ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਬੀਤੇ ਦਿਨ ਮਾਤ ਭਾਸ਼ਾ ਵਿਕਾਸ ਫ਼ੰਡ ਦੀ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਗਿਆ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਕਿ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਹਿਤ ਸਮੁੱਚੇ ਪੰਜਾਬੀਆਂ ’ਤੇ ਭਰੋਸਾ ਕਰਦਿਆਂ ਮਾਤ ਭਾਸ਼ਾ ਵਿਕਾਸ ਲਈ ਸਮੂਹ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਦਸਿਆ ਕਿ ਵਿਕਾਸ ਫੰਡ ਸਬੰਧੀ ਚੋਣਵੇਂ ਅਤੇ ਪ੍ਰਮੁੱਖ ਚਿੰਤਕਾਂ ਦੀਆਂ ਮਾਤ ਭਾਸ਼ਾ ਸਬੰਧੀ ਟਿਪਣੀਆਂ ਨਵੇਂ ਲੇਖਕਾਂ ਦੀਆਂ ਰਚਨਾਵਾਂ/ਕਵਿਤਾਵਾਂ ਆਦਿ ਦਾ ਇਕ ਕਿਤਾਬਚਾ (ਬੁਕਲਿਟ) ਪੰਜ-ਪੰਜ ਹਜ਼ਾਰ ਦੀਆਂ ਕਿਸ਼ਤਾਂ ਵਿਚ ਇੱਕ ਲਖ ਦੀ ਗਿਣਤੀ ਵਿਚ ਛਾਪਿਆ ਜਾਵੇਗਾ। ਉਨ੍ਹਾਂ ਦਸਿਆ ਇਹ ਕਿਤਾਬਚਾ ਖੂਬਸੂਰਤ ਸੰਭਾਲਣਯੋਗ ਅਤੇ ਤੋਹਫ਼ੇ ਵਜੋਂ ਕਿਸੇ ਨੂੰ ਭੇਟ ਕਰਨਯੋਗ ਹੋਵੇਗਾ। ਸਮੁੱਚੇ ਪ੍ਰਬੰਧਕੀ ਬੋਰਡ ਦੀ ਰਾਏ ਸੀ ਕਿ ਪੰਜਾਬੀ ਸਾਹਿਤ ਅਕਾਡਮੀ ਦੇ ਵਿੱਤੀ ਸਾਧਨਾ ਨੂੰ ਮਜਬੂਤ ਕਰਨ ਲਈ ਸਾਨੂੰ ਸਰਕਾਰਾਂ ਜਾਂ ਧਨਾਢ ਲੋਕਾਂ ’ਤੇ ਵਧੇਰੇ ਟੇਕ ਰੱਖਣ ਦੀ ਬਜਾਏ ਆਮ ਲੋਕਾਂ ਵੱਲੋਂ ਭੇਟ ਕੀਤੇ ਤਿਲ ਫੁੱਲ ਵਾਲਾ ਸਹਿਯੋਗ ਅਕਾਡਮੀ ਲਈ ਵਧੇਰੇ ਸਹਾਇਕ ਹੋਵੇਗਾ।
ਵਰਨਣਯੋਗ ਹੈ ਕਿ ਮੀਟਿੰਗ ਦੇ ਦੌਰਾਨ ਹੀ ਪ੍ਰਬੰਧਕੀ ਬੋਰਡ ਦੇ ਮੈਂਬਰ ਸ. ਸਹਿਜਪ੍ਰੀਤ ਸਿੰਘ ਮਾਂਗਟ ਦੀ ਪ੍ਰੇਰਨਾ ਰਾਹੀਂ ਸ. ਗੁਰਿੰਦਰ ਸਿੰਘ, ਚੰਡੀਗੜ੍ਹ ਦਾ ਅਕਾਡਮੀ ਦਾ ਸਰਪ੍ਰਸਤ ਬਣਨ ਲਈ ਇੱਕ ਲੱਖ ਰੁਪਏ ਦਾ ਚੈ¤ਕ ਪ੍ਰਾਪਤ ਹੋਇਆ। ਇਸ ਮੌਕੇ ਸ. ਸਹਿਜਪ੍ਰੀਤ ਸਿੰਘ ਮਾਂਗਟ ਨੇ ਕਿਹਾ ਕਿ ਇਸ ਤਰ੍ਹਾਂ ਦੇ ਯਤਨ ਅੱਗੋਂ ਲਈ ਵੀ ਜਾਰੀ ਰਹਿਣਗੇ।
ਇਕੱਤ੍ਰਤਾ ਵਿਚ ਪ੍ਰਿੰ. ਪ੍ਰੇਮ ਸਿੰਘ ਬਜਾਜ, ਡਾ. ਗੁਰਚਰਨ ਕੌਰ ਕੋਚਰ, ਸੁਰਿੰਦਰ ਕੈਲੇ, ਖੁਸ਼ਵੰਤ ਬਰਗਾੜੀ, ਡਾ. ਸੁਦਰਸ਼ਨ ਗਾਸੋ, ਤ੍ਰੈਲੋਚਨ ਲੋਚੀ, ਡਾ. ਗੁਲਜ਼ਾਰ ਸਿੰਘ ਪੰਧੇਰ, ਸ. ਮਨਜਿੰਦਰ ਸਿੰਘ ਧਨੋਆ, ਸ. ਭੁਪਿੰਦਰ ਸਿੰਘ ਸੰਧੂ, ਡਾ. ਸਰੂਪ ਸਿੰਘ ਅਲੱਗ, ਡਾ. ਭਗਵੰਤ ਸਿੰਘ, ਡਾ. ਸ਼ਰਨਜੀਤ ਕੌਰ, ਡਾ. ਦੇਵਿੰਦਰ ਦਿਲਰੂਪ, ਸਹਿਜਪ੍ਰੀਤ ਸਿੰਘ ਮਾਂਗਟ, ਅਜੀਤ ਪਿਆਸਾ, ਸਿਰੀ ਰਾਮ ਅਰਸ਼, ਡਾ. ਹਰਵਿੰਦਰ ਸਿੰਘ ਸਿਰਸਾ, ਸ੍ਰੀ ਭਗਵੰਤ ਰਸੂਲਪੁਰੀ, ਸ. ਗੁਲਜ਼ਾਰ ਸਿੰਘ ਸ਼ੌਂਕੀ, ਡਾ. ਹਰਪ੍ਰੀਤ ਸਿੰਘ ਹੁੰਦਲ, ਸ੍ਰੀ ਸੁਖਦਰਸ਼ਨ ਗਰਗ ਸ਼ਾਮਲ ਹੋਏ।