵਾਜ਼ ਦੀ ਫਤਿਹ ਹੋਣ ਤੋਂ ਨਾਂ ਤਾਂ ਬੀਤੇ ਸਮੇਂ ਦੇ ਕੌਮ ਵਿਰੋਧੀ ਚੰਗੇਜ਼ ਖਾਂ, ਅਹਿਮਦ ਸ਼ਾਹ ਅਬਦਾਲੀ, ਮੱਸਰ ਰੰਘੜ, ਮੀਰ ਮੰਨੂ ਆਦਿ ਜਾਬਰ ਰੋਕ ਸਕੇ ਹਨ ਅਤੇ ਨਾਂ ਹੀ ਹੁਣ ਤੁਹਾਡੇ ਵਰਗੇ ਮਹੰਤ ਨਰਇਣੂ(ਮੱਕੜ) ਕੌਮ ਨੂੰ ਸਰਬੱਤ ਖਾਲਸਾ ਕਰਨ ਤੋਂ ਰੋਕ ਸਕਣਗੇ ਅਤੇ ਸਿੱਖ ਕੌਮ ਆਪਣੇ ਸਿਆਸੀ ਮੰਜ਼ਿਲ ਦੀ ਪ੍ਰਾਪਤੀ ਕਰਦੀ ਹੋਈ ਹਰ ਕੀਮਤ ਤੇ ਆਪਣੇ ਧਾਰਮਿਕ ਮਿਸ਼ਨ ਦੀ ਵੀ ਪ੍ਰਾਪਤੀ ਕਰਕੇ ਰਹੇਗੀ।