ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਅੱਜ ਜਰਮਨੀ ਦੀ 24 ਮੈਂਬਰੀ ਵਫ਼ਦ ਨੇ ਦੌਰਾ ਕੀਤਾ । ਵਫ਼ਦ ਦੇ ਮੈਂਬਰ ਜਰਮਨੀ ਦੇ ਵਿੱਚ ਉਚ ਵਿੱਦਿਆ ਹਾਸਲ ਕਰ ਰਹੇ ਹਨ । ਇਸ ਵਫ਼ਦ ਦੀ ਅਗਵਾਈ ਡਾ. ਹੈਨਿੰਗ ਲੈਕਨ ਕਰ ਰਹੇ ਸਨ । ਵਫ਼ਦ ਵੱਲੋਂ ਯੂਨੀਵਰਸਿਟੀ ਦੇ ਖੋਜ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਭਵਿੱਖ ਦੇ ਵਿੱਚ ਦੋਹਾਂ ਅਦਾਰਿਆਂ ਵਿੱਚ ਇਕਰਾਰਨਾਮਾ ਸਹੀਬੱਧ ਕਰਨ ਦੀ ਪੜਚੋਲ ਵੀ ਕੀਤੀ ਗਈ । ਇਸ ਇਕਰਾਰਨਾਮੇ ਤਹਿਤ ਦੋਹਾਂ ਅਦਾਰਿਆਂ ਵੱਲੋਂ ਖੋਜ ਕਾਰਜ ਨੇਪਰੇ ਚਾੜ੍ਹੇ ਜਾਣਗੇ ਅਤੇ ਸਾਇੰਸਦਾਨਾਂ ਵਿਦਿਆਰਥੀਆਂ ਦੇ ਆਦਾਨ ਪ੍ਰਦਾਨ ਬਾਰੇ ਵੀ ਵਿਚਾਰ ਕੀਤਾ ਜਾਵੇਗਾ । ਵਫ਼ਦ ਦੇ ਮੈਂਬਰ ਕੁਮਾਰੀ ਕ੍ਰਿਸਟਨ ਹੋਲਜ਼ ਨੇ ਯੂਨੀਵਰਸਿਟੀ ਦੇ ਪਸਾਰ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਵਾਤਾਵਰਨ ਦੀ ਸਾਂਭ ਸੰਭਾਲ ਲਈ ਜੋ ਖੋਜ ਅਤੇ ਪਸਾਰ ਕਾਰਜ ਅਤੇ ਤਕਨਾਲੋਜੀਆਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ ਉਹ ਅਤਿ ਸਲਾਹੁਣਯੋਗ ਹਨ ।
ਇਸ ਤੋਂ ਪਹਿਲਾਂ ਜੀ ਆਇਆ ਦੇ ਸ਼ਬਦ ਬੋਲਦਿਆਂ ਅਪਰ ਨਿਰਦੇਸ਼ਕ ਖੋਜ ਡਾ. ਆਰ ਕੇ ਗੁੰਬਰ ਨੇ ਯੂਨੀਵਰਸਿਟੀ ਦੇ ਸੰਗਠਨਾਤਮਕ ਢਾਂਚੇ ਬਾਰੇ ਚਾਨਣਾ ਪਾਇਆ । ਇਸ ਵਿਚਾਰ ਚਰਚਾ ਦੇ ਵਿੱਚ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਨੇ ਵੀ ਭਾਗ ਲਿਆ । ਵਫ਼ਦ ਨੂੰ ਯੂਨੀਵਰਸਿਟੀ ਦੇ ਪਲਾਂਟ ਬਰੀਡਿੰਗ ਵਿਭਾਗ ਵਿਖੇ ਸਥਾਪਿਤ ਪੀ ਏ ਯੂ ਦੇ ਮਿਊਜ਼ਿਮ, ਖੇਤੀ ਮਸ਼ੀਨਰੀ ਇਕਾਈ ਤੋਂ ਇਲਾਵਾ ਪ੍ਰਦਰਸ਼ਨੀ ਪਲਾਟਾਂ ਦਾ ਦੌਰਾ ਵੀ ਕਰਵਾਇਆ ਗਿਆ ।