ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਸਥਿਤ ਸਿਖਲਾਈ ਦੇ ਅਦਾਰੇ ਪਾਮੇਟੀ ਵੱਲੋਂ ਸੂਚਨਾ ਪਸਾਰ ਅਤੇ ਤਕਨਾਲੋਜੀ ਦੇ ਖੇਤੀ ਖੇਤਰ ਵਿੱਚ ਚੰਗੇਰੇ ਯੋਗਦਾਨ ਸੰਬੰਧੀ ਇੱਕ ਸਿਖਲਾਈ ਦਾ ਆਯੋਜਨ ਕੀਤਾ ਗਿਆ । ਇਸ ਸਿਖਲਾਈ ਵਿੱਚ ਖੇਤੀਬਾੜੀ ਅਤੇ ਸੰਬੰਧਤ ਵਿਭਾਗਾਂ ਦੇ 23 ਪਸਾਰ ਮਾਹਿਰਾਂ ਨੇ ਭਾਗ ਲਿਆ । ਪੰਜ ਰੋਜ਼ਾ ਇਸ ਸਿਖਲਾਈ ਦੇ ਸਮਾਪਤੀ ਸਮਾਰੋਹ ਵਿੱਚ ਪਾਮੇਟੀ ਦੇ ਨਿਰਦੇਸ਼ਕ ਡਾ. ਹਰਜੀਤ ਸਿੰਘ ਧਾਲੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਯੋਗਸ਼ਾਲਾਵਾਂ ਵਿੱਚ ਖੋਜ ਨਤੀਜਿਆਂ ਅਤੇ ਕਿਸਾਨਾਂ ਦੇ ਖੇਤਾਂ ਵਿੱਚ ਉਸ ਦੀ ਵਰਤੋਂ ਦੇ ਵਿੱਚ ਜ਼ਮੀਨ ਅਸਮਾਨ ਦਾ ਪਾੜਾ ਪਾਇਆ ਜਾਂਦਾ ਹੈ ਜਿਸ ਨੂੰ ਪੂਰਨਾ ਸਮੇਂ ਦੀ ਮੁੱਖ ਚੁਣੌਤੀ ਹੈ । ਯੂਨੀਵਰਸਿਟੀ ਦੇ ਇਲੈਕਟ੍ਰਿਕ ਇੰਜਨੀਅਰਿੰਗ ਅਤੇ ਇਨਫਰਮੇਸ਼ਨ ਤਕਨਾਲੋਜੀ ਸਕੂਲ ਦੇ ਡਿਪਟੀ ਡਾਇਰੈਕਟਰ ਡਾ. ਓ. ਪੀ. ਗੁਪਤਾ ਨੇ ਜਾਣਕਾਰੀ ਹਾਸਲ ਕਰਨ ਲਈ ਵੱਖ ਵੱਖ ਇੰਟਰਨੈਟ ਦੇ ਮਾਧਿਅਮਾਂ ਦੀ ਵਰਤੋਂ ਬਾਰੇ ਦੱਸਿਆ । ਉਨ•ਾਂ ਦੱਸਿਆ ਕਿ ਮੌਸਮ ਸੰਬੰਧੀ ਅਗਲੇਰੀ ਜਾਣਕਾਰੀ ਪ੍ਰਾਪਤ ਕਰਕੇ ਅਸੀਂ ਮੰਡੀਕਰਨ ਅਤੇ ਹੋਰ ਖੇਤੀ ਦੇ ਕਾਰਜਾਂ ਦੀ ਵਿਉਂਤਬੰਦੀ ਕਰ ਸਕਦੇ ਹਾਂ । ਨਵੀਂ ਦਿੱਲੀ ਤੋਂ ਵਿਸ਼ੇਸ਼ ਕਰਕੇ ਸੂਚਨਾ ਪਸਾਰ ਮਾਹਿਰ ਸ੍ਰੀ ਹਿਮਾਂਸ਼ੂ ਵਰਮਾ ਨੇ ਵੀ ਸਿਖਿਆਰਥੀਆਂ ਨੂੰ ਸੰਬੋਧਨ ਕੀਤਾ । ਸਿਖਲਾਈ ਦੌਰਾਨ ਹੈਦਰਾਬਾਦ ਵਿਖੇ ਸਥਿਤ ਕੌਮਾਂਤਰੀ ਪੱਧਰ ਦੇ ਅਦਾਰੇ ਮੈਨੇਜ ਦੇ ਸਹਾਇਕ ਨਿਰਦੇਸ਼ਕ ਡਾ. ਐਨ ਭਾਸਕਰ ਨੇ ਵੀਡੀਓ ਕਾਨਫਰੰਸ ਰਾਹੀਂ ਜਾਣਕਾਰੀ ਪ੍ਰਦਾਨ ਕੀਤੀ । ਸਿਖਿਆਰਥੀਆਂ ਨੂੰ ਜਲੰਧਰ ਦੇ ਸੀਚੇਵਾਲ ਪਿੰਡ ਵਿਖੇ ਲਗਾਏ ਗਏ ਕਮਿਊਨਿਟੀ ਰੇਡੀਓ ਦਾ ਦੌਰਾ ਵੀ ਕਰਵਾਇਆ ਗਿਆ ।