ਨਵੀਂ ਦਿੱਲੀ : ਵਿਦਿਆਰਥੀਆਂ ਨੂੰ ਆਪਣਾ ਕੈਰੀਅਰ ਚੁਣਨ ਲਈ ਰਾਹ ਦਿਖਾਉਣ ਵਾਸਤੇ ਦੋ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਯੋਜਿਤ ਕੀਤੇ ਗਏ ਚੌਥੇ ਕੈਰੀਅਰ ਗਾਈਡਨੇਸ਼ ਫੇਅਰ ’ਚ ਲਗਭਗ 12 ਹਜਾਰ ਵਿਦਿਆਰਥੀਆਂ ਨੇ ਹਾਜਰੀ ਭਰੀ। ਕਮੇਟੀ ਦੀ ਸਕੂਲੀ ਸਿੱਖਿਆ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ ਨੇ ਮੇਲੇ ਦੀ ਸਮਾਪਤੀ ਦੇ ਮੌਕੇ ਇਸ ਗੱਲ ਦਾ ਖੁਲਾਸਾ ਕੀਤਾ। ਕਾਲਕਾ ਨੇ ਕਿਹਾ ਕਿ ਮੇਲਾ ਬੱਚਿਆਂ ਤਕ ਆਪਣੀ ਗੱਲ ਨੂੰ ਸੁੱਚਜੇ ਤਰੀਕੇ ਨਾਲ ਪਹੁੰਚਾਉਣ ਦੇ ਮਕਸਦ ਵਿਚ ਕਾਮਯਾਬ ਰਿਹਾ ਹੈ।
ਕਾਲਕਾ ਨੇ ਦਿੱਲੀ ਕਮੇਟੀ ਦੇ ਕੈਰੀਅਰ ਗਾਈਡਨੇਸ ਫੇਅਰ ਨੂੰ ਦਿੱਲੀ ਵਿਖੇ ਨੰਬਰ 1 ਐਲਾਨਦੇ ਹੋਏ ਬੱਚਿਆਂ ਵੱਲੋਂ ਇਸ ਮੇਲੇ ਪ੍ਰਤੀ ਦਿਖਾਏ ਗਏ ਉਤਸ਼ਾਹ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਮੇਲੇ ਵਿਚ ਇੱਕ ਛੱਤ ਹੇਠਾਂ ਮਾਲੀ ਸਰੋਤਾਂ, ਐਨ.ਜੀ.ਓ., ਸਿਵਿਲ ਸਰਵਿਸ, ਸਕਿਲ ਡਿਵਲੈਪਮੈਂਟ, ਦੇਸ਼ੀ-ਵਿਦੇਸ਼ੀ ਯੂਨੀਵਰਸਿਟੀਆਂ ਅਤੇ ਹੋਰ ਵਿੱਦਿਅਕ ਅਦਾਰਿਆਂ ਵੱਲੋਂ ਕੀਤੀ ਗਈ ਸਮੂਲਿਅਤ ਨੂੰ ਕਾਲਕਾ ਨੇ ਦਿੱਲੀ ਕਮੇਟੀ ਦੀ ਕਾਰਜ ਕਰਨ ਦੀ ਕਾਬਲੀਅਤ ਦੇ ਤੌਰ ਤੇ ਪਰਿਭਾਸ਼ਿਤ ਕੀਤਾ। ਕਾਲਕਾ ਨੇ ਵੋਕੇਸ਼ਨਲ ਕੋਰਸਾ ਤੋਂ ਪ੍ਰੋਫੈਸ਼ਨਲ ਕੋਰਸਾ ਨੂੰ ਬੱਚਿਆਂ ਦੇ ਸਾਹਮਣੇ ਭਵਿੱਖ ਦੀ ਝਾਂਕੀ ਦੇ ਤੌਰ ਤੇ ਪੇਸ਼ ਕਰਨ ਨੂੰ ਕਮੇਟੀ ਦੀ ਨੀਤੀ ਅਤੇ ਨੀਅਤ ਦੇ ਤੌਰ ਤੇ ਜੋੜਿਆ।
ਕਾਲਕਾ ਨੇ ਕਿਹਾ ਕਿ ਇਸ ਮੇਲੇ ਵਿਚ ਗੂੰਗੇ ਅਤੇ ਬਹਿਰੇ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਵਾਸਤੇ ਸਲਾਹ ਦੇਣ ਲਈ ਅਸ਼ਟਾਵਕਰਾ ਅਦਾਰੇ ਤੋਂ ਇਲਾਵਾ ਕੰਮਕਾਜ਼ੀ ਬੀਬੀਆਂ ਨੂੰ ਘਰ ਬੈਠੇ ਆਪਣੀ ਕਾਬਲੀਅਤ ਨੂੰ ਵਧਾਉਣ ਵਾਸਤੇ ਕਈ ਨਵੇਂ ਕੋਰਸਾ ਦੀ ਵੀ ਜਾਣਕਾਰੀ ਦਿੱਤੀ ਗਈ ਹੈ। ਕਾਲਕਾ ਨੇ ਮੇਲੇ ਦੀ ਕਾਮਯਾਬੀ ਲਈ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਵਧਾਈ ਦਿੰਦੇ ਹੋਏ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।
ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਢਸਾ ਨੇ ਵੀ ਅੱਜ ਮੇਲਾ ਹਾੱਲ ਵਿਚ ਹਾਜ਼ਰੀ ਭਰ ਕੇ ਬੱਚਿਆਂ ਦੀ ਮੇਲੇ ਪ੍ਰਤੀ ਰੁਝਾਨ ਦਾ ਵੀ ਜਾਇਜ਼ਾ ਲਿਆ। ਭਾਈ ਲੱਖੀ ਸ਼ਾਹ ਵਣਜਾਰਾ ਹਾੱਲ ਵਿਖੇ ਮੇਲੇ ’ਚ ਆਏ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵਾਸਤੇ ਕਮੇਟੀ ਵੱਲੋਂ ਲੰਗਰ ਅਤੇ ਮੈਟ੍ਰੋ ਸਟੇਸ਼ਨਾਂ ਤਕ ਪਹੁੰਚਣ ਲਈ ਬਸ ਸੇਵਾ ਦਾ ਵੀ ਪ੍ਰਬੰਧ ਕੀਤਾ ਗਿਆ ਸੀ।