ਪਿਸ਼ਾਵਰ – ਪਾਕਿਸਤਾਨ ਵਿੱਚ ਪ੍ਰਸਿੱਧ ਡਾਕਟਰ ਅਤੇ ਰਾਜਨੇਤਾ ਸ੍ਰ. ਸੁਰੇਨ ਸਿੰਘ ਦੀ ਅਗਿਆਤ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਹ ਖ਼ੈਬਰ ਪਖਤੂਨਖਵਾ ਦੇ ਘੱਟਗਿਣਤੀ ਮਾਮਲਿਆਂ ਦੇ ਮੰਤਰੀ ਅਤੇ ਟੀਵੀ ਐਂਕਰ ਵੀ ਰਹੇ ਹਨ। ਉਹ ਰਾਜ ਦੇ ਮੁੱਖਮੰਤਰੀ ਦੇ ਖਾਸ ਸਲਾਹਕਾਰ ਵੀ ਸਨ।
ਉਨ੍ਹਾਂ ਨੂੰ ਪਾਕਿਸਤਾਨ ਦੇ ਬੁਨੇਰ ਜਿਲ੍ਹੇ ਦੇ ਪੀਰ ਬਾਬਾ ਇਲਾਕੇ ਉਸ ਸਮੇਂ ਗੋਲੀ ਮਾਰੀ ਗਈ ਜਦੋਂ ਉਹ ਆਪਣੇ ਰੋਜਾਨਾ ਦੇ ਕੰਮ ਨਿਪਟਾ ਕੇ ਘਰ ਪਰਤ ਰਹੇ ਸਨ। ਹੱਤਿਆਰਿਆਂ ਨੇ ਮਜ਼ਾਰ ਦੇ ਕੋਲ ਡਾ. ਸੁਰੇਨ ਸਿੰਘ ਦੀ ਕਾਰ ਰੋਕ ਕੇ ਉਨ੍ਹਾਂ ਉਪਰ ਹਮਲਾ ਕੀਤਾ। ਉਨ੍ਹਾਂ ਦੇ ਅੱਖ ਦੇ ਕੋਲ ਮੱਥੇ ਤੇ ਗੋਲੀ ਲਗੀ। ਤੁਰੰਤ ਹਸਪਤਾਲ ਪੁੰਚਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਨੇ ਹੱਤਿਆਰਿਆਂ ਦੀ ਭਾਲ ਵਿੱਚ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਹੋਈ ਹੈ।
2011 ਵਿੱਚ ਤਹਿਰੀਕ-ਏ-ਇਨਸਾਫ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਉਹ ਪਾਕਿਸਤਾਨ ਦੀ ਜਮਾਤ-ਏ- ਇਸਲਾਮੀ ਦੇ 9 ਸਾਲ ਤੱਕ ਮੈਂਬਰ ਰਹਿ ਚੁੱਕੇ ਸਨ। ਉਹ ਰਾਜ ਦੀ ਅਸੈਂਬਲੀ ਵਿੱਚ ਪੀਟੀਆਈ ਦੇ ਮੈਂਬਰ ਸਨ। ਪਾਕਿਸਤਾਨ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਟਰੱਸਟ ਪ੍ਰਾਪਰਟੀ ਬੋਰਡ ਨਾਲ ਵੀ ਜੁੜੇ ਹੋਏ ਸਨ। ਉਹ ਸਿੱਖ ਕੌਮ ਵਿੱਚ ਅਹਿਮ ਸਥਾਨ ਰੱਖਦੇ ਸਨ ਅਤੇ ਸਦਾ ਘੱਟਗਿਣਤੀ ਦੇ ਅਧਿਕਾਰਾਂ ਲਈ ਆਵਾਜ਼ ਉਠਾਉਂਦੇ ਰਹੇ ਸਨ।