ਨਵੀਂ ਦਿੱਲੀ : ਮਾਨਸਿਕ ਰੂਪ ਵਿੱਚ ਕਮਜ਼ੋਰ ਬੱਚਿਆਂ ਦੀ ਦੇਖਭਾਲ ਕਰਨਾ ਕੋਈ ਸਹਿਜ ਕੰਮ ਨਹੀਂ, ਫਿਰ ਵੀ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦੇ ਪ੍ਰਬੰਧ-ਅਧੀਨ ਚਲ ਰਹੇ ਗੁਰੂ ਨਾਨਕ ਪਬਲਿਕ ਸਕੂਲ ਵਿੱਚ ਇੱਕ ਅਜਿਹੇ ਸੈੱਲ ਦੀ ਸਥਾਪਨਾ ਕੀਤੀ ਗਈ ਹੋਈ ਹੈ, ਜਿਸ ਵਿੱਚ ਅਜਿਹੇ, ਮਾਨਸਿਕ ਰੂਪ ਵਿੱਚ ਕਮਜ਼ੋਰ ਬੱਚਿਆਂ ਦੀ ਨਾ ਕੇਵਲ ਸੁਚਜੀ ਦੇਖਭਾਲ ਹੀ ਕੀਤੀ ਜਾਂਦੀ ਹੈ, ਸਗੋਂ ਉਨ੍ਹਾਂ ਨੂੰ ਕਿਤਾਬੀ ਪੜ੍ਹਾਈ ਕਰਵਾਏ ਜਾਣ ਦੇ ਨਾਲ ਹੀ ਆਮ ਲੋਕਾਂ ਨਾਲ ਉਠਣਾ-ਬੈਠਣਾ, ਸਾਥੀਆਂ ਨਾਲ ਮਿਲ ਕੇ ਖੇਡਣਾ ਅਤੇ ਉਨ੍ਹਾਂ ਨਾਲ ਵਿਹਾਰ ਕੀਤਾ ਜਾਣਾ ਵੀ ਸਿਖਾਇਆ ਜਾਂਦਾ ਹੈ। ਇਤਨਾ ਹੀ ਨਹੀਂ, ਉਨ੍ਹਾਂ ਨੂੰ ਮੈਕਡੋਨਲਡ, ਪੀਜ਼ਾ ਹੱਟ, ਪਰਿਕ੍ਰਮਾ (ਰਿਵਾਲਵਿੰਗ) ਆਦਿ ਜਿਹੇ ਮਹਿੰਗੇ ਹੋਟਲਾਂ ਵਿੱਚ ਲਿਜਾ, ਉਥੇ ਆਮ ਲੋਕਾਂ ਵਾਂਗ ਬੈਠਣਾ ਅਤੇ ਖਾਣਾ ਵੀ ਸਿਖਾਇਆ ਜਾਂਦਾ ਹੈ। ਸਿੰਘ ਸਭਾ ਦੇ ਪ੍ਰਧਾਨ ਸ. ਹਰਮਨਜੀਤ ਸਿੰਘ ਅਨੁਸਾਰ ਆਪਣੇ ਪਰਿਵਾਰ ਦੇ ਮੁੱਖੀਆਂ ਵਲੋਂ ਅਣਗੋਲਿਆਂ ਕੀਤਿਆਂ ਜਾਂਦੇ, ਇਹ ਬੱਚੇ ਜਦੋਂ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਧਿਆਨ ਆਪਣੇ ਵਲ ਖਿਚਣ ਅਤੇ ਉਨ੍ਹਾਂ ਦਾ ਪਿਆਰ ਪਾਣ ਵਿਚ ਅਸਫਲ ਰਹਿ ਜਾਂਦੇ ਹਨ ਤਾਂ ਉਮਰ ਵਧਣ ਨਾਲ ਉਨ੍ਹਾਂ ਦਾ ਸਰੀਰਕ ਵਿਕਾਸ ਤਾਂ ਹੁੰਦਾ ਰਹਿੰਦਾ ਹੈ, ਪ੍ਰੰਤੂ ਮਾਨਸਿਕ ਰੂਪ ਵਿੱਚ ਉਹ, ਬੱਚਿਆਂ ਦੇ ਬੱਚੇ ਹੀ ਰਹਿ ਜਾਂਦੇ ਹਨ। ਸ. ਹਰਮਨਜੀਤ ਸਿੰਘ ਨੂੰ ਵਿਸ਼ਵਾਸ ਹੈ ਕਿ ਜੇ ਇਨ੍ਹਾਂ ਬੱਚਿਆਂ ਵਲ ਵਿਸ਼ੇਸ਼ ਧਿਆਨ ਦਿੱਤਾ ਜਾਏ, ਇਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝ, ਇਨ੍ਹਾਂ ਨਾਲ ਪਿਆਰ ਭਰਿਆ ਵਿਹਾਰ ਕੀਤਾ ਜਾਏ ਅਤੇ ਇਨ੍ਹਾਂ ਨੂੰ ਆਮ ਬੱਚਿਆਂ ਵਰਗੀਆਂ ਸਹੂਲਤਾਂ ਉਪਲੱਬਧ ਕਰਵਾਈਆਂ ਜਾਣ ਤਾਂ ਇਨ੍ਹਾਂ ਵਿੱਚ ਆਤਮ-ਵਿਸ਼ਵਾਸ ਦਾ ਸੰਚਾਰ ਕਰ, ਇਨ੍ਹਾਂ ਨੂੰ ਆਪ ਆਪਣੀ ਜ਼ਿੰਦਗੀ ਜੀ ਸਕਣ ਦੇ ਯੋਗ ਬਣਇਆ ਜਾ ਸਕਦਾ ਹੈ। ਸ. ਹਰਮਨਜੀਤ ਸਿੰਘ ਨੇ ਦਸਿਆ ਕਿ ਇਸ ਉਦੇਸ਼ ਵਿੱਚ ਉਨ੍ਹਾਂ ਨੂੰ ਸ. ਭੂਪਿੰਦਰ ਸਿੰਘ ਬਾਵਾ ਦੇ ਨਾਲ ਹੀ ਬੀਬੀ ਅਵਿਨਾਸ਼ ਕੌਰ, ਬੀਬੀ ਸੁਜਾਤਾ ਨਰੂਲਾ, ਬੀਬੀ ਅਮਰਜੀਤ ਕੌਰ ਆਦਿ ਅਧਿਆਪਕਾਵਾਂ ਦਾ ਭੀ ਸਹਿਯੋਗ ਪ੍ਰਾਪਤ ਹੈ, ਜੋ ਇਨ੍ਹਾਂ ਬੱਚਿਆਂ ਦੀ ਸੁਚਜੀ ਸੰਭਾਲ ਹੀ ਨਹੀਂ ਕਰਦੀਆਂ, ਸਗੋਂ ਇਨ੍ਹਾਂ ਨੂੰ ਮਾਂ-ਭੈਣ ਦਾ ਪਿਆਰ ਵੀ ਦਿੰਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸਦੇ ਲਈ ਬੱਚਿਆਂ ਦੇ ਮਾਪਿਆਂ ਆਦਿ ਪਾਸੋਂ ਕੋਈ ਪੈਸਾ ਆਦਿ ਨਹੀਂ ਲਿਆ ਜਾਂਦਾ। ਇਨ੍ਹਾਂ ਦੇ ਸਾਰੇ ਖਰਚਿਆਂ ਦਾ ਭਾਰ ਕਮੇਟੀ ਦੇ ਮੈਂਬਰ ਆਪਸੀ ਸਹਿਯੋਗ ਨਾਲ ਉਠਾਂਦੇ ਹਨ।