ਫ਼ਤਹਿਗੜ੍ਹ ਸਾਹਿਬ – “ਜਦੋਂ ਹਿੰਦ ਦੇ ਹੁਕਮਰਾਨਾਂ ਨੂੰ ਇਸ ਗੱਲ ਦਾ ਡੂੰਘਾ ਗਿਆਨ ਹੈ ਕਿ ਸਿੱਖ ਕੌਮ ਦੀ “ਦਸਤਾਰ” ਸਿੱਖ ਕੌਮ ਦੀ ਆਨ-ਸ਼ਾਨ ਦੀ ਪ੍ਰਤੀਕ ਹੈ । ਇਸ ਲਈ ਜਦੋਂ ਵੀ ਦੁਨੀਆਂ ਦੇ ਕਿਸੇ ਵੀ ਮੁਲਕ ਜਾਂ ਹੁਕਮਰਾਨਾਂ ਵੱਲੋਂ ਸਿੱਖ ਕੌਮ ਦੀ ਦਸਤਾਰ ਜਾਂ ਸਿੱਖ ਕੌਮ ਦੇ ਪੰਜ ਕਕਾਰਾ ਉਤੇ ਕਿਸੇ ਤਰ੍ਹਾਂ ਦੀ ਕਾਨੂੰਨੀ ਪਾਬੰਦੀ ਦਾ ਅਮਲ ਹੁੰਦਾ ਹੈ, ਤਾਂ ਦੁਨੀਆਂ ਵਿਚ ਵੱਸਣ ਵਾਲੇ ਹਰ ਸਿੱਖ ਦੇ ਮਨ-ਆਤਮਾ ਨੂੰ ਡੂੰਘੀ ਠੇਸ ਪਹੁੰਚਦੀ ਹੈ । ਅਜਿਹੇ ਹੋਣ ਵਾਲੇ ਅਮਲ ਸਿੱਖ ਕੌਮ ਨੂੰ ਜ਼ਲਾਲਤ ਵੱਲ ਵੀ ਧਕੇਲਦੇ ਹਨ । ਜੋ ਸਿੱਖ ਕੌਮ ਲਈ ਅਸਹਿ ਹੈ । ਪਰ ਇਸ ਦੇ ਬਾਵਜੂਦ ਵੀ ਭਾਵੇ ਸੈਟਰ ਵਿਚ ਕਾਂਗਰਸ ਦੀ ਹਕੂਮਤ ਹੋਵੇ, ਭਾਵੇ ਬੀਜੇਪੀ ਦੀ ਜਾਂ ਕਿਸੇ ਹੋਰ ਦੀ, ਸਿੱਖ ਕੌਮ ਦੀ ਦਸਤਾਰ ਅਤੇ ਪੰਜ ਕਕਾਰਾ ਸੰਬੰਧੀ ਉੱਠਣ ਵਾਲੇ ਮਸਲਿਆ ਨੂੰ ਹਿੰਦ ਦੇ ਹੁਕਮਰਾਨਾਂ ਨੇ ਕਦੀ ਵੀ ਗੰਭੀਰਤਾ ਨਾਲ ਨਹੀਂ ਲਿਆ । ਜਦੋਕਿ ਸਿੱਖ ਕੌਮ ਇਕ ਸਟੇਟਲੈਸ ਕੌਮ ਹੈ । ਜਦੋ ਕੋਈ ਕੌਮ ਕਿਸੇ ਹੁਕਮਰਾਨ ਦੇ ਅਧੀਨ ਹੋਵੇ ਜਾਂ ਕਿਸੇ ਹੋਰ ਰਾਜ ਪ੍ਰਬੰਧ ਰਾਹੀ ਜੀਵਨ ਬਸਰ ਕਰ ਰਹੀ ਹੋਵੇ ਤਾਂ ਸੰਬੰਧਤ ਹੁਕਮਰਾਨ ਦਾ ਇਹ ਇਖ਼ਲਾਕੀ, ਕਾਨੂੰਨੀ ਅਤੇ ਸਮਾਜਿਕ ਫਰਜ ਬਣ ਜਾਂਦਾ ਹੈ ਕਿ ਉਸ ਸਟੇਟਲੈਸ ਕੌਮ ਦੇ ਧਾਰਮਿਕ, ਸਮਾਜਿਕ, ਇਖ਼ਲਾਕੀ, ਮਾਲੀ ਅਤੇ ਸੱਭਿਆਚਾਰਕ ਸਭ ਹੱਕਾਂ ਦੀ ਰਖਵਾਲੀ ਇਮਾਨਦਾਰੀ ਨਾਲ ਕੀਤੀ ਜਾਵੇ । ਪਰ ਹਿੰਦ ਦੇ ਹੁਕਮਰਾਨ ਲੰਮੇ ਸਮੇਂ ਤੋਂ ਸਿੱਖ ਕੌਮ ਨਾਲ ਘੋਰ ਵਿਤਕਰੇ ਅਤੇ ਬੇਇਨਸਾਫ਼ੀਆਂ ਹੀ ਨਹੀਂ ਕਰਦੇ ਆ ਰਹੇ, ਬਲਕਿ ਸਮੇਂ-ਸਮੇਂ ਤੇ ਦਸਤਾਰ ਅਤੇ ਸ੍ਰੀ ਸਾਹਿਬ ਦੇ ਸਤਿਕਾਰ-ਮਾਣ ਨੂੰ ਕਾਇਮ ਰੱਖਣ ਦੇ ਮੁੱਦਿਆ ਉਤੇ ਕਦੀ ਵੀ ਬਣਦਾ ਸਟੈਂਡ ਲਈ ਲੈਦੇ । ਜੋ ਅਤਿ ਦੁੱਖਦਾਇਕ ਅਤੇ ਸਿੱਖ ਕੌਮ ਵਰਗੀ ਘੱਟ ਗਿਣਤੀ ਕੌਮ ਨੂੰ ਬੈਗਾਨਗੀ ਦਾ ਅਹਿਸਾਸ ਕਰਵਾਉਣ ਵਾਲੇ ਅਮਲ ਹਨ । ਜਿਸ ਦੇ ਨਤੀਜੇ ਕਦੀ ਵੀ ਹਿੰਦ ਜਾਂ ਹਿੰਦ ਨਿਵਾਸੀਆਂ ਲਈ ਸਾਰਥਿਕ ਨਹੀਂ ਨਿਕਲਣ ਸਕਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦ ਦੀ ਮੌਜੂਦਾ ਮੋਦੀ ਹਕੂਮਤ ਵੱਲੋਂ ਸਿੱਖ ਕੌਮ ਦੀ ਦਸਤਾਰ ਦੇ ਮਸਲੇ ਨੂੰ ਹੱਲ ਕਰਵਾਉਣ ਤੋ ਬਿਨ੍ਹਾਂ ਫ਼ਰਾਂਸ ਨਾਲ ਰੀਫੇਲ ਜ਼ਹਾਜ ਖ੍ਰੀਦਣ ਦੇ ਕੀਤੇ ਗਏ ਅਮਲਾਂ ਉਤੇ ਡੂੰਘਾ ਦੁੱਖ ਅਤੇ ਅਫਸੋਸ ਜ਼ਾਹਰ ਕਰਦੇ ਹੋਏ ਅਤੇ ਸਿੱਖ ਕੌਮ ਨੂੰ ਬੈਗਾਨਗੀ ਦਾ ਅਹਿਸਾਸ ਕਰਵਾਉਣ ਦੇ ਅਮਲਾਂ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਬੇਸ਼ੱਕ ਬੀਤੇ ਸਮੇਂ ਵਿਚ ਸਿੱਖ ਕੌਮ ਦੀਆਂ ਆਪਣੀਆਂ ਬਾਦਸ਼ਾਹੀਆਂ ਕਾਇਮ ਰਹੀਆ ਹਨ । ਪਰ ਅਜੋਕੇ ਸਮੇਂ ਵਿਚ ਸਿੱਖ ਕੌਮ ਇਸ ਲਈ ਇਕ ਸਟੇਟਲੈਸ ਕੌਮ ਬਣਕੇ ਰਹਿ ਗਈ ਹੈ, ਕਿਉਂਕਿ ਮੁਲਕ ਦੀ ਵੰਡ ਸਮੇਂ ਅੰਗਰੇਜ਼ਾਂ ਨੇ ਅਮਲ ਕਰਦੇ ਹੋਏ ਮੁਸਲਿਮ ਕੌਮ ਨੂੰ ਪਾਕਿਸਤਾਨ, ਹਿੰਦੂ ਕੌਮ ਨੂੰ ਹਿੰਦੂਸਤਾਨ ਤਾਂ ਬਣਾ ਦਿੱਤੇ ਅਤੇ ਜੋ ਤੀਸਰੀ ਮੁੱਖ ਧਿਰ ਸਿੱਖ ਕੌਮ ਸੀ, ਉਸ ਨਾਲ ਅੰਗਰੇਜ਼ਾਂ ਅਤੇ ਹਿੰਦੂ ਹੁਕਮਰਾਨਾਂ ਨੇ ਧੋਖਾ ਕੀਤਾ । ਜਦੋਕਿ ਚਾਹੀਦਾ ਇਹ ਸੀ ਕਿ ਵੰਡ ਕਰਦੇ ਸਮੇਂ ਤਿੰਨੋ ਕੌਮਾਂ ਦੇ ਆਪੋ-ਆਪਣੇ ਆਜ਼ਾਦ ਮੁਲਕ ਕਾਇਮ ਹੁੰਦੇ । ਪਰ ਜਦੋ ਹੁਣ ਸਿੱਖ ਕੌਮ ਹਿੰਦੂਤਵ ਹੁਕਮਰਾਨਾਂ ਦੇ ਰਾਜ ਪ੍ਰਬੰਧ ਥੱਲੇ ਹੈ, ਤਾਂ ਸਿੱਖ ਕੌਮ ਨੂੰ ਦਰਪੇਸ ਆਉਣ ਵਾਲੀਆਂ ਕੌਮਾਂਤਰੀ ਮੁਸ਼ਕਿਲਾਂ ਨੂੰ ਹੱਲ ਕਰਵਾਉਣਾ ਹਿੰਦੂਤਵ ਹੁਕਮਰਾਨਾਂ ਵੱਲੋਂ ਕੌਮਾਂਤਰੀ ਪੱਧਰ ਤੇ ਉਠਾਕੇ ਹੱਲ ਕਰਵਾਉਣਾ ਬਣਦਾ ਹੈ । ਪਰ ਹਿੰਦ ਹਕੂਮਤ ਅਜਿਹਾ ਨਾ ਕਰਕੇ ਬੀਤੇ 60 ਸਾਲਾਂ ਤੋਂ ਸਿੱਖ ਕੌਮ ਨਾਲ ਕੀਤੇ ਜਾਂਦੇ ਆ ਰਹੇ ਸਮਾਜਿਕ, ਧਾਰਮਿਕ ਅਤੇ ਕਾਨੂੰਨੀ ਵਿਤਕਰਿਆ ਵਿਚ ਵਾਧਾ ਕਰਕੇ ਆਪਣੇ ਹੀ ਪੈਰ ਤੇ ਕੁਹਾੜੀ ਮਾਰਨ ਦੀ ਗੁਸਤਾਖੀ ਕਰ ਰਹੀ ਹੈ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਿੰਦ ਦੀ ਮੌਜੂਦਾ ਮੋਦੀ ਹਕੂਮਤ ਨੂੰ ਇਸ ਦਿਸ਼ਾ ਵੱਲ ਖ਼ਬਰਦਾਰ ਕਰਦੇ ਹੋਏ ਅਗਾਹ ਕਰਦਾ ਹੈ ਕਿ ਉਹ ਫ਼ਰਾਂਸ ਦੀ ਹਕੂਮਤ ਕੋਲੋ ਰੀਫੇਲ ਜ਼ਹਾਜ ਖ਼ਰੀਦਣ ਤੋ ਪਹਿਲੇ ਸਿੱਖ ਕੌਮ ਦੀ ਦਸਤਾਰ ਦਾ ਮਸਲਾ ਹੱਲ ਕਰਵਾਏ । ਜੇਕਰ ਫ਼ਰਾਂਸ ਦੀ ਹਕੂਮਤ ਹਿੰਦ ਹਕੂਮਤ ਵੱਲੋ ਭੇਜੇ ਜਾਣ ਵਾਲੇ ਇਸ ਸੁਝਾਅ ਤੇ ਪੂਰਾ ਨਾ ਉਤਰੇ ਤਾਂ ਹਿੰਦ ਹਕੂਮਤ ਨੂੰ ਰੀਫੇਲ ਜ਼ਹਾਜਾਂ ਦੇ ਕੀਤੇ ਗਏ ਸੌਦੇ ਨੂੰ ਰੱਦ ਕਰਨ ਲਈ ਲਿਖਤੀ ਰੂਪ ਵਿਚ ਭੇਜਣਾ ਬਣਦਾ ਹੈ । ਜਦੋ ਮੋਦੀ ਹਕੂਮਤ ਇਮਾਨਦਾਰੀ ਨਾਲ ਸਿੱਖ ਕੌਮ ਦੀ ਦਸਤਾਰ ਦੇ ਮਸਲੇ ਸੰਬੰਧੀ ਅਜਿਹਾ ਕਦਮ ਉਠਾਏਗੀ ਤਾਂ ਅਜਿਹੀ ਕੋਈ ਗੱਲ ਨਹੀਂ ਕਿ ਫ਼ਰਾਂਸ ਹਕੂਮਤ ਸਿੱਖ ਕੌਮ ਦੇ ਦਸਤਾਰ ਦੇ ਮਸਲੇ ਦਾ ਹੱਲ ਨਾ ਕਰੇ । ਬਸਰਤੇ ਹਿੰਦ ਹਕੂਮਤ ਸਿੱਖ ਕੌਮ ਦੇ ਉਪਰੋਕਤ ਮੁੱਦੇ ਤੇ ਸੰਜ਼ੀਦਾ ਹੋਵੇਗਾ । ਸ. ਮਾਨ ਨੇ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਨੌਹ-ਮਾਸ ਅਤੇ ਪਤੀ-ਪਤਨੀ ਦਾ ਬੀਜੇਪੀ ਨਾਲ ਰਿਸਤਾ ਰੱਖਣ ਵਾਲੇ ਬਾਦਲ ਦਲੀਏ ਅਜਿਹੇ ਸਿੱਖ ਕੌਮ ਨਾਲ ਸੰਬੰਧਤ ਗੰਭੀਰ ਮਸਲਿਆ ਉਤੇ ਚੁੱਪ ਧਾਰਕੇ ਅਸਲ ਵਿਚ ਫਿਰਕੂਆ ਦੀ ਹੀ ਸਿੱਖ ਕੌਮ ਪ੍ਰਤੀ ਮੰਦਭਾਵਨਾ ਨੂੰ ਪੂਰਨ ਕਰਨ ਵਿਚ ਲੱਗੇ ਹੋਏ ਹਨ । ਜਿਸ ਤੋ ਸਿੱਖ ਕੌਮ ਨੂੰ ਸੁਚੇਤ ਰਹਿੰਦੇ ਹੋਏ ਆਉਣ ਵਾਲੇ ਸਮੇਂ ਵਿਚ ਜਦੋ ਵੀ ਅਸੈਬਲੀ ਜਾਂ ਐਸ.ਜੀ.ਪੀ.ਸੀ. ਦੀਆਂ ਚੋਣਾਂ ਹੋਣ ਤਾਂ ਪੰਜਾਬੀਆਂ ਅਤੇ ਸਿੱਖਾਂ ਨੂੰ ਆਪਣੀ ਵੋਟ ਸ਼ਕਤੀ ਰਾਹੀ ਅਜਿਹੀਆ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਸ਼ਕਤੀਆ ਦਾ ਅੰਤ ਕਰਨ ਵਿਚ ਆਪਣੀ ਇਖ਼ਲਾਕੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ।