ਲੁਧਿਆਣਾ: ਮੌਸਮੀ ਤਬਦੀਲੀਆਂ (ਸੋਕਾ, ਭਾਰੀ ਬਾਰਸ਼ਾਂ, ਹਨੇਰੀ–ਝੱਖੜ ਆਦਿ) ਦੇ ਮੱਦੇਨਜ਼ਰ ਹੁਣ ਕਿਸਾਨਾਂ ਦਾ ਲੰਮਾਂ ਸਮਾਂ ਲੈਣ ਵਾਲੀਆਂ ਕਿਸਮਾਂ ਤੋਂ ਮੋਹ ਭੰਗ ਹੋ ਰਿਹਾ ਹੈ। ਕਿਸਾਨ ਹੁਣ ਥੋੜੇ ਸਮਾਂ ਲੈਣ ਵਾਲੀਆਂ ਕਿਸਮਾਂ ਵੱਲ ਰੁੱਖ ਕਰ ਰਹੇ ਹਨ ਕਿਉਂਕਿ ਇਸ ਵਿੱਚ ਘੱਟ ਨਿਵੇਸ਼ (ਪਾਣੀ, ਖਾਦ, ਕੀੜੇਮਾਰ ਦਵਾਈਆਂ ਆਦਿ) ਦੀ ਲੋੜ ਪੈਂਦੀ ਹੈ ਅਤੇ ਪਰਾਲੀ ਦੀ ਸਾਂਭ–ਸੰਭਾਲ ਲਈ ਕਾਫ਼ੀ ਸਮਾਂ ਮਿਲ ਜਾਂਦਾ ਹੈ ਅਤੇ ਅੱਗ ਲਗਾਉਣ ਦੀ ਲੋੜ ਨਹੀ ਪੈਂਦੀ। ਕਣਕ ਦੀ ਫ਼ਸਲ ਦੀ ਬੀਜਾਈ ਲਈ ਖੇਤ ਸਮੇਂ ਸਿਰ ਵਿਹਲੇ ਹੋ ਜਦੇ ਹਨ । ਪਿਛਲੇ ਸਮੇਂ ਦੌਰਾਨ ਲੰਮਾਂ ਸਮਾਂ ਲੈਣ ਵਾਲੀ ਕਿਸਮ ਪੂਸਾ 44 ਦੀ ਕਾਸ਼ਤ 30–35 ਪ੍ਰਤੀਸ਼ਤ ਰਕਬੇ ਵਿੱਚ ਕੀਤੀ ਜਾ ਰਹੀ ਸੀ ਅਤੇ ਇਸ ਦੀ ਕਾਸ਼ਤ ਵਾਲੇ ਜ਼ਿਲਿਆਂ (ਪਟਿਆਲਾ, ਸੰਗਰੂਰ, ਲੁਧਿਆਣਾ, ਬਰਨਾਲਾ, ਮੋਗਾ ਆਦਿ) ਵਿੱਚ ਧਰਤੀ ਹੇਠਲੇ ਪੱਧਰ ਵਿੱਚ ਭਿਆਨਕ ਗਿਰਾਵਟ ਆਈ ਝੋਨੇ ਦੀਆਂ ਘੱਟ ਸਮਾਂ ਲੈਣ ਅਤੇ ਵਧੇਰੇ ਝਾੜ ਦੇਣ ਵਾਲੀਆਂ (ਪੀ ਆਰ 124, ਪੀਆਰ 123, ਪੀਆਰ 122, ਪੀਆਰ 121) ਕਿਸਮ ਦੇ ਵਿਕਸਤ ਹੋਣ ਨਾਲ ਘੱਟ ਸਮਾਂ ਲੇਣ ਵਾਲੀਆਂ ਕਿਸਮਾਂ ਹੇਠ ਪਿਛਲੇ ਸਾਲ ਰਕਬੇ ਵਿੱਚ 34 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਅਤੇ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਹੇਠ ਰਕਬਾ ਘਟ ਗਿਆ। ਪਿਛਲੇ ਸੀਜ਼ਨ ਦੌਰਾਨ ਪੰਜਾਬ ਨੇ ਰਿਕਾਰਡ 180 ਲਖ ਟਨ ਦੀ ਪੈਦਾਵਾਰ ਕਰਨ ਦੇ ਨਾਲ–ਨਾਲ ਕੇਂਦਰੀ ਭੰਡਾਰ ਵਿੱਚ ਚੌਲਾਂ ਦਾ ਰਿਕਾਰਡ ਯੋਗਦਾਨ (93.5 ਲੱਖ ਟਨ) ਪਾਇਆ। ਨਵੀਆਂ ਕਿਸਮਾਂ ਦੀ ਉੱਤਮ ਕੁਆਲਟੀ ਦੇ ਬਦੌਲਤ ਚੌਲਾਂ ਦੀ ਮਿਲਿੰਗ ਦਾ ਕੰਮ ਲੱਗਭੱਗ ਖਤਮ ਹੋ ਗਿਆ ਹੈ ਜੋ ਕੁਝ ਸਾਲ ਪਹਿਲਾਂ ਅਗਸਤ–ਸਤੰਬਰ ਤੱਕ ਚਲਦਾ ਰਹਿੰਦਾ ਸੀ। ਪਿਛਲੇ ਸੀਜ਼ਨ ਦੌਰਾਨ ਪਰਾਲੀ ਨੂੰ ਅੱਗ ਲਗਾਉਣ ਦੇ ਰੁਝਾਨ ਵਿੱਚ 39.0 ਪ੍ਰਤੀਸ਼ਤ ਦੀ ਕਮੀ ਆਈ ਹੈ।
ਡਾ. ਰਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਕਿਸਾਨ ਵੀਰਾਂ ਦੀ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਨੂੰ ਤਰਜੀਹ ਦੇਣ ਲਈ ਸ਼ਲਾਘਾ ਕੀਤੀ ਅਤੇ ਆਸ ਕੀਤੀ ਕਿ ਆਉਣ ਵਾਲੇ ਸਮੇਂ ਦੌਰਾਨ ਉਹ ਇਸ ਹਾਂ ਪੱਖੀ ਰੁਝਾਨ ਨੂੰ ਜਾਰੀ ਰਖਦਿਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਅਧੀਨ ਰਕਬਾ ਵਧਾਉਣਗੇ ਤਾਂ ਜੋ ਆਉਣ ਵਾਲੀਆਂ ਪੀੜ•ੀਆਂ ਲਈ ਪਾਣੀ ਦੇ ਕੁਦਰਤੀ ਸੋਮਿਆਂ ਨੂੰ ਸੰਭਾਲਿਆ ਜਾ ਸਕੇ।