ਲੁਧਿਆਣਾ : ਪੰਜਾਬ ਵਿਚ ਸ਼ਰਾਬ ਦਾ ਪ੍ਰਕੋਪ ਘਟਾਉਣ ਅਤੇ ਆਪਣੇ ਅਨੰਦ ਕਾਰਜ ਦੀ ਪਵਿੱਤਰ ਰਸਮ ਨੂੰ ਸ਼ਰਾਬ ਦੇ ਗੰਦ ਤੋਂ ਬਚਾਉਣ ਲਈ ਵਿਗਾਸ ਫਾਊਂਡੇਸ਼ਨ ਅਤੇ ਸੁਕ੍ਰਿਤ ਟਰਸਟ ਵੱਲੋਂ ਅੱਜ ਪੰਜ ਗੁਰਸਿਖ ਜੋੜਿਆਂ ਦਾ ਭਰਵਾਂ ਸਨਮਾਨ ਕੀਤਾ ਗਿਆ ।
ਗੁਰਦੁਆਰਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸੰਗਤਾਂ ਦੇ ਭਰਵੇਂ ਇਕੱਠ ਵਿਚ ਇਹਨਾਂ ਨੌਜਵਾਨਾਂ ਨੂੰ ‘ਨਿਵੇਕਲੇ ਰਾਹੀ’ ਦੀ ਪਦਵੀ ਪ੍ਰਦਾਨ ਕੀਤੀ ਗਈ ਜਿਹਨਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਲੋਕਾਂ ਦੀ ਪਰਵਾਹ ਛੱਡ ਕੇ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣਿਆ। ਇਹਨਾਂ ਵਿਚ ਸ਼ਾਮਿਲ ਹਨ ਸ. ਜਸਵੀਰ ਸਿੰਘ – ਬੀਬਾ ਹਰਸਿਮਰ ਕੌਰ, ਸ. ਆਲਮਜੀਤ ਸਿੰਘ – ਬੀਬਾ ਰਵਨੀਤ ਕੌਰ, ਸ. ਗੁਰਸਾਹਿਬ ਸਿੰਘ – ਬੀਬਾ ਰਵਲੀਨ ਕੌਰ, ਸ. ਦਵਿੰਦਰ ਸਿੰਘ -ਬੀਬਾ ਜਸਪ੍ਰੀਤ ਕੌਰ, ਸ. ਅਤਿੰਦਰਪਾਲ ਸਿੰਘ – ਬੀਬਾ ਸੰਦੀਪ ਕੌਰ ।
ਸ. ਚਤਰ ਸਿੰਘ, ਸਰਦਾਰ ਕਲਾਥ ਹਾਊਸ, ਗਿਆਸਪੁਰਾ ਦਾ ਵੀ ਸਨਮਾਨ ਕੀਤਾ ਗਿਆ ਕਿਉਂਕਿ ਉਨ੍ਹਾਂ ਆਪਣੇ ਬੇਟੇ ਦੇ ਅਨੰਦ ਕਾਰਜ ਸਮੇਂ ਸ਼ਰਾਬ ਨਹੀਂ ਸੀ ਵੰਡੀ। ਵਿਆਹ ਦੀ ਰਿਸੈਪਸ਼ਨ ਤੋਂ ਕੇਵਲ ਦੋ ਦਿਨ ਪਹਿਲਾਂ ਸੁਕ੍ਰਿਤ ਟਰਸਟ ਤੋਂ ਪੰਜ ਵੀਰ ਪੰਜ ਪਿਆਰਿਆਂ ਦੇ ਰੂਪ ਵਿਚ ਉਨ੍ਹਾਂ ਦੇ ਘਰ ਆਏ ਅਤੇ ਪੰਜਾਬ ਤੇ ਜਵਾਨੀ ਦਾ ਵਾਸਤਾ ਪਾ ਕੇ ਬੇਨਤੀ ਕੀਤੀ ਕਿ ਸ਼ਰਾਬ ਨਾ ਵੰਡੋ। ਉਨ੍ਹਾਂ ਉਸ ਵੇਲੇ ਤਾਂ ਹਾਮੀ ਨਹੀ ਭਰੀ ਪਰ ਅਗਲੇ ਹੀ ਦਿਨ ਮਨ ਪੱਕਾ ਕਰ ਲਿਆ ਕਿ ਖੁੱਲ੍ਹੇ ਤੌਰ ਤੇ ਸ਼ਰਾਬਾਂ ਦੇ ਸਟਾਲ ਲਗਾ ਕਿ ਅਸੀਂ ਆਪ ਹੀ ਆਪਣੀ ਜਵਾਨੀ ਨੂੰ ਨਸ਼ਿਆਂ ਵੱਲ ਝੋਂਕ ਹਰੇ ਹਾਂ।
ਸ. ਚਤਰ ਸਿੰਘ ਨੇ ਕਿਹਾ ਕਿ ਅੱਜ ਮੈਨੂੁੰ ਇਸ ਗੱਲ ਦਾ ਮਾਣ ਹੈ ਕਿ ਮੈਂ ਸ਼ਰਾਬ ਰੋਕਣ ਵਾਲਿਆਂ ਨਾਲ ਹਾਂ ਨਾ ਕਿ ਸਮਾਜ ਨੂੰ ਵਿਗਾੜਨ ਵਾਲਿਆਂ ਦੇ। ਸ. ਗੁਰਵੀਰ ਸਿੰਘ, ਜੁਨੇਜਾ ਐਂਟਰਪ੍ਰਾਈਜ਼ਿਜ਼ ਨੇ ਕਿਹਾ ਕਿ ਜੇ ਪੰਜਾਬ ਦੇ ਨੌਜਵਾਨ ਤੇ ਉਨ੍ਹਾਂ ਦੇ ਮਾਤਾ-ਪਿਤਾ ਸ਼ਰਾਬ ਦੇ ਵਿਖਾਵੇ ਤੇ ਤਬਾਹੀ ਤੋਂ ਤੋਬਾ ਕਰ ਲੈਣਾ ਤਾਂ ਪੰਜਾਬ ਦਿਨਾਂ ਵਿਚ ਹੀ ਸੰਵਰ ਸਕਦਾ ਹੈ। ਝੂਠੇ ਪਾਜ ਤੇ ਅਹੰਕਾਰ ਨਾਲ ਅਸੀਂ ਆਪ ਹੀ ਆਪਣੀ ਕੌਮ ਦਾ ਨਿਘਾਰ ਕਰ ਰਹੇ ਹਾਂ।
ਨੌਜਵਾਨ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਵਿਆਹ ਤੇ 600 ਬੰਦਿਆਂ ਦੀ ਰੋਟੀ ਲਈ ਲਗਭਗ 15 ਲੱਖ ਵਿੱਚ ਇੱਕ ਨਾਮੀ ਪੈਲੇਸ ਬੁੱਕ ਕਰ ਲਿਆ ਸੀ ਪਰ ਮਨ ਅੰਦਰ ਗਲਾਨੀ ਆਉਂਦੀ ਸੀ ਕਿ ਜੇ ਇਸ ਪੈਸੇ ਨਾਲ ਲੋੜਵੰਦਾਂ ਦੀ ਮਦਦ ਕੀਤੀ ਜਾਵੇ ਤਾਂ ਕਿੰਨਾ ਚੰਗਾ ਹੈ। ਸੋ ਉਨ੍ਹਾਂ ਮਨ ਬਦਲ ਲਿਆ ਤੇ ਸਾਦਾ ਵਿਆਹ ਕੀਤਾ। ਨਾਲ ਹੀ ਕਿਸੇ ਤੋਂ ਸ਼ਗਨ ਨਹੀਂ ਲਿਆ ਪਰ ਜੋ ਜ਼ੋਰ ਪਾਉਂਦੇ ਉਨ੍ਹਾਂ ਲਈ ਗੋਲਕ ਰੱਖ ਦਿੱਤੀ ਤੇ ਉਹ ਮਾਇਆ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਈਕੋਸਿਖ ਤੇ ਹੋਰਨਾਂ ਸੰਸਥਾਵਾਂ ਨੂੰ ਦੇ ਦਿੱਤੀ। ਗੁਰਦੁਆਰਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਅਨੰਦਮਈ ਪਰਿਵਾਰਿਕ ਜੀਵਨ ਸਮਾਗਮ ਦੇ ਦੂਜੇ ਦਿਨ ਵੀ ਸੰਗਤਾਂ ਦਾ ਭਰਵਾਂ ਇਕੱਠ ਰਿਹਾ ।